
ਸਿੱਧੂ ਅਤੇ ਚੰਨੀ ਦੀ ਅਗਵਾਈ ਵਿਚ ਨਿਕਲਿਆ ਕਈ ਮੀਲ ਲੰਮਾ ਕਾਫ਼ਲਾ
ਪੁਲਿਸ ਬੈਰੀਕੇਡ ਤੋੜ ਕੇ ਕਾਂਗਰਸ ਆਗੂ ਯੂ.ਪੀ. ਵਿਚ ਹੋਏ ਦਾਖ਼ਲ
ਚੰਡੀਗੜ੍ਹ, 7 ਅਕਤੂਬਰ (ਗੁਰਉਪਦੇਸ਼ ਭੁੱਲਰ): ਨਵੇਂ ਪੰਜਾਬ ਮੰਤਰੀ ਮੰਡਲ ਦੇ ਗਠਨ ਬਾਅਦ ਕੁੱਝ ਫ਼ੈਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਤੋਂ ਅਸਤੀਫ਼ਾ ਹਾਈਕਮਾਨ ਨੂੰ ਸੌਂਪ ਚੁਕੇ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਵਧ ਰਹੀਆਂ ਦੂਰੀਆਂ ਅੱਜ ਖ਼ਤਮ ਹੁੰਦੀਆਂ ਦਿਖਾਈ ਦਿਤੀਆਂ |
ਪੰਜਾਬ ਕਾਂਗਰਸ ਦੀ ਕਈ ਮਹੀਨੇ ਚਲੀ ਆਪਸੀ ਖ਼ਾਨਾਜੰਗੀ ਬਾਅਦ ਅੱਜ ਪੰਜਾਬ ਕਾਂਗਰਸ ਲਖੀਮਪੁਰ ਵਲ ਕੂਚ ਕਰਨ ਸਮੇਂ ਪੂਰੀ ਤਰ੍ਹਾਂ ਇਕਜੁਟ ਦਿਖਾਈ ਦਿਤੀ | ਯੂ.ਪੀ. ਪੁਲਿਸ ਨੇ ਪਹਿਲਾਂ ਹੀ ਸਖ਼ਤ ਨਾਕਾਬੰਦੀ ਯੂ.ਪੀ. ਹਰਿਆਣਾ ਸਰਹੱਦ ਉਪਰ ਕੀਤੀ ਹੋਈ ਸੀ ਅਤੇ ਪੰਜਾਬ ਕਾਂਗਰਸ ਦੇ ਕਈ ਮੀਲ ਲੰਮੇ ਵਿਸ਼ਾਲ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਕਾਂਗਰਸੀ ਵਰਕਰਾਂ ਵਿਚ ਇੰਨਾ ਉਤਸ਼ਾਹ ਸੀ ਕਿ ਉਹ ਪੁਲਿਸ ਨਾਕੇ ਤੋੜਦੇ ਹੋਏ ਯੂ.ਪੀ. ਵਿਚ ਦਾਖ਼ਲ ਹੋਣ ਵਿਚ ਕਾਮਯਾਬ ਰਹੇ | ਇਸ ਤੋਂ ਬਾਅਦ ਪੁਲਿਸ ਨੇ ਸਾਰੇ ਪ੍ਰਮੁੱਖ ਆਗੂਆਂ, ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਲਿਆ ਜਿਥੇ ਇਨ੍ਹਾਂ ਨੇ ਥਾਣੇ ਅੰਦਰ ਹੀ ਧਰਨਾ ਸ਼ੁਰੂ ਕਰ ਦਿਤਾ | ਦੇਰ ਰਾਤ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਆਖ਼ਰ ਨਵਜੋਤ ਸਿੱਧੂ ਸਮੇਤ 25 ਆਗੂਆਂ ਜਿਨ੍ਹਾਂ ਵਿਚ ਮੰਤਰੀ ਅਤੇ ਵਿਧਾਇਕ ਸ਼ਾਮਲ ਹਨ ਲਖੀਮਪੁਰ ਜਾਣ ਦੀ ਆਗਿਆ ਮਿਲਣ ਬਾਅਦ ਧਰਨਾ ਸਮਾਪਤ ਕਰ ਦਿਤਾ |
ਪੁਲਿਸ ਬੈਰੀਕੇਡ 'ਤੇ ਚੜ੍ਹਨ ਸਮੇਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਸੱਟ ਵੀ ਲੱਗੀ ਤੇ ਹੱਥ ਵਿਚੋਂ ਖ਼ੂਨ ਵਹਿਣ ਲੱਗਾ | ਕੋਟਲੀ ਤੇ ਵੜਿੰਗ ਵੀ ਸਿੰਗਲਾ ਨਾਲ ਬੈਰੀਕੇਡ ਦੀਆਂ ਰੋਕਾਂ ਤੋੜਨ ਵਾਲਿਆਂ ਵਿਚ ਸਿੱਧੂ ਨਾਲ ਸੱਭ ਤੋਂ ਅੱਗੇ ਸਨ |
ਸਿੱਧੂ ਨੇ ਪੁਲਿਸ ਅਫ਼ਸਰਾਂ ਨਾਲ ਤਿੱਖੀ ਬਹਿਸ ਕਰਦਿਆਂ ਕਿਹਾ ਕਿ ਜਾਂ ਤਾਂ ਸਾਨੂੰ ਜਾਣ ਦਿਉ ਜਾਂ ਫਿਰ ਗਿ੍ਫ਼ਤਾਰ ਕਰੋ ਪਰ ਪੁਲਿਸ ਅਧਿਕਾਰੀ ਇਸ ਗੱਲ 'ਤੇ ਅੜੇ ਰਹੇ ਕਿ 5 ਤੋਂ ਵੱਧ ਵਿਅਕਤੀ ਨਹੀਂ ਜਾ ਸਕਦੇ | ਫ਼ਤਿਹਜੰਗ ਬਾਜਵਾ, ਸੁਰਜੀਤ ਧੀਮਾਨ, ਬਲਵਿੰਦਰ ਲਾਡੀ, ਸੁਖਪਾਲ ਭੁੱਲਰ ਆਦਿ ਵਿਧਾਇਕ ਵੀ ਹੋਰ ਆਗੂਆਂ ਨਾਲ ਪੁਲਿਸ ਹਿਰਾਸਤ ਵਿਚ ਲਏ ਗਏ | ਯੂ.ਪੀ. ਦੇ ਲਖੀਮਪੁਰ ਖੇੜੀ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵਲੋਂ ਪਿਛਲੇ ਦਿਨੀਂ 4 ਕਿਸਾਨਾਂ ਤੇ ਇਕ ਪੱਤਰਕਾਰ ਦੀਆਂ ਵਹਿਸ਼ੀਆਨਾ ਤਰੀਕੇ ਨਾਲ ਗੱਡੀ ਹੇਠ ਦਰੜ ਕੇ ਕੀਤੀਆਂ ਹਤਿਆਵਾਂ ਦੇ ਵਿਰੋਧ ਵਿਚ ਅੱਜ ਨਵਜੋਤ ਸਿੱਧੂ ਵਲੋਂ ਲਖੀਮਪੁਰ ਵਲ ਕੂਚ ਕਰਨ ਦਾ ਸੱਦਾ ਦਿਤਾ ਗਿਆ ਸੀ |
ਅੱਜ ਸਵੇਰੇ ਹੀ ਪੰਜਾਬ ਭਰ ਵਿਚੋਂ ਕੋਨੇ ਕੋਨੇ ਵਿਚੋਂ ਕਾਂਗਰਸੀ ਆਗੂ ਤੇ ਵਰਕਰ ਚੰਡੀਗੜ੍ਹ ਏਅਰਪੋਰਟ ਨੇੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਤੇ 2000 ਤੋਂ ਵੱਧ ਗੱਡੀਆਂ ਦੇ ਵੱਡੇ ਕਾਫ਼ਲੇ ਨੇ ਲਖੀਮਪੁਰ ਵਲ ਜ਼ੀਰਕਪੁਰ ਨੇੜਿਉਂ ਰੋਸ ਮਾਰਚ ਸ਼ੁਰੂ ਕੀਤਾ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਪਣੇ ਬੇਟੇ ਦੇ ਵਿਆਹ ਦਾ ਰੁਝੇਵਾ ਹੋਣ ਦੇ ਬਾਵਜੂਦ ਪ੍ਰੋਗਰਾਮ ਵਿਚਾਲੇ ਛੱਡ ਕੇ ਸਿੱਧੂ ਨਾਲ ਫ਼ੋਨ 'ਤੇ ਕੀਤੇ ਵਾਅਦੇ ਮੁਤਾਬਕ 12.30 ਵਜੇ ਜ਼ੀਰਕਪੁਰ ਪਹੁੰਚੇ | ਉਨ੍ਹਾਂ ਨੇ ਖ਼ੁਦ ਕਾਫ਼ਲੇ ਵਿਚ ਸ਼ਾਮਲ ਹੋ ਕੇ ਸਿੱਧੂ ਨਾਲ ਅਗਵਾਈ ਕਰਦਿਆਂ ਇਸ ਨੂੰ ਲਖੀਮਪੁਰ ਵਲ ਰਵਾਨਾ ਕੀਤਾ | ਇਸ ਮੌਕੇ ਕਾਫ਼ਲੇ ਦੀ ਅਗਵਾਈ ਕਰਨ ਵਾਲਿਆਂ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ, ਪਵਨ ਗੋਇਲ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਆਦਿ ਸ਼ਾਮਲ ਸਨ |
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿ੍ਪਤ ਰਾਜਿੰਦਰ ਬਾਜਵਾ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲੈਂਦਿਆਂ ਕਾਂਗਰਸੀ ਵਰਕਰਾਂ ਦੇ ਵੱਡੇ ਕਾਫ਼ਲੇ ਅੱਗੇ ਤੋਰੇ |