
ਪੰਜਾਬੀ ਦੀਆਂ ਮੁਦਈ ਅਕਾਲੀ ਦਲ ਸਰਕਾਰਾਂ ਜੋ ਕੰਮ ਨਹੀਂ ਕਰ ਸਕੀਆਂ ਉਹ ਹੁਣ ਪੰਜਾਬ ਦੀ ਕਾਂਗਰਸ ਕਰਨ ਲੱਗੀਹੈ। ਪੰਜਾਬ ਵਿਚ ਜਲਦੀ ਹੀ ਹੁਣ ਦੁਕਾਨਾਂ ਅਤੇ ਸੜਕਾਂ ਉਪ...
ਚੰਡੀਗੜ੍ਹ (ਐਸ.ਐਸ. ਬਰਾੜ): ਪੰਜਾਬੀ ਦੀਆਂ ਮੁਦਈ ਅਕਾਲੀ ਦਲ ਸਰਕਾਰਾਂ ਜੋ ਕੰਮ ਨਹੀਂ ਕਰ ਸਕੀਆਂ ਉਹ ਹੁਣ ਪੰਜਾਬ ਦੀ ਕਾਂਗਰਸ ਕਰਨ ਲੱਗੀਹੈ। ਪੰਜਾਬ ਵਿਚ ਜਲਦੀ ਹੀ ਹੁਣ ਦੁਕਾਨਾਂ ਅਤੇ ਸੜਕਾਂ ਉਪਰ ਹਰ ਥਾਂ ਲੱਗੇ ਬੋਰਡ ਪੰਜਾਬੀ ਵਿਚ ਨਜ਼ਰ ਆਉਣਗੇ। ਚਾਹੇ ਕੋਈ ਸਰਕਾਰੀ ਅਦਾਰਾ ਹੈ, ਚਾਹੇ ਕੋਈ ਗ਼ੈਰ ਸਰਕਾਰੀ, ਹੋਰ ਬੋਰਡ ਉਪਰ ਸੱਭ ਤੋਂ ਪਹਿਲਾਂ ਪੰਜਾਬੀ ਲਿਪੀ ਵਿਚ ਲਿਖਾਈ ਹੋਵੇਗੀ ਅਤੇ ਉਸ ਤੋਂ ਬਾਅਦ ਜਿਸ ਵੀ ਭਾਸ਼ਾ ਵਿਚ ਕੋਈ ਲਿਖਣਾ ਚਾਹੇ ਲਿਖ ਸਕੇਗਾ। ਇਹ ਜਾਣਕਾਰੀ ਅੱਜ ਇਥੇ ਦਿਹਾਤੀ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਿਤੀ।
Punjabi language
ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਲਦੀ ਹੀ ਕਾਨੂੰਨ ਵਿਚ ਸੋਧ ਕਰ ਕੇ ਇਸ ਮਾਮਲੇ ਨੂੰ ਅਮਲੀ ਰੂਪ ਦਿਤਾ ਜਾਵੇਗਾ। ਵੈਸੇ ਪੰਜਾਬੀ ਭਾਸ਼ਾ ਵਿਚ ਬੋਰਡਾਂ ਉਪਰ ਲਿਖਾਈ ਕਰਨ ਦਾ ਮਾਮਲਾ ਅੱਜ ਵਿਧਾਨ ਸਭਾ ਵਿਚ ਵੀ ਉਠਿਆ ਸੀ। ਉਥੇ ਵੀ ਸ. ਬਾਜਵਾ ਨੇ ਇਹੀ ਕਿਹਾ ਸੀ ਕਿ ਜਲਦੀ ਹੀ ਇਸ ਉਪਰ ਅਮਲ ਹੋਵੇਗਾ। ਉਨ੍ਹਾਂ ਦਸਿਆ ਕਿ ਦੇਸ਼ ਦੀ ਅੱਧੀ ਦਰਜਨ ਰਾਜਾਂ ਵਿਚ ਸੂਬੇ ਦੀ ਮਾਤਰੀ ਭਾਸ਼ਾ ਵਿਚ ਬੋਰਡ ਲਿਖਣ ਦਾ ਕਾਨੂੰਨ ਬਣ ਚੁਕਿਆ ਹੈ। ਇਨ੍ਹਾਂ ਰਾਜਾਂ ਵਿਚ ਕਰਨਾਟਕ ਅਤੇ ਮਹਾਂਰਾਸ਼ਟਰ ਵੀ ਸ਼ਾਮਲ ਹਨ।
ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਰੁਝੇਵਿਆਂ ਤੋਂ ਵੇਹਲੇ ਹੋਣ ਉਪਰੰਤ ਇਸ ਮਾਮਲੇ ਨੂੰ ਕਾਨੂੰਨੀ ਸ਼ਕਲ ਦਿਤੀ ਜਾਵੇਗੀ। ਦਸਣਯੋਗ ਹੋਵੇਗਾ ਕਿ ਬੇਸ਼ਕ ਲਛਮਣ ਸਿੰਘ ਮਿਲ ਦੀ ਸਰਕਾਰ ਸਮੇਂ ਪੰਜਾਬ ਵਿਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ। ਉਨ੍ਹਾਂ ਨੇ ਸਖ਼ਤੀ ਨਾਲ ਇਸ ਉਪਰ ਅਮਲ ਵੀ ਕਰਵਾਇਆ। ਸੜਕਾਂ ਉਪਰ ਬੋਰਡ ਵੀ ਪੰਜਾਬੀ ਵਿਚ ਲੱਗੇ।
Tripat Rajinder Singh Bajwa
ਪ੍ਰੰਤੂ ਵੱਖ ਵੱਖ ਸਰਕਾਰਾਂ ਸਮੇਂ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕੀਤਾ ਜਾਣ ਲੱਗਾ ਅਤੇ ਅੰਗਰੇਜ਼ੀ ਨੇ ਸਥਾਨ ਮਲ ਲਿਆ। ਅੱਜ ਕਾਗ਼ਜ਼ਾਂ ਵਿਚ ਚਾਹੇ ਰਾਜ ਦੀ ਭਾਸ਼ਾ ਪੰਜਾਬੀ ਹੈ ਪ੍ਰੰਤੂ ਲਗਭਗ ਸਾਰੇ ਸਰਕਾਰੀ ਦਫ਼ਤਰਾਂ ਵਿਚ ਕੰਮ ਅੰਗਰੇਜ਼ੀ ਵਿਚ ਹੀ ਜ਼ਿਆਦਾ ਹੁੰਦਾ ਹੈ। ਖ਼ਾਸ ਕਰ ਕੇ ਅਫ਼ਸਰਸ਼ਾਹੀ ਪੰਜਾਬੀ ਤੋਂ ਕਿਨਾਰਾ ਹੀ ਕਰਦੀ ਹੈ। ਪ੍ਰੰਤੂ ਸਰਕਾਰੀ ਅਤੇ ਗ਼ੈਰ ਸਰਕਾਰੀ ਅਦਾਰਿਆਂ ਦੇ ਬੋਰਡ ਪੰਜਾਬੀ ਲਿਪੀ ਵਿਚ ਲਿਖਣ ਦੀ ਪਹਿਲ ਮੌਜੂਦਾ ਸਰਕਾਰ ਹੀ ਕਰਨ ਜਾ ਰਹੀ ਹੈ।