
ਸੁਸ਼ਾਂਤ ਸਿੰਘ ਡਰੱਗ ਕੇਸ : ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ, ਭਰਾ ਸ਼ੌਵਿਕ ਦੀ ਪਟੀਸ਼ਨ ਰੱਦ
ਮੁੰਬਈ, 7 ਅਕਤੂਬਰ : ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਕੇਸ 'ਚ ਜ਼ਮਾਨਤ ਮਿਲ ਗਈ ਹੈ। ਹਾਲਾਂਕਿ, ਉਸ ਦੇ ਭਰਾ ਸ਼ੌਵਿਕ ਨੂੰ ਅਜੇ ਵੀ ਜੇਲ ਵਿਚ ਰਹਿਣਾ ਪਵੇਗਾ। ਸੁਸ਼ਾਂਤ ਸਿੰਘ ਡਰੱਗ ਕੇਸ 'ਚ, ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਰੀਆ ਚੱਕਰਵਰਤੀ, ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਨੂੰ ਜ਼ਮਾਨਤ ਦੇ ਦਿਤੀ, ਪਰ ਸ਼ੌਵਿਕ ਚੱਕਰਵਰਤੀ ਅਤੇ ਅਬਦੁੱਲ ਬਾਸਿਤ ਪਰਵਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿਤੀ। ਇਨ੍ਹਾਂ ਸਾਰਿਆਂ ਨੂੰ ਐਨਸੀਬੀ ਨੇ ਸੁਸ਼ਾਂਤ ਨਾਲ ਜੁੜੇ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਅਦਾਲਤ ਨੇ 29 ਸਤੰਬਰ ਨੂੰ ਕੇਸ ਦੀ ਸੁਣਵਾਈ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਰੀਆ ਚੱਕਰਵਰਤੀ 8 ਸਤੰਬਰ ਤੋਂ ਮੁੰਬਈ ਦੀ ਬਾਈਕੁਲਾ ਜੇਲ 'ਚ ਨਿਆਂਇਕ ਹਿਰਾਸਤ 'ਚ ਹੈ।ਅਦਾਲਤ ਨੇ ਰੀਆ ਚੱਕਰਵਰਤੀ ਨੂੰ 1 ਲੱਖ ਰੁਪਏ ਦੇ ਨਿਜੀ ਮੁਚਲਕੇ 'ਤੇ ਜ਼ਮਾਨਤ ਦੇ ਦਿਤੀ ਹੈ। (ਪੀimage.ਟੀ.ਆਈ)