Punjab News : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਅਸਰ ਪੰਜਾਬ ’ਤੇ ਵੀ ਪਵੇਗਾ : ਰਵਨੀਤ ਬਿੱਟੂ
Published : Oct 8, 2024, 9:46 pm IST
Updated : Oct 8, 2024, 9:57 pm IST
SHARE ARTICLE
Ravneet Bittu
Ravneet Bittu

ਕਿਹਾ- ਅਗਲੀਆਂ ਚੋਣਾਂ ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ, 2 ਮਹੀਨੇ ’ਚ ਖ਼ਤਮ ਕਰਾਂਗਾ ਗੈਂਗਸਟਰ ਅਤੇ ਨਸ਼ੇ

Punjab News : ਹਰਿਆਣਾ ਵਿਧਾਨ ਸਭਾ ਚੋਣ ਨਤੀਜੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਨੂੰ ਜਿੱਤ ਦੀ ਵਧਾਈ ਦਿੰਦਿਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਲੋਕਾਂ ਨੂੰ ਦੇਸ਼ ਤੇ ਸੂਬੇ ਦੇ ਵਿਕਾਸ ਲਈ ਭਾਜਪਾ ’ਤੇ ਹੀ ਭਰੋਸਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਨਾਲ ਉਮੀਦ ਜਾਗ ਗਈ ਹੈ ਕਿ ਹੁਣ ਪੰਜਾਬ ’ਚ ਵੀ ਬੀ.ਜੇ.ਪੀ. ਦੀ ਸਰਕਾਰ ਆਵੇਗੀ।

ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਪਣੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ, ‘‘ਹੁਣ ਮੈਂ ਕਹਾਂਗਾ ਕਿ ਅੱਜ ਪੰਜਾਬ ਦੇ ਬੀ.ਜੇ.ਪੀ. ਦੇ ਵਰਕਰਾਂ ਨੂੰ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਹਰਿਆਣੇ ’ਚ ਆਉਣ ਦਾ ਮਤਲਬ ਪੰਜਾਬ ’ਚ ਬੀ.ਜੇ.ਪੀ. ਆ ਗਈ, ਕਿਉਂਕਿ ਦੋਹਾਂ ਸੂਬਿਆਂ ਦੇ ਲੋਕਾਂ ਦਾ ਇਕੋ ਜਿਹੇ ਕੰਮ ਹਨ। ਇਕੋ ਜਿਹੀ ਬੋਲੀ ਹੈ। ਇਕੋ ਸਾਡੀ ਭਾਸ਼ਾ ਹੈ। ਇਕੋ ਸਾਡੇ ਰੰਗ ਰੂਪ ਨੇ ਤੇ ਇਕੋ ਹੀ ਅਸੀਂ ਕਿਸਾਨ, ਜਵਾਨ, ਪਹਿਲਵਾਨ, ਕਬੱਡੀ ਸਭ ਸਾਡੀ ਇਕ ਚੀਜ਼ ਹੈ। 

ਹਰਿਆਣਾ ਨੇ ਜਦੋਂ ਫੈਸਲਾ ਕਰ ਲਿਆ, ਛੋਟੇ ਭਰਾ ਨੇ ਤਾਂ ਵੱਡਾ ਭਰਾ ਵੀ ਹੁਣ ਛੋਟੇ ਭਰਾ ਦੀ ਮੰਨੇਗਾ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਵੀ ਬੀ.ਜੇ.ਪੀ. ਨੂੰ ਸੂਬੇ ’ਚ ਬੁਲਾਵੇਗਾ ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਵਿਕਸਿਤ ਪੰਜਾਬ ਦੇਸ਼ ਦਾ ਇਕ ਅਨਿੱੜਵਾਂ ਅੰਗ ਬਣ ਕੇ ਤਰੱਕੀ ਕਰੇਗਾ। ਇਕੱਲੀ ਖੇਤੀ ਨਹੀਂ ਖੇਤੀ ਤੋਂ ਇਲਾਵਾ ਜਿਹੜੇ ਸਾਡੇ ਕਿਸਾਨਾਂ ਦੇ ਮੁੰਡੇ ਉਹ ਸੀ.ਈ.ਓ. ਬਣਨਗੇ ਬੜੀਆਂ-ਬੜੀਆਂ ਕੰਪਨੀਆਂ ਦੇ।’’
 

ਉਨ੍ਹਾਂ ਕਿਹਾ, ‘‘ਇਹ ਜਿੱਤ ਜਿਹੜੀ ਇੱਕੋ ਗੱਲ ਬਦੌਲਤ ਮਿਲੀ ਹੈ ,ਉਹ ਹੈ ਵਿਕਸਿਤ ਭਾਰਤ ਦੀ ਕੰਮ ਦੀ ਮੋਹਰ ਲੋਕਾਂ ਨੇ ਲਾਈ ਹੈ। ਰਾਹੁਲ ਗਾਂਧੀ ਜੀ ਇਹ ਤਾਂ ਖੜਗੇ ਵਰਗੇ ਵੱਡੇ ਲੀਡਰ ਮਾੜਾ ਮੋਟਾ ਬਚਾਅ ਕਰ ਗਏ ਕੁੱਝ ਸੀਟਾਂ ਜਿੱਤ ਗਏ। ਇਹ ਤਾਂ ਟੀ.ਵੀ. ’ਤੇ ਕਿਸੇ ਨੂੰ ਬਹਿਸ ’ਚ ਹਿੱਸਾ ਨਹੀਂ ਲੈਣ ਦਿੰਦੇ ਸਨ। 6 ਸੀਟਾਂ ਜੰਮੂ ਕਸ਼ਮੀਰ ’ਚ ਜਿੱਤੀਆਂ ਇਨ੍ਹਾਂ ਨੇ। ਫਾਰੂਕ ਅਤੇ ਅਮਰ ਅਬਦੁੱਲਾ ਕਹਿੰਦੇ ਰਹੇ ਕਿ ਰਾਹੁਲ ਜੀ ਇੱਥੇ ਆ ਕੇ ਚੋਣ ਪ੍ਰਚਾਰ ਕਰੋ ਪਰ ਉਨ੍ਹਾਂ ਨੇ ਨਹੀਂ ਕੀਤਾ। 

ਇਸ ਕਰਕੇ ਅੱਜ ਉਨ੍ਹਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ‘ਜਿੱਤ ਲਈ ਤੁਸੀਂ ਕਾਂਗਰਸ ਪਾਰਟੀ ਦਾ ਧਨਵਾਦ ਕਰਦੇ ਹੋ’ ਤਾਂ ਉਹ ਕਹਿੰਦੇ ਕਿ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ। ਕਾਂਗਰਸ ਦਾ ਨਾਂ ਨਹੀਂ ਲਿਆ। ਕਾਂਗਰਸ ਦੀ ਤਾਂ ਪੂਰੀ ਛੁੱਟੀ ਹੋ ਗਈ ਹੈ। ਇਕ ਹੋਰ ਗੱਲ, ਜਿੱਥੇ-ਜਿੱਥੇ ਰਾਹੁਲ ਗਾਂਧੀ ਚੋਣ ਪ੍ਰਚਾਰ ਕਰਨ ਗਏ ਨੇ, ਜਿੱਥੇ-ਜਿੱਥੇ ਇਨ੍ਹਾਂ ਨੇ ਜਲੇਬੀ ਬਣਾਈ ਆ ਉਥੇ ਕਾਂਗਰਸ ਪਾਰਟੀ ਹਾਰ ਗਈ।’’

ਹਰਿਆਣਾ ’ਚ ਜਿਤ ਦਾ ਅਸਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈਣ ਦੇ ਸਵਾਲ ’ਤੇ ਉਨ੍ਹਾਂ ਕਿਹਾ, ‘‘ਮੈਂ ਤਾਂ 100% ਕਹਿੰਦਾ ਹਾਂ ਕਿ ਪਵੇਗਾ। ਬਿਲਕੁਲ ਬੀ.ਜੇ.ਪੀ. ਦੀ ਸਰਕਾਰ ਪੰਜਾਬ ’ਚ ਬਣੇਗੀ। ਮੈਂ ਜਿੰਮੇਦਾਰੀ ਨਾਲ ਕਹਿ ਸਕਦਾ ਹਾਂ। ਉਹ ਇਸ ਕਰਕੇ ਬਣੇਗੀ ਕਿ ਅਸੀਂ ਪੰਜਾਬ ਨੂੰ ਵਿਕਸਿਤ ਬਣਾਉਣਾ ਹੈ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਦੇਖ ਲਿਆ, ਆਮ ਆਦਮੀ ਪਾਰਟੀ ਨੂੰ ਦੇਖ ਲਿਆ, ਕਾਂਗਰਸ ਦਾ ਰਾਜ ਦੇਖ ਲਿਆ। ਰਹਿ ਕਿਹੜੀ ਗਈ? ਮੋਦੀ ਹੈ ਤਾਂ ਮੁਮਕਿਨ ਹੈ। ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਸਭ ਨੇ ਪੰਜਾਬ ’ਤੇ ਕਰਜ਼ਾ ਚੜ੍ਹਾਇਆ ਹੋਇਆ ਹੈ। 

ਇਨ੍ਹਾਂ ਦਾ ਨਸ਼ਾ, ਇਨ੍ਹਾਂ ਦਾ ਅਪਣਾ ਗੈਂਗਸਟਰਵਾਦ, ਇਨ੍ਹਾਂ ਦੀ ਗੁੰਡਾਗਰਦੀ। ਜੇਕਰ ਬੀ.ਜੇ.ਪੀ. ਪੰਜਾਬ ’ਚ ਆ ਗਈ ਤਾਂ ਪੰਜਾਬ ’ਚ ਕੋਈ ਗੈਂਗਸਟਰ ਨਹੀਂ ਰਹੇਗਾ। ਪੰਜਾਬ ’ਚ ਕੋਈ ਚਿੱਟਾ ਨਹੀਂ ਰਹੇਗਾ। ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿੰਦਾ ਕਿ ਜਿਸ ਦਿਨ ਬੀ.ਜੇ.ਪੀ. ਆ ਗਈ ਦੋ ਮਹੀਨੇ ’ਚ ਪੰਜਾਬ ’ਚ ਜੇ ਕੋਈ ਗੈਂਗਸਟਰ ਲੱਭ ਗਿਆ ਜਾਂ ਕੋਈ ਚਿੱਟੇ ਵਾਲਾ ਜਾਂ ਮਿਲ ਗਿਆ ਤਾਂ ਦਸਿਉ। ਇਹ ਸੋਚ ਹੋਣੀ ਚਾਹੀਦੀ ਹੈ, ਦ੍ਰਿੜਤਾ ਹੋਣੀ ਚਾਹੀਦੀ ਹੈ ਬਦਲਣ ਦੀ। ਇਨ੍ਹਾਂ ਨੂੰ ਨਾ ਤੀਰ ਵਰਗੇ ਸਿੱਧੇ ਕਰ ਦਿਤਾ ਤਾਂ ਕਹਿਣਾ। ਪੰਜਾਬ ਤਾਂ ਯੋਧਿਆਂ ਦੀ ਧਰਤੀ ਹੈ, ਸੂਰਬੀਰਾਂ ਦੀ ਧਰਤੀ ਹੈ, ਤੇ ਗੁਰੂਆਂ ਪੀਰਾਂ-ਪੈਗੰਬਰਾਂ ਦਾ ਅਸ਼ੀਰਵਾਦ ਹੈ ਪੰਜਾਬ ਨੂੰ। ਪੰਜਾਬ ਇਨ੍ਹਾਂ ਨੇ ਮਾਰਿਆ। ਜਿਸ ਦਿਨ ਇਹ ਪਰੇ ਕਰ ਦਿਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੁਬਾਰਾ ਦੇਸ਼ ਦਾ ਇੱਕ ਨੰਬਰ ਦਾ ਸੂਬਾ ਬਣੂ ਤੇ ਉਹ ਮੈਂ ਬਣਵਾ ਕੇ ਛੱਡਾਂਗਾ।’’

ਹਰਿਆਣਾ ’ਚ ਜਿੱਤ ਦਰਜ ਕਰਨ ਬਾਰੇ ਉਨ੍ਹਾਂ ਕਿਹਾ, ‘‘ਇਸ ਜਿੱਤ ਨਾਲ ਇਕ ਹੀ ਫਰਕ ਪਤਾ ਲੱਗਦਾ ਹੈ। ਉਹ ਇਹ ਹੈ ਕਿ ਅਸਲੀ ਜਲੇਬੀ ਦੇਸੀ ਘਿਓ ਵਾਲੀ ਬੀ.ਜੇ.ਪੀ. ਹੈ ਅਤੇ ਜਿਹੜੀ ਫੈਕਟਰੀ ’ਚ ਬਣਨ ਵਾਲੀ ਉਹ ਹੈ ਕਾਂਗਰਸ। ਇਹ ਫ਼ਰਕ ਹਰਿਆਣੇ ਵਾਲੇ ਸਾਰੇ ਸਮਝਦੇ ਨੇ। ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਕਿ ਕਿਹੜੀ ਜਲੇਬੀ ਫੈਕਟਰੀ ’ਚ ਬਣਦੀ ਹੈ ਤੇ ਕਿਹੜੇ ਹਲਵਾਈ ਦੇ ਬਣਦੀ ਹੈ, ਉਹ ਸਾਡੇ ਹਰਿਆਣੇ ਬਾਰੇ ਕੀ ਜਾਣਦਾ ਹੋਵੇਗਾ।’’

ਉਨ੍ਹਾਂ ਅੱਗੇ ਕਿਹਾ, ‘‘ਦੂਜੀ ਗੱਲ ਇਨ੍ਹਾਂ ਨੇ ਡਰਾਮਾ ਇਹ ਕੀਤਾ ਕਿ ਮੋਦੀ ਜੀ ਸੰਵਿਧਾਨ ਬਦਲ ਦੇਣਗੇ, ਕਿ ਓ.ਬੀ.ਸੀ. ਦਾ ਹੱਕ ਖੋਹ ਲਿਆ ਜਾਵੇਗਾ। ਪਰ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਨ੍ਹਾਂ ਨੇ ਪਹਿਲੇ ਦਿਨ ਸੰਵਿਧਾਨ ਦੀ ਸਹੁੰ ਚੁੱਕ ਕੇ ਕਿਹਾ ਕਿ ਮੈਂ ਤਿੰਨ ਗੁਣਾ ਕੰਮ ਕਰ ਕੇ ਵਿਖਾਵਾਂਗਾ। ਉਨ੍ਹਾਂ ਨੇ 100 ਦਿਨਾਂ ’ਚ ਜੋ ਕੰਮ ਕਰ ਕੇ ਵਿਖਾਏ ਉਸ ਦਾ ਨਤੀਜਾ ਆ ਗਿਆ। ਲੋਕਾਂ ਨੇ ਵੇਖ ਲਿਆ ਕਿ ਸੰਵਿਧਾਨ ਦੀ ਰਾਖੀ ਕਰਨ ਵਾਲਾ, ਸੰਵਿਧਾਨ ਦੇ ਦਿਖਾਏ ਰਾਸਤੇ ’ਤੇ ਚੱਲਣ ਵਾਲਾ ਕੌਣ ਹੈ, ਉਹ ਮੋਦੀ ਜੀ ਹਨ।’’

ਉਨ੍ਹਾਂ ਨੇ ਕਾਂਗਰਸ ’ਤੇ ਨੀਵੇਂ ਦਰਜੇ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਇਕ ਮੇਰੀ ਭੈਣ (ਵਿਨੇਸ਼ ਫੋਗਾਟ) ਉਹਦਾ ਓਲੰਪਿਕਸ ’ਚ ਮੈਡਲ ਆਇਆ ਨਹੀਂ ਆਇਆ, ਤੁਸੀਂ ਉਸ ਨੂੰ ਲੈ ਕੇ ਸਿਆਸਤ ਕਰ ਰਹੇ ਹੋ। ਇਹ ਚੀਜ਼ਾਂ ਕਿਸੇ ਨੂੰ ਪਸੰਦ ਨਹੀਂ ਆਈਆਂ। ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਪੰਜਾਬ ਦੇ ਕਿਸਾਨ ਲੀਡਰਾਂ ਨੂੰ ਉਕਸਾ ਕੇ ਖਰਾਬ ਕਰ ਕੇ ਨੂੰ ਸੜਕਾਂ ’ਤੇ ਪਾਇਆ। ਸਾਡੇ 700 ਕਿਸਾਨ ਸਾਡਾ ਉਥੇ ਮਾਰੇ ਗਏ। ਇਨ੍ਹਾਂ ਦਾ ਕੀ ਗਿਆ? ਉਹ ਸਾਰੀਆਂ ਗੱਲਾਂ ਹਰਿਆਣਾ ਦਾ ਕਿਸਾਨ ਮਜ਼ਦੂਰ ਸਮਝਦਾ ਹੈ ਕਿ ਇਹ ਡਰਾਮਾ ਕਰ ਰਹੇ ਨੇ। ਇਕ ਵੀ ਕਿਸੇ ਨੇ ਵੋਟ ਇਨ੍ਹਾਂ ਨੂੰ ਨਹੀਂ ਪਾਈ।’’

ਕਿਸਾਨ ਲੀਡਰਾਂ ਬਾਰੇ ਉਨ੍ਹਾਂ ਕਿਹਾ, ‘‘ਮੈਂ ਕਿਸਾਨ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਕਿਸੇ ਨੇ ਸਾਥ ਦਿੱਤਾ? ਤੁਸੀਂ ਐਵੇਂ ਹੀ ਲਾ-ਲਾ ਲਾ-ਲਾ ਕਰਨ ਲੱਗੇ ਰਹਿੰਦੇ ਹੋ ਮਗਰ ਲੱਗ ਕੇ। ਅੱਜ ਦੇਖਿਆ ਹਰਿਆਣੇ ਵਾਲੇ ਕਿੰਨੇ ਸਿਆਣੇ ਨੇ। ਉਨ੍ਹਾਂ ਨੂੰ ਪਤਾ ਹੈ ਕਿ ਸਾਡੀ ਤਰੱਕੀ ਕਿਵੇਂ ਹੋ ਸਕਦੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਅੱਜ ਸਾਡਾ ਹਰਿਆਣਾ ਜਿਹੜਾ ਵਿਕਸਿਤ ਹਰਿਆਣਾ ਬਣਿਆ ਉਹ ਕਿਵੇਂ ਬਣਿਆ। ਉਹ ਮੋਦੀ ਜੀ ਤੇ ਬੀ.ਜੇ.ਪੀ. ਕਾਰਨ ਬਣਿਆ। ਤੀਜੀ ਵਾਰ ਕਿਸੇ ਨੇ ਇਸ ਸੂਬੇ ’ਚ ਸਰਕਾਰ ਵੇਖੀ ਆਉਂਦੀ ਕਿਸੇ ਪਾਰਟੀ ਦੀ। ਇਸ ਕਰਕੇ ਹੁਣ ਮੈਂ ਇਹ ਬੇਨਤੀ ਕਰਾਂਗਾ ਪੰਜਾਬ ਵਾਲਿਆਂ ਨੂੰ ਕਿ ਮੈਂ ਐਵੇਂ ਨਹੀਂ ਬੀ.ਜੇ.ਪੀ. ’ਚ ਗਿਆ। ਮੈਨੂੰ ਪਤਾ ਸੀ ਕਿ ਬੀ.ਜੇ.ਪੀ. ਨੂੰ ਲੋਕ ਪਿਆਰ ਕਰਦੇ ਨੇ। ਬੀ.ਜੇ.ਪੀ. ਵਾਲੇ ਲੋਕਾਂ ਦੇ ਕੰਮ ਕਰਦੇ ਨੇ। ਅੱਜ ਉਹਦੇ ’ਤੇ ਮੋਹਰ ਲੱਗ ਗਈ।’’

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement