
ਅਟਲ ਟਨਲ : ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਡਰਾਈਵਰ
ਉਦਘਾਟਨ ਦੇ 24 ਘੰਟਿਆਂ ਦੇ ਅੰਦਰ ਵਾਪਰੇ 3 ਹਾਦਸੇ
ਰੋਹਤਾਂਗ, 7 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ 9.02 ਕਿਲੋਮੀਟਰ ਲੰਮੀ ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦੇ ਉਦਘਾਟਨ ਤੋਂ ਬਾਅਦ ਸੈਲਾਨੀ ਆਉਣੇ ਸ਼ੁਰੂ ਹੋ ਗਏ, ਪਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਅਕਤੂਬਰ ਨੂੰ ਰੋਹਤਾਂਗ ਦਰਵਾਜ਼ੇ ਦੇ ਅਧੀਨ ਸੁਰੰਗ ਦਾ ਉਦਘਾਟਨ ਕੀਤਾ ਸੀ, ਪਰ ਅਗਲੇ ਹੀ ਦਿਨ, ਇਕ ਦੂਜੇ ਨੂੰ ਪਛਾੜਣ, ਲਾਪਰਵਾਹੀ ਨਾਲ ਵਾਹਨ ਚਲਾਉਣ ਅਤੇ ਸੈਲਫੀ ਲੈਣ ਦੀ ਦੌੜ ਵਿਚ ਤਿੰਨ ਹਾਦਸੇ ਹੋ ਗਏ।
ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਉ) ਨੇ ਇਕ ਦਹਾਕੇ ਦੀ ਸਖ਼ਤ ਮਿਹਨਤ ਤੋਂ ਬਾਅਦ 10 ਹਜ਼ਾਰ ਫੁੱਟ ਦੀ ਉਚਾਈ 'ਤੇ ਇਸ ਸੁਰੰਗ ਦਾ ਨਿਰਮਾਣ ਕੀਤਾ ਹੈ। ਬੀਆਰਉ ਨੇ ਸੋਮਵਾਰ ਨੂੰ ਸਥਾਨਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਹ ਸੁਰੰਗ ਵਿਚ ਵਾਹਨ ਚਾਲਕਾਂ ਦੀ ਨਿਗਰਾਨੀ ਲਈ ਪੁਲਿਸ ਨੂੰ ਤਾਇਨਾਤ ਨਹੀਂ ਕੀਤਾ ਹਾਲਾਂਕਿ, ਬੀਆਰਉ ਵਲੋਂ ਉਠਾਏ ਇਤਰਾਜ਼ਾਂ ਤੋਂ ਬਾਅਦ ਰਾਜ ਸਰਕਾਰ ਨੇ ਪੁਲਿਸ ਨੂੰ ਤਾਇਨਾਤ ਕਰ ਦਿਤਾ ਹੈ।(ਏਜੰਸੀ)