
ਸੋਮ ਪ੍ਰਕਾਸ਼ ਦੀ ਪ੍ਰੈੱਸ ਕਾਨਫ਼ਰੰਸ ਦਾ ਕਿਸਾਨਾਂ ਨੇ ਕੀਤਾ ਵਿਰੋਧ
ਹੁਸ਼ਿਆਰਪੁਰ, 7 ਅਕਤੂਬਰ (ਪਪ): ਹੁਸ਼ਿਆਰਪੁਰ 'ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨਾਂ ਵਲੋਂ ਹੰਗਾਮਾ ਕਰ ਦਿਤਾ ਗਿਆ।
ਸੋਮ ਪ੍ਰਕਾਸ਼ ਦੀ ਪ੍ਰੈੱਸ ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ ਹੀ 31 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੰਬਰ ਹੋਟਲ ਦੇ ਬਾਹਰ ਆ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ 'ਚ ਬੈਠੀ ਭਾਜਪਾ ਦੀ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਜਿੰਨੀ ਦੇਰ ਉਹ ਬਿਲ ਵਾਪਸ ਨਹੀਂ ਕਰਦੇ ਉਨੀ ਦੇਰ ਪੰਜਾਬ 'ਚ ਭਾਜਪਾ ਦੇ ਕਿਸੇ ਵੀ ਆਗੂ ਨੂੰ ਪ੍ਰੈੱਸ ਕਾਨਫ਼ਰੰਸ ਜਾਂ ਸਿਆਸੀ ਪ੍ਰੋਗਰਾਮ ਨਹੀਂ ਕਰਨ ਦਿਤੇ ਜਾਣਗੇ।
ਇਸੇ ਤਰ੍ਹਾਂ ਹੀ ਭਾਜਪਾ ਦੇ ਸੰਸਥਾਨਾਂ ਅਤੇ ਨੁਮਾਇੰਦਿਆਂ ਦਾ ਵੀ ਵਿਰੋਧ ਕੀਤਾ ਜਾਵੇਗਾ। ਕ੍ਰਿਸ਼ਚਨ ਫ਼ਰੰਟ ਦੇ ਪ੍ਰਧਾਨ ਚੌਧਰੀ ਨੇ ਕਿਹਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਕਿਸਾਨ ਮਜ਼ਦੂਰ ਵਿਰੋਧੀ ਅਤੇ ਮਜ਼ਲੂਮਾਂ ਦੇ ਵਿਰੋਧੀ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਯੂ. ਪੀ. 'ਚ ਹੋਈ ਗੈਂਗਰੇਪ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸਮੂਹਕ ਬਲਾਤਕਾਰ ਪੀੜਤਾ ਦੇ ਪ੍ਰਵਾਰ ਨੂੰ ਹਾਲੇ ਤਕ ਵੀ ਇਨਸਾਫ਼ ਨਹੀਂ ਮਿਲ ਸਕਿਆ ਹੈ।