
ਤੰਗ ਗਲੀ 'ਚ ਹੋਣ ਕਾਰਨ ਨਹੀਂ ਪਹੁੰਚ ਸਕੀ ਫਾਇਰ ਬ੍ਰਿਗੇਡ
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਇਕ ਵਾਰ ਫਿਰ ਅੱਗ ਲੱਗਣ ਨਾਲ ਇਕ ਘਰ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਇਹ ਮਕਾਨ ਖਾਲੀ ਪਿਆ ਸੀ ਪਰ ਤੰਗ ਗਲੀਆਂ ਹੋਣ ਕਾਰਨ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ। ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜ੍ਹੋ: ਬੈਂਗਲੁਰੂ 'ਚ ਪਟਾਕਿਆਂ ਦੇ ਗੋਦਾਮ 'ਚ ਲੱਗੀ ਅੱਗ, 12 ਲੋਕਾਂ ਦੀ ਹੋਈ ਮੌਤ
ਘਰ ਵਿਚ ਰੱਖੇ ਸਿਲੰਡਰ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਕਟੜਾ ਕਰਮ ਸਿੰਘ ਦੇ ਇਕ ਬੰਦ ਘਰ ਵਿਚੋਂ ਅੱਗ ਦੀਆਂ ਲਪਟਾਂ ਉੱਠਣ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਸੇਵਾ ਕਮੇਟੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਤੰਗ ਗਲੀ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਨਹੀਂ ਜਾ ਸਕੀਆਂ। ਇਸ ਤੋਂ ਬਾਅਦ ਘਰ ਦੇ ਤਾਲੇ ਤੋੜ ਕੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੰਦਰ ਪਹੁੰਚਣ 'ਚ ਕਾਮਯਾਬ ਹੋ ਗਈਆਂ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚੋਂ ਦੋ ਦਿਨ ਦਾ ਬੱਚਾ ਅਗਵਾ; ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ
ਪੁਰਾਣਾ ਮਕਾਨ ਅਤੇ ਲੱਕੜ ਦਾ ਬਹੁਤ ਸਾਰਾ ਕੰਮ ਹੋਣ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਜਦੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੰਦਰ ਪਿਆ ਸਿਲੰਡਰ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਇਸ ਤੋਂ ਬਾਅਦ ਸਿਲੰਡਰ ਨੂੰ ਧਿਆਨ ਨਾਲ ਬਾਹਰ ਕੱਢਿਆ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਪੁਰਾਣਾ ਸ਼ਹਿਰ ਹੋਣ ਕਾਰਨ ਘਰ ਇਕ ਦੂਜੇ ਦੇ ਨਾਲ ਲੱਗਦੇ ਹਨ। ਜਿਸ ਕਾਰਨ ਆਸ-ਪਾਸ ਦੇ ਘਰਾਂ ਨੂੰ ਅੱਗ ਲੱਗਣ ਕਾਰਨ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਆਸ-ਪਾਸ ਦੇ ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਕੱਢ ਦਿਤਾ ਗਿਆ ਪਰ ਫਾਇਰ ਬ੍ਰਿਗੇਡ ਦੀ ਸੂਝ-ਬੂਝ ਕਾਰਨ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।