
ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਈ.ਡੀ. ਨੇ ਪੰਜਾਬ ਸਮੇਤ 35 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਪੰਜਾਬ 'ਚ ਸਾਬਕਾ ਵਿਧਾਇਕ ਦੀਪ ਮਲਹੋਤਰਾ ਸਮੇਤ ਕਈ ਸ਼ਰਾਬ ਕਾਰੋਬਾਰੀਆਂ 'ਤੇ ਹੋਈ ਛਾਪੇਮਾਰੀ
ਨਵੀਂ ਦਿੱਲੀ, 7 ਅਕਤੂਬਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸ਼ੁਕਰਵਾਰ ਨੂੰ ਇਕ ਵਾਰ ਮੁੜ ਛਾਪੇਮਾਰੀ ਕੀਤੀ | ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ | ਦਿੱਲੀ ਸਰਕਾਰ ਇਸ ਨੀਤੀ ਨੂੰ ਵਾਪਸ ਲੈ ਚੁੱਕੀ ਹੈ |
ਸੂਤਰਾਂ ਨੇ ਦਸਿਆ ਕਿ ਈ.ਡੀ. ਦੇ ਅਧਿਕਾਰੀ ਦਿੱਲੀ, ਪੰਜਾਬ ਅਤੇ ਹੈਦਰਾਬਾਦ 'ਚ 35 ਥਾਵਾਂ 'ਤੇ ਛਾਪੇਮਾਰੀ ਕਰ ਰਹੇ ਹਨ | ਉਨ੍ਹਾਂ ਦਸਿਆ ਕਿ ਉਨ੍ਹਾਂ ਨਾਲ ਜੁੜੇ ਕੁੱਝ ਸ਼ਰਾਬ ਵਪਾਰੀਆਂ, ਕੰਪਨੀਆਂ ਅਤੇ ਉਨ੍ਹਾਂ ਨਾਲ ਜੁੜੀਆਂ ਸੰਸਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ |
ਈ.ਡੀ. ਇਸ ਮਾਮਲੇ 'ਚ ਹੁਣ ਤਕ 103 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ | ਇਸ ਮਾਮਲੇ 'ਚ ਪਿਛਲੇ ਮਹੀਨੇ ਸਰਾਬ ਕਾਰੋਬਾਰੀ ਅਤੇ ਸਰਾਬ ਕੰਪਨੀ 'ਇੰਡੋਸਪਿ੍ਟ' ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਹਿੰਦਰੂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਮਾਮਲੇ 'ਚ ਐਫ਼.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਈ.ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ |
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ 'ਚ ਕਥਿਤ ਬੇਨਿਯਮੀਆਂ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਸ਼ ਕੀਤੀ ਸੀ | ਉਨ੍ਹਾਂ ਇਸ ਮਾਮਲੇ 'ਚ 11 ਆਬਕਾਰੀ ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਸੀ | ਪੰਜਾਬ ਵਿਚ ਫ਼ਰੀਦਕੋਟ ਦੇ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਸਮੇਤ ਕਈ ਜ਼ਿਲਿ੍ਹਆਂ ਵਿਚ ਸ਼ਰਾਬ ਕਾਰੋਬਾਰੀਆਂ 'ਤੇ ਈ.ਡੀ. ਦੀ ਛਾਪੇਮਾਰੀ ਹੋਈ | (ਏਜੰਸੀ)