
ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਰੁਧ ਜ਼ਮਾਨਤੀ ਵਾਰੰਟ ਜਾਰੀ
ਮੁਹਾਲੀ, 7 ਅਕਤੂਬਰ : ਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ | ਗੁਰਮੀਤ ਸਿੰਘ ਸੋਢੀ 'ਤੇ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੀ ਬਾਰੀ ਐਮਜੀਐਮ ਅਦਾਲਤ ਨੇ ਲੋਕ ਸਭਾ ਚੋਣਾਂ ਲਈ ਟਿਕਟ ਦਿਵਾਉਣ ਦੇ ਨਾਂ 'ਤੇ ਇਕ ਔਰਤ ਤੋਂ 40 ਲੱਖ ਰੁਪਏ ਲੈਣ ਦਾ ਦੋਸ਼ ਲਗਾਇਆ ਹੈ | ਸੋਢੀ ਨੂੰ 21 ਅਕਤੂਬਰ ਤਕ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ |
ਜਾਣਕਾਰੀ ਅਨੁਸਾਰ ਜੁਲਾਈ 2019 ਵਿਚ, ਮਮਤਾ ਅਜਰ ਪਤਨੀ ਮੁਕੇਸ਼ ਅਜਰ, ਵਾਸੀ ਹਵੇਲੀ ਪੱਡਾ ਨੇ ਅਦਾਲਤ ਵਿਚ ਇਕ ਇਸਤਗਾਸਾ ਪੇਸ਼ ਕਰਦਿਆਂ ਦੋਸ਼ ਲਗਾਇਆ ਸੀ ਕਿ ਬਾਂਕੇਲਾਲ ਪੁੱਤਰ ਕਿਸਨਲਾਲ, ਵਾਸੀ ਬਰੋਲੀਪੁਰਾ, ਬਾਰੀ, ਫਿਰੋਜ਼ਪੁਰ, ਪੰਜਾਬ ਦੇ ਰਹਿਣ ਵਾਲੇ ਉਸ ਦੇ ਭਰਾ ਹਰੀਚਰਨ ਜਾਟਵ ਅਤੇ ਪੰਜਾਬ ਦੇ ਤਤਕਾਲੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਪੁੱਤਰ ਨਰਜੀਤ ਸਿੰਘ ਸੋਢੀ ਨੇ ਉਸ ਨੂੰ ਧੌਲਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦਿਵਾਉਣ ਦਾ ਦਾਅਵਾ ਕਰਦਿਆਂ ਬਦਲੇ ਵਿਚ 40 ਲੱਖ ਰੁਪਏ ਦੀ ਮੰਗ ਕੀਤੀ ਸੀ |
ਉਨ੍ਹਾਂ ਇਨ੍ਹਾਂ ਲੋਕਾਂ ਨੂੰ ਟਿਕਟ ਲਈ 40 ਲੱਖ ਰੁਪਏ ਦਿਤੇ ਪਰ ਉਸ ਤੋਂ ਬਾਅਦ ਨਾ ਤਾਂ ਟਿਕਟ ਮਿਲੀ ਅਤੇ ਨਾ ਹੀ ਇਨ੍ਹਾਂ ਲੋਕਾਂ ਨੇ ਪੈਸੇ ਵਾਪਸ ਕੀਤੇ | ਇਸ ਸਬੰਧੀ ਰਾਣਾ ਗੁਰਮੀਤ ਸੋਢੀ ਦੇ ਪੁੱਤਰ ਹੀਰਾ ਸੋਢੀ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ | ਹੁਣ ਜੇਕਰ ਕੋਈ ਉਨ੍ਹਾਂ ਦੇ ਪਿਤਾ ਦੇ ਨਾਮ 'ਤੇ ਪੈਸੇ ਦਾ ਗਬਨ ਕਰਦਾ ਹੈ ਤਾਂ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ? ਹੀਰਾ ਸੋਢੀ ਨੇ ਕਿਹਾ ਕਿ ਉਹ ਕਾਨੂੰਨ ਵਿਚ ਵਿਸ਼ਵਾਸ ਰੱਖਦੇ ਹਨ | ਲਗਾਏ ਗਏ ਦੋਸ਼ ਝੂਠੇ ਸਾਬਤ ਹੋਣਗੇ ਅਤੇ ਉਨ੍ਹਾਂ ਦੇ ਪਿਤਾ ਨੂੰ ਇਨਸਾਫ ਮਿਲੇਗਾ |
ਮਮਤਾ ਅਜ਼ਰ ਨੇ ਦਸਿਆ ਕਿ ਉਨ੍ਹਾਂ ਦੇ ਸਹੁਰਾ ਮਰਹੂਮ ਬਲਵੰਤ ਸਿੰਘ 1969 ਵਿੱਚ ਜਾਟਵ ਬਾੜੀ ਤੋਂ ਕਾਂਗਰਸੀ ਵਿਧਾਇਕ ਰਹੇ ਸਨ | ਪ੍ਰਵਾਰ ਦੇ ਬੰਕੇਲਾਲ ਜਾਟਵ ਪੁੱਤਰ ਕਿਸਨਲਾਲ ਦਾ ਭਰਾ ਹਰੀਚਰਨ ਪੰਜਾਬ ਦੇ ਫ਼ਿਰੋਜ਼ਪੁਰ ਦੇ ਸਾਬਕਾ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਦੇ ਨਾਲ ਫ਼ਿਰੋਜ਼ਪੁਰ ਵਿਚ ਰਹਿੰਦਾ ਹੈ ਅਤੇ ਪੱਥਰ ਅਤੇ ਸੰਗਮਰਮਰ ਲਗਾਉਣ ਦੀ ਠੇਕੇਦਾਰੀ ਕਰਦਾ ਹੈ | ਬਾਂਕੇਲਾਲ ਦਾ ਮਮਤਾ ਅਜਰ ਦੇ ਸਹੁਰੇ ਘਰ ਆਉਣਾ ਜਾਣਾ ਸੀ | ਜਦੋਂ 2019 ਵਿਚ ਲੋਕ ਸਭਾ ਚੋਣਾਂ ਆਉਣ ਵਾਲੀਆਂ ਸਨ ਤਾਂ ਮਾਰਚ ਮਹੀਨੇ ਵਿਚ ਉਨ੍ਹਾਂ ਦੇ ਘਰ ਚੋਣ ਨੂੰ ਲੈ ਕੇ ਚਰਚਾ ਚਲ ਰਹੀ ਸੀ |
ਮਮਤਾ ਨੇ ਦਸਿਆ ਕਿ ਬਾਂਕੇਲਾਲ ਨੇ ਉਸ ਨੂੰ ਧੌਲਪੁਰ-ਕਰੌਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਉਸ ਦੇ ਭਰਾ ਹਰੀਚਰਨ ਨਾਲ ਫੋਨ 'ਤੇ ਗੱਲ ਕਰਵਾਈ |
ਇਸ ਤੋਂ ਬਾਅਦ ਮੁਕੇਸ਼ ਅਜ਼ਰ ਅਪਣੀ ਪਤਨੀ ਮਮਤਾ ਨਾਲ ਬਾਂਕੇਲਾਲ ਨੂੰ ਲੈ ਕੇ ਪੰਜਾਬ ਦੇ ਫ਼ਿਰੋਜਪੁਰ ਚਲੇ ਗਏ, ਜਿਥੇ ਬਾਂਕੇਲਾਲ ਦੇ ਭਰਾ ਹਰੀਚਰਨ ਨੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਗੱਲ ਕੀਤੀ ਅਤੇ ਪਾਰਟੀ ਫ਼ੰਡ ਦੇ ਨਾਂ 'ਤੇ 40 ਲੱਖ ਰੁਪਏ ਦੇਣ ਦੀ ਗੱਲ ਕਹੀ ਪਰ ਟਿਕਟ ਦੇਣ ਦੇ ਨਾਂ 'ਤੇ ਸਾਡੇ ਧੋਖਾਧੜੀ ਹੋਈ |