
ਲਖੀਮਪੁਰ ਲਈ ਰਵਾਨਾ ਹੋਏ ਨਵਜੋਤ ਸਿੱਧੂ ਦੇ ਕਾਫ਼ਲੇ ਦਾ ਧਰੇੜੀ ਜੱਟਾਂ ਟੋਲ ਪਲਾਜ਼ੇ 'ਤੇ ਕਿਸਾਨਾਂ ਵਲੋਂ ਭਾਰੀ ਵਿਰੋਧ
'ਤੇ ਕਿਸਾਨਾਂ ਵਲੋਂ ਭਾਰੀ ਵਿਰੋਧ
ਪਟਿਆਲਾ, 7 ਅਕਤੂਬਰ (ਦਲਜਿੰਦਰ ਸਿੰਘ/ਜਗਤਾਰ ਸਿੰਘ/ਰਾਜਿੰਦਰ ਸਿੰਘ ਥਿੰਦ) : ਪਟਿਆਲਾ ਵਿਖੇ ਆਪਣੀ ਰਿਹਾਇਸ਼ ਤੋਂ ਲਖੀਮਪੁਰ ਖੀਰੀ ਲਈ ਵਿਧਾਇਕਾਂ ਤੇ ਮੰਤਰੀਆਂ ਦਾ ਕਾਫਲਾ ਲੈ ਕੇ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਨੇੜੇ ਧਰੇੜੀ ਜੱਟਾਂ ਵਿਖੇ ਬਣੇ ਟੋਲ ਪਲਾਜ਼ੇ 'ਤੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ |
ਇਸ ਮੌਕੇ ਕਿਸਾਨਾਂ ਵਲੋਂ ਨਵਜੋਤ ਸਿੰਘ ਸਿੱਧੂ ਦੀ ਗੱਡੀ ਜਿਸ ਵਿਚ ਉਨ੍ਹਾਂ ਨਾਲ ਹਲਕਾ ਸਮਾਣਾ ਤੋਂ ਵਿਧਾਇਕ ਰਜਿੰਦਰ ਸਿੰਘ, ਕੈਬਨਿਟ ਪ੍ਰਗਟ ਸਿੰਘ ਵੀ ਮੌਜੂਦ ਸਨ ਨੂੰ ਅੱਗੇ ਹੋ ਕੇ ਘੇਰ ਲਿਆ ਅਤੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ | ਇਸ ਮੌਕੇ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਵਲੋਂ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕੀਤੀ ਗਈ ਕਿ ਉਹ ਕਿਸਾਨਾਂ ਨਾਲ ਖੜੇ ਹਨ ਪਰ ਕਿਸਾਨਾਂ ਨੇ ਉਨ੍ਹਾਂ ਦੀ ਇਕ ਨਾ ਸੁਣਦਿਆਂ ਗੱਡੀਆਂ ਦੇ ਕਾਫ਼ਲੇ 'ਤੇ ਕਿਸਾਨ ਹਿਤੈਸ਼ੀ ਲੱਗੇ ਸਟੀਕਰਾਂ ਨੂੰ ਪਾੜ ਦਿਤਾ ਗਿਆ | ਇਸ ਮੌਕੇ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਨਾਲ ਹੋਰ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਬੇਨਤੀਆਂ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੇ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਕਿਸਾਨਾਂ ਵਲੋਂ ਨਵਜੋਤ ਸਿੱਧੂ ਵਿਰੁਧ ਨਾਹਰੇਬਾਜ਼ੀ ਕਰਦਿਆਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਅਤੇ ਕਿਸਾਨ ਬੀਬੀਆਂ ਨੇ ਵੀ ਨਵਜੋਤ ਸਿੰਘ ਸਿੱਧੂ ਦੀ ਗੱਡੀ ਅੱਗੇ ਖੜ ਕੇ ਅਪਣੀ ਭੜਾਸ ਕਢਦਿਆਂ ਖਰੀਆਂ-ਖਰੀਆਂ ਸੁਣਾਈਆਂ |
ਇਸ ਮੌਕੇ ਮੌਜੂਦ ਕਿਸਾਨ ਬੀਬੀਆਂ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਸੇ ਟੋਲ ਪਲਾਜ਼ੇ 'ਤੇ ਧਰਨਾ ਦੇ ਰਹੇ ਹਨ ਅੱਜ ਤਕ ਨਵਜੋਤ ਸਿੰਘ ਸਿੱਧੂ ਉਨ੍ਹਾਂ ਦਾ ਹਾਲ ਪੁੱਛਣ ਤਕ ਨਹੀਂ ਪੁੱਜੇ ਪਰ ਹੁਣ ਲਖੀਮਪੁਰ ਜਾ ਰਹੇ ਹਨ ਜੋ ਕਿ ਸਿਰਫ਼ ਤੇ ਸਿਰਫ਼ ਸਿਆਸਤ ਨਾਲ ਪ੍ਰੇਰਤ ਹੈ | ਕਰੀਬ ਪੌਣਾ ਘੰਟਾ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਸੁਰੱਖਿਆ ਦੇ ਘੇਰੇ ਵਿਚ ਨਵਜੋਤ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋਏ |
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਨਾਲ ਖੜੇ ਹੋਣ ਦਾ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਪਰ ਭੜਕੇ ਕਿਸਾਨਾਂ ਨੇ ਇਕ ਨਾ ਸੁਣਦਿਆਂ ਉਨ੍ਹਾਂ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ |
ਫੋਟੋ ਨੰ 7ਪੀਏਟੀ. 12