
ਇਸ ਮਹੀਨੇ ਕਰੀਬ ਦਸ ਹਜ਼ਾਰ ਸਫ਼ਾਈ ਸੇਵਕ ਰੈਗੂਲਰ ਕੀਤੇ ਜਾਣਗੇ : ਡਾ. ਵੇਰਕਾ
ਜਲੰਧਰ, 7 ਅਕਤੂਬਰ (ਨਿਰਮਲ ਸਿੰਘ, ਵਰਿੰਦਰ ਸ਼ਰਮਾ): ਪੰਜਾਬ ਦੇ ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਰਾਜ ਕੁਮਾਰ ਵੇਰਕਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਜਲਦੀ ਹੀ ਸੂਬੇ 'ਚ ਲਗਭਗ 10,000 ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇਗਾ ਜਿਸ ਸਬੰਧੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ | ਕੈਬਨਿਟ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਡਾ.ਰਾਜ ਕੁਮਾਰ ਵੇਰਕਾ, ਜੋ ਬੁੱਧਵਾਰ ਸ਼ਾਮ ਨੂੰ ਇੱਥੇ ਸਰਕਟ ਹਾਊਸ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਾਨੂੰਨ ਦਾ ਰਾਜ ਨਹੀਂ ਹੈ, ਉਥੇ ਲੋਕਤੰਤਰੀ ਵਿਵਸਥਾ ਤਾਨਾਸ਼ਾਹੀ 'ਚ ਬਦਲ ਗਈ ਹੈ ਕਿਉਂਕਿ ਭਾਜਪਾ ਲੋਕਤੰਤਰ 'ਚ ਵਿਸ਼ਵਾਸ ਹੀ ਨਹੀਂ ਰਖਦੀ | ਲਖੀਮਪੁਰ ਖੇੜੀ ਵਿਖੇ ਕਿਸਾਨਾਂ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਹਮਲਾ ਯੂ.ਪੀ. ਦੀ ਤਾਲਿਬਾਨੀ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ | ਯੂ.ਪੀ. ਸਰਕਾਰ ਵਲੋਂ ਵਾਹਨਾਂ ਰਾਹੀਂ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰ ਦਿਤਾ ਗਿਆ ਹੈ |
ਪੰਜਾਬ ਸਰਕਾਰ ਵਲੋਂ ਮਿ੍ਤਕਾਂ ਦੇ ਪ੍ਰਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਮਿ੍ਤਕ ਕਿਸਾਨਾਂ ਦੇ ਪ੍ਰਵਾਰਾਂ ਨੂੰ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿਤੀ ਜਾ ਰਹੀ ਹੈ |