
ਆਪ ਨੇ ਜੰਮੂ- ਕਸ਼ਮੀਰ ਵਿੱਚ ਘੱਟ ਗਿਣਤੀਆਂ 'ਤੇ ਅੱਤਵਾਦੀ ਹਮਲਿਆਂ ਦੀ ਕੀਤੀ ਨਿੰਦਾ
ਚੰਡੀਗੜ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜੰਮੂ- ਕਸ਼ਮੀਰ ਵਿੱਚ ਘੱਟ ਗਿਣਤੀ ਵਰਗ ਦੇ ਦੋ ਸਕੂਲੀ ਅਧਿਆਪਕਾਂ ਦੇ ਕੀਤੇ ਨਿਰਦਈ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦੁਖਦਾਈ ਦੱਸਿਆ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੀ ਅਗਵਾਈ 'ਚ ਕਸ਼ਮੀਰ ਵਿੱਚ ਹਿੰਸਕ ਘਟਨਾਵਾਂ ਵਧ ਰਹੀਆਂ ਹਨ ਅਤੇ ਕੇਂਦਰ ਸਰਕਾਰ ਵਾਦੀ 'ਚ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਾਉਣ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ।
PM MODI
ਹਰਪਾਲ ਸਿੰਘ ਚੀਮਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੇ ਪੰਜ ਦਿਨਾਂ ਵਿੱਚ ਸੱਤ ਨਾਗਰਿਕਾਂ ਨੂੰ ਮਿੱਥ ਕੇ ਕਤਲ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਜੰਮੂ- ਕਸ਼ਮੀਰ ਵਿੱਚ ਘੱਟ ਗਿਣਤੀ ਲੋਕਾਂ ਦੀ ਰੱਖਿਆ ਕਰਨ ਵਿੱਚ ਪੂਰੀ ਤਰਾਂ ਨਾਲ ਫੇਲ ਹੋਈ ਹੈ। ਜਦੋਂ ਕਿ ਮੋਦੀ ਸਰਕਾਰ ਨੇ ਧਾਰਾ 370 ਰੱਦ ਕਰਕੇ ਅਤੇ ਨੋਟਬੰਦੀ ਲਾਗੂ ਕਰਕੇ ਜੰਮੂ- ਕਸ਼ਮੀਰ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਦਾਅਵਾ ਕੀਤਾ ਸੀ, ਪਰ ਸਰਕਾਰ ਅੱਤਵਾਦ 'ਤੇ ਕਾਬੂ ਪਾਉਣ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਨਾਗਰਿਕਾਂ ਦੇ ਕਤਲ 'ਤੇ ਮੌਨ ਧਾਰ ਲਿਆ ਹੈ।
Jammu And Kashmir
ਚੀਮਾ ਨੇ ਕਿਹਾ ਕਿ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ, ਕਿਉਂਕਿ ਕਸ਼ਮੀਰ ਵਾਦੀ ਵਿੱਚ ਅੱਤਵਾਦੀ ਘਟਨਾਵਾਂ ਦਾ ਵਾਪਰਨਾ ਇੱਕ ਗੰਭੀਰ ਮੁੱਦਾ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਅਤੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦੇ ਕੇ ਜੰਮੂ- ਕਸ਼ਮੀਰ, ਦੇਸ਼ ਅਤੇ ਦੇਸ਼ਵਾਦੀਆਂ ਦੀ ਰੱਖਿਆ ਲਾਜ਼ਮੀ ਕੀਤੀ ਜਾਵੇ, ਕਿਉਂਕਿ ਵਾਦੀ ਵਿੱਚ ਸੰਪਰਦਾਇਕ ਤਣਾਅ ਵਧਾਉਣ ਤੋਂ ਇਲਾਵਾ ਘੱਟ ਗਿਣਤੀ ਵਰਗਾਂ ਵਿੱਚ ਡਰ ਦੀ ਭਾਵਨਾ ਵੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
Harpal Cheema
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਕਸ਼ਮੀਰ ਵਿੱਚ ਅਮਨ- ਸ਼ਾਂਤੀ ਕਾਇਮ ਰੱਖਣ ਵਿੱਚ ਨਾਕਾਮ ਰਹੀ ਹੈ ਅਤੇ ਨਾਲ- ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਧਰਮ, ਜਾਤ ਅਤੇ ਖੇਤਰਵਾਦ ਦੇ ਨਾਂ 'ਤੇ ਨਫ਼ਰਤ ਦੇ ਬੀਜ ਬੀਜਣ ਦਾ ਕੋਈ ਮੌਕਾ ਨਹੀਂ ਛੱਡ ਰਹੀ। ਚੀਮਾ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਨਫ਼ਰਤ ਤੇ ਅੱਤਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ।