
ਸਵਿੱਗੀ, ਜ਼ੋਮੈਟੋ ਤੇ ਮੈਜਿਕਪਿਨ ਨੇ ਵਧਾਈ ਪਲੇਟਫਾਰਮ ਫੀਸ
ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਜ਼ੋਮੈਟੋ, ਸਵਿੱਗੀ ਅਤੇ ਮੈਜਿਕਪਿਨ ਵਲੋਂ ਪਲੇਟਫਾਰਮ ਫੀਸ ’ਚ ਕੀਤੇ ਗਏ ਵਾਧੇ ਨਾਲ ਦੇਸ਼ ਭਰ ਦੇ ਲੱਖਾਂ ਉਪਭੋਗਤਾਵਾਂ ਲਈ ਭੋਜਨ ਦਾ ਆਰਡਰ ਦੇਣਾ ਮਹਿੰਗਾ ਹੋ ਜਾਵੇਗਾ। ਸਵਿੱਗੀ ਨੇ ਚੋਣਵੇਂ ਬਾਜ਼ਾਰਾਂ ਵਿਚ ਜੀ.ਐਸ.ਟੀ. ਸਮੇਤ ਅਪਣੀ ਪਲੇਟਫਾਰਮ ਫੀਸ ਵਧਾ ਕੇ 15 ਰੁਪਏ ਕਰ ਦਿੱਤੀ ਹੈ। ਮੁਕਾਬਲੇਬਾਜ਼ ਜ਼ੋਮੈਟੋ ਨੇ ਅਪਣੀ ਪਲੇਟਫਾਰਮ ਫੀਸ ਵਧਾ ਕੇ 12.50 ਰੁਪਏ (ਜੀ.ਐਸ.ਟੀ. ਨੂੰ ਛੱਡ ਕੇ) ਕਰ ਦਿੱਤੀ ਹੈ, ਜਦਕਿ ਤੀਜੀ ਸੱਭ ਤੋਂ ਵੱਡੀ ਫੂਡ ਡਿਲੀਵਰੀ ਕੰਪਨੀ ਮੈਜਿਕਪਿਨ ਨੇ ਵੀ ਉਦਯੋਗ ਦੇ ਵਿਆਪਕ ਰੁਝਾਨਾਂ ਦੇ ਅਨੁਸਾਰ ਅਪਣੀ ਪਲੇਟਫਾਰਮ ਫੀਸ ਨੂੰ ਸੋਧ ਕੇ 10 ਰੁਪਏ ਪ੍ਰਤੀ ਆਰਡਰ ਕਰ ਦਿਤਾ ਹੈ, ਜਿਸ ਨਾਲ ਘਰ ਭੋਜਨ ਮੰਗਵਾਉਣਾ ਮਹਿੰਗਾ ਹੋ ਗਿਆ ਹੈ।
ਅਨੁਮਾਨਾਂ ਤੋਂ ਪਤਾ ਲਗਦਾ ਹੈ ਕਿ 22 ਸਤੰਬਰ ਤੋਂ ਡਿਲੀਵਰੀ ਚਾਰਜ ਉਤੇ ਲਗਾਏ ਜਾਣ ਵਾਲੇ 18 ਫ਼ੀ ਸਦੀ ਜੀ.ਐਸ.ਟੀ. ਦੇ ਕਾਰਨ ਵਾਧੂ ਬੋਝ ਜ਼ੋਮੈਟੋ ਉਪਭੋਗਤਾਵਾਂ ਲਈ ਪ੍ਰਤੀ ਆਰਡਰ ਲਗਭਗ 2 ਰੁਪਏ ਅਤੇ ਸਵਿੱਗੀ ਗਾਹਕਾਂ ਲਈ 2.6 ਰੁਪਏ ਵਧਣ ਦੀ ਉਮੀਦ ਹੈ। ਮੈਜਿਕਪਿਨ ਦੇ ਇਕ ਬੁਲਾਰੇ ਨੇ ਦਸਿਆ ਕਿ ਉਹ ਪਹਿਲਾਂ ਹੀ ਅਪਣੀ ਫੂਡ ਡਿਲੀਵਰੀ ਲਾਗਤ ਉਤੇ 18 ਫੀ ਸਦੀ ਜੀਐਸਟੀ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਜੀ.ਐਸ.ਟੀ. ’ਚ ਹਾਲੀਆ ਬਦਲਾਅ ਨਾਲ ਸਾਡੇ ਲਾਗਤ ਢਾਂਚੇ ਉਤੇ ਕੋਈ ਅਸਰ ਨਹੀਂ ਪਵੇਗਾ। ਇਸ ਤਰ੍ਹਾਂ ਖਪਤਕਾਰਾਂ ਲਈ ਜੀ.ਐਸ.ਟੀ. ਵਾਧੇ ਦਾ ਕੋਈ ਅਸਰ ਨਹੀਂ ਪਵੇਗਾ। ਸਾਡੀ ਪਲੇਟਫਾਰਮ ਫੀਸ 10 ਰੁਪਏ ਪ੍ਰਤੀ ਆਰਡਰ ਰਹੇਗੀ, ਜੋ ਕਿ ਵੱਡੀਆਂ ਫੂਡ ਡਿਲੀਵਰੀ ਕੰਪਨੀਆਂ ਵਿਚ ਸੱਭ ਤੋਂ ਘੱਟ ਹੈ।’’ ਪਲੇਟਫਾਰਮ ਫੀਸ ਹਾਲ ਹੀ ਦੇ ਸਮੇਂ ਵਿਚ ਭੋਜਨ ਘਰਾਂ ’ਚ ਦੇਣ ਵਾਲੀਆਂ ਕੰਪਨੀਆਂ ਲਈ ਆਮਦਨੀ ਦੇ ਇਕ ਵਾਧੂ ਸਰੋਤ ਵਜੋਂ ਉੱਭਰੀ ਹੈ।