
ਹਾਈਕੋਰਟ ਵਿਚ ਸਰਕਾਰੀ ਵਕੀਲ ਵਲੋਂ ਇਹ ਜਾਣਕਾਰੀ ਦਿਤੇ ਜਾਣ ’ਤੇ ਜਸਟਿਸ ਅਵਨੀਸ਼ ਝੀਂਗਰ ਦੀ ਬੈਂਚ ਨੇ ਤੇਜ਼ੀ ਨਾਲ ਜਾਂਚ ਕਰਨ ਦਾ ਹੁਕਮ ਦਿੰਦਿਆਂ ਮਾਮਲੇ ਦਾ ਨਿਬੇੜਾ ਕਰ ਦਿਤਾ
ਚੰਡੀਗੜ੍ਹ: ਨਕੋਦਰ ਵਿਚ 1986 ਵਿਚ ਪੁਲਿਸ ਗੋਲੀਬਾਰੀ ਵਿਚ ਹੋਏ ਕਤਲੇਆਮ ਦੀ ਜਾਂਚ ਲਈ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਯਾਨੀ ਕਿ ਸਿੱਟ ਬਣਾ ਦਿਤੀ ਹੈ। ਹਾਈਕੋਰਟ ਵਿਚ ਸਰਕਾਰੀ ਵਕੀਲ ਵਲੋਂ ਇਹ ਜਾਣਕਾਰੀ ਦਿਤੇ ਜਾਣ ’ਤੇ ਜਸਟਿਸ ਅਵਨੀਸ਼ ਝੀਂਗਰ ਦੀ ਬੈਂਚ ਨੇ ਤੇਜ਼ੀ ਨਾਲ ਜਾਂਚ ਕਰਨ ਦਾ ਹੁਕਮ ਦਿੰਦਿਆਂ ਮਾਮਲੇ ਦਾ ਨਿਬੇੜਾ ਕਰ ਦਿਤਾ ਹੈ।
ਰਾਜ ਸਰਕਾਰ ਦੇ ਵਕੀਲ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਸਰਕਾਰ ਨੇ ਨਕੋਦਰ ਟਾਊਨ ਵਿਚ 1986 ਵਿਚ ਪੁਲਿਸ ਗੋਲੀਬਾਰੀ ਵਿਚ ਹੋਈਆਂ ਮੌਤਾਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਰਕਾਰੀ ਵਕੀਲ ਨੇ ਇਸ ਸਾਲ 31 ਮਈ ਨੂੰ ਐਸਐਸਪੀ (ਦਿਹਾਤੀ) ਜਲੰਧਰ ਦੁਆਰਾ ਜਾਰੀ ਇਕ ਦਫ਼ਤਰੀ ਹੁਕਮ ਪੇਸ਼ ਕੀਤਾ। ਇਸ ਸਬੰਧ ਵਿਚ ਦਸਿਆ ਕਿ ਪੁਲਿਸ ਗੋਲੀਬਾਰੀ ਦੀ ਘਟਨਾ ਵਿਚ ਸ਼ਹੀਦ ਹੋਏ ਇਕ ਨੌਜਵਾਨ ਜਿਸ ਦਾ ਨਾਂ ਰਵਿੰਦਰ ਸਿੰਘ ਵੀ ਹੈ, ਦੇ ਪਿਤਾ ਬਲਦੇਵ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਹੀਂ ਇਨਸਾਫ਼ ਦਿਵਾਉਣ ਲਈ ਮੰਗ ਪੱਤਰ ਭੇਜਿਆ ਹੈ।
ਉਸ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਕੁੱਝ ਹਿੱਸਾ ਗ਼ਲਤ ਹੈ ਜਿਸ ਦਾ ਪਤਾ ਵੀ ਲੱਗ ਸਕਦਾ ਹੈ। ਹੁਕਮ ਵਿਚ ਅੱਗੇ ਕਿਹਾ ਗਿਆ ਕਿ ਇਕ ਸਿੱਟ ਜਿਸ ਵਿਚ ਐਸ.ਪੀ. ਇਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਡੀਐਸਪੀ ਐਸ.ਡੀ. ਜਲੰਧਰ ਦਿਹਾਤੀ ਅਤੇ ਐਸ.ਐਚ.ਓ., ਥਾਣਾ ਸਦਰ, ਜਲੰਧਰ ਦਿਹਾਤੀ ਨੂੰ ਲਗਾਇਆ ਗਿਆ ਹੈ, ਜੋ ਕਿ ਬਲਦੇਵ ਸਿੰਘ ਨੂੰ ਅਜਿਹੀ ਜਾਂਚ ਵਿਚ ਸ਼ਾਮਲ ਕਰ ਕੇ ਪੜਤਾਲ ਕਰਨ ਉਪਰੰਤ ਅਪਣੀ ਵਿਸਤਿ੍ਰਤ ਰੀਪੋਰਟ ਪੇਸ਼ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ’ਤੇ, ਜਸਟਿਸ ਝਿੰਗਨ ਦੀ ਬੈਂਚ ਨੇ ਰਾਜ ਦੇ ਵਕੀਲ ਨੂੰ ਪੁਛਿਆ ਸੀ ਕਿ ਇਸ ਮਾਮਲੇ ਵਿਚ ਐਸਆਈਟੀ ਬਣਾਉਣ ਵਿਚ ਕੀ ਅੜਿੱਕਾ ਹੈ ਅਤੇ ਹੁਣ ਸਿੱਟ ਬਣਾਉਣ ਸਬੰਧੀ 31 ਮਈ ਦੇ ਪੁਰਾਣੇ ਹੁਕਮ ਦੀ ਕਾਪੀ, ਰਾਜ ਦੇ ਵਕੀਲ ਦੁਆਰਾ ਪੇਸ਼ ਕੀਤੀ ਗਈ ਸੀ। ਉਪਰੋਕਤ ਹੁਕਮ ਦੇ ਮੱਦੇਨਜ਼ਰ, ਜਸਟਿਸ ਅਵਨੀਸ਼ ਝਿੰਗਨ ਨੇ ਬਲਦੇਵ ਸਿੰਘ ਵਲੋਂ ਦਾਖ਼ਲ ਪਟੀਸ਼ਨ ਦਾ ਅੱਜ ਨਿਪਟਾਰਾ ਕਰਦਿਆਂ ਹਦਾਇਤ ਕੀਤੀ ਕਿ ਐਸਆਈਟੀ ਤੇਜ਼ੀ ਨਾਲ ਜਾਂਚ ਕਰੇ।