ਤੇਜ਼ ਰਫ਼ਕਾਰ ਕਾਰ ਦੇ ਇੱਟਾਂ ਦੀ ਭਰੀ ਟਰਾਲੀ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਬਰਨਾਲਾ: ਬਰਨਾਲਾ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਲੁਧਿਆਣਾ-ਬਰਨਾਲਾ ਰਾਜ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ। ਇਹ ਚਾਰੇ ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਉਹ ਮੱਥਾ ਟੇਕਣ ਨਕੋਦਰ ਆ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਰੱਖੜੀ ਵਾਲੇ ਦਿਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ
ਥਾਣਾ ਠੁੱਲੀਵਾਲ ਦੇ ਐਸਐਚਓ ਬਲਦੇਵ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਬਰਨਾਲਾ ਤੋਂ ਲੁਧਿਆਣਾ ਵੱਲ ਜਾ ਰਹੀ ਇੱਕ ਚਿੱਟੇ ਰੰਗ ਦੀ ਕਾਰ (ਐਚਆਰ-86-3358) ਹਾਈਵੇਅ ’ਤੇ ਜਾ ਰਹੀ ਇੱਟਾਂ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਵਿਕਾਸ ਸੋਨੀ, ਅੰਮ੍ਰਿਤਪਾਲ, ਸੋਨੂੰ ਅਤੇ 11 ਸਾਲਾ ਅੰਕਿਤ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅਜਨਾਲਾ 'ਚ ਕਾਂਗਰਸੀ ਸਰਪੰਚ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ
ਮਾਰੇ ਗਏ ਚਾਰੇ ਹਰਿਆਣਾ ਦੇ ਹਿਸਾਰ ਸ਼ਹਿਰ ਦੇ 12 ਕੁਆਰਟਰ ਰੋਡ ਅਤੇ ਪਟੇਲ ਨਗਰ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿਚ ਵਿਕਾਸ ਸੋਨੀ ਅਤੇ ਅੰਮ੍ਰਿਤਪਾਲ ਜੀਜਾ ਅਤੇ ਸਾਲੇ ਹਨ, ਜਦਕਿ ਬਾਕੀ ਉਨ੍ਹਾਂ ਦੇ ਗੁਆਂਢੀ ਸਨ। ਦੱਸਿਆ ਜਾ ਰਿਹਾ ਹੈ ਕਿ ਅੰਕਿਤ ਅਤੇ ਸੋਨੂੰ ਆਪਣੇ ਪਰਿਵਾਰ 'ਚ ਇਕੱਲੇ ਸਨ।
ਬਲਦੇਵ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਵਿੱਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਪਹੁੰਚ ਕੇ ਚਾਰੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ 'ਚ ਰਖਵਾਇਆ। ਇਸ ਦੇ ਨਾਲ ਹੀ ਹਿਸਾਰ 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।