
ਪੰਜਾਬ ਵਿੱਚ 900 ਕਿਲੋਮੀਟਰ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਲੋੜ
ਨਵੀਂ ਦਿੱਲੀ/ਚੰਡੀਗੜ੍ਹ: ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਤੋਂ ਨਿਜ਼ਾਤ ਪਾਉਣ ਲਈ ਸਾਨੂੰ ਕੁਦਰਤ ਦੇ ਨੇੜੇ ਜਾਣਾ ਪੈਣਾ ਤੇ ਦਰਿਆਵਾਂ ਲਈ ਹੜ੍ਹ ਖੇਤਰ ਛੱਡਣਾ ਪੈਣਾ ਹੈ। ਪਿਛਲੇ 29 ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਮੋਹਰੇ ਹੋ ਕੇ ਪੀੜਤ ਲੋਕਾਂ ਦੀ ਬਾਂਹ ਫੜਨ ਵਾਲੇ ਸੰਤ ਸੀਚੇਵਾਲ ਨੇ ਕਿਹਾ ਕਿ ਸਾਨੂੰ ਆਲਮੀ ਪੱਧਰ ‘ਤੇ ਜਲਵਾਯੂ ਵਿੱਚ ਆ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਆਪਣੀਆਂ ਫਸਲਾਂ ਤੈਅ ਕਰਨੀਆਂ ਪੈਣਗੀਆਂ। ਜਲਵਾਯੂ ਤਬਦੀਲੀ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਸਦੇ ਹਾਣ ਦਾ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਦਾ ਮਾਡਲ ਜੋ ਪੇਸ਼ ਕੀਤਾ ਜਾ ਰਿਹਾ ਹੈ ਉਸ ਨੇ ਤਬਾਹੀ ਮਚਾਈ ਹੋਈ ਹੈ। ਇਸ ਵਿਕਾਸ ਦੇ ਮਾਡਲ ਨੇ ਜੰਗਲਾਂ ਅਤੇ ਪਹਾੜਾਂ ਦਾ ਉਜਾੜਾ ਕੀਤਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆਵਾਂ ਕਿਨਾਰੇ ਸਭਿੱਅਤਾਵਾਂ ਵੱਸਣ ਦਾ ਇਹੀ ਵੱਡਾ ਕਾਰਨ ਸੀ ਕਿ ਦਰਿਆ ਆਪਣੇ ਨਾਲ ਵੱਡੀ ਪੱਧਰ ‘ਤੇ ਉਪਜਾਊ ਮਿੱਟੀ ਲਿਆਂਦੇ ਹਨ। ਇਹੀ ਮਿੱਟੀ ਫਸਲਾਂ ਲਈ ਲਾਹੇਵੰਦ ਹੁੰਦੀ ਸੀ ਪਰ ਜਦੋਂ ਤੋਂ ਮਨੁੱਖ ਨੇ ਕੁਦਰਤ ਨਾਲ ਛੇੜ-ਛਾੜ ਕਰਨੀ ਸ਼ੁਰੂ ਕੀਤੀ ਹੋਈ ਉਦੋਂ ਤੋਂ ਹੀ ਮੁਸੀਬਤਾਂ ਵਿੱਚ ਘਿਰਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਤਲੁਜ, ਬਿਆਸ, ਰਾਵੀ ਤੇ ਘੱਗਰ ਦੁਆਲੇ ਕੁਲ 900 ਕਿਲੋਮੀਟਰ ਲੰਮੇ ਧੁੱਸੀ ਬੰਨ੍ਹ ਹਨ। ਇੰਨ੍ਹਾਂ ਵਿੱਚੋਂ 226 ਕਿਲੋਮੀਟਰ ਸਤਲੁਜ, ਰਾਵੀ ਦਾ 164 ਕਿਲੋਮੀਟਰ, ਬਿਆਸ 104 ਕਿਲੋਮੀਟਰ ਅਤੇ ਘੱਗਰ ਲਗਭਗ 100 ਕਿਲੋਮੀਟਰ ਤੱਕ ਧੁੱਸੀ ਬੰਨ੍ਹ ਹਨ। ਇਸ ਤੋਂ ਇਲਾਵਾ ਛੋਟੀਆਂ ਨਦੀਆਂ ਅਤੇ ਚੋਆਂ ਦੇ ਦੁਆਲੇ ਵੀ 300 ਕਿਲੋਮੀਟਰ ਲੰਮੇ ਕੱਚੇ ਬੰਨ੍ਹ ਹਨ। ਦਰਿਆਵਾਂ ਦੇ ਇਹ ਬੰਨ੍ਹ 1950-60 ਦੇ ਦਹਾਕੇ ਦੌਰਾਨ ਬੱਝੇ ਸਨ ਤੇ ਇਸ ਵਾਰ ਪੰਜਾਬ ਵਿੱਚ ਆਏ ਪਾਣੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਇੰਨ੍ਹਾਂ ‘ਤੇ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਬੰਨ੍ਹਾਂ ‘ਤੇ ਰੁੱਖ ਲਾਏ ਜਾਣ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਚਣ ਲਈ ਕੁਦਰਤ ਦੇ ਨੇੜੇ ਜਾਣ ਦਾ ਸਭ ਤੋਂ ਸੌਖਾ ਤਾਰੀਕਾ ਇਹ ਹੈ ਕਿ ਆਪਣੇ ਖੇਤਾਂ ਵਿੱਚ ਜਾਂ ਮੋਟਰ ‘ਤੇ ਘੱਟੋਂ ਘੱਟ ਪੰਜ ਰੁੱਖ ਲਾਏ ਜਾਣ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 14 ਲੱਖ ਟਿਊਬੈਲ ਹਨ ਤੇ ਜੇ ਹਰ ਮੋਟਰ ‘ਤੇ ਪੰਜ ਰੁੱਖ ਵੀ ਲੱਗ ਜਾਣ ਤਾਂ 70 ਲੱਖ ਰੁੱਖਾਂ ਦਾ ਵਾਧਾ ਹੋ ਸਕਦਾ ਹੈ, ਜਿਹੜੇ ਹੜ੍ਹਾਂ ਨੂੰ ਘਟਾਉਣ ਵਿੱਚ ਸਹਾਈ ਹੋਣਗੇ ਤੇ ਸਮੇਂ ਅਨੁਸਾਰ ਮੀਂਹ ਪੁਆਉਣ ਵਿੱਚ ਵੀ ਮੱਦਦਗਾਰ ਹੋਣਗੇ।