
ਹੱਜ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਦੇਣੀ ਹੋਵੇਗੀ ਕੋਰੋਨਾ ਨੈਗੇਟਿਵ ਰੀਪੋਰਟ : ਨਕਵੀ
ਮੁੰਬਈ, 7 ਨਵੰਬਰ : ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਸਨਿਚਰਵਾਰ ਨੂੰ ਹੱਜ ਯਾਤਰਾ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਹੱਜ ਯਾਤਰੀਆਂ ਨੂੰ 2021 ਵਿਚ ਸਾਊਦੀ ਅਰਬ ਦੀ ਯਾਤਰਾ ਤੋਂ 70 ਘੰਟੇ ਪਹਿਲਾਂ ਕੋਵਿਡ 19 ਨੈਗੇਟਿਵ ਰੀਪੋਰਟ ਦੇਣੀ ਹੋਵੇਗੀ। ਹੱਜ ਕਮੇਟੀ ਅਤੇ ਹੋਰ ਹਿੱਤਧਾਰਕਾਂ ਨਾਲ ਮੀਟਿੰਗ ਤੋਂ ਬਾਅਦ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 10 ਦਸੰਬਰ ਹੱਜ ਯਾਤਰਾ 2021 ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖ਼ਰੀ ਮਿਤੀ ਹੈ। ਚਾਹਵਾਨ ਆਨਲਾਈਨ, ਆਫ਼ ਲਾਈਨ ਜਾਂ ਹੱਜ ਮੋਬਾਈਲ ਐਪਲੀਕੇਸ਼ਨ ਜ਼ਰੀਏ ਅਪਲਾਈ ਕਰ ਸਕਦੇ ਹਨ। ਇਸ ਸਾਲ ਕੋਰੋਨਾ ਵਾਇਰਸ ਕਾਰਨ ਹੱਜ ਯਾਤਰਾ ਮੁਲਤਵੀ ਰਹੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਅਸੀਂ ਸਾਰੇ ਹੱਜ ਯਾਤਰੀਆਂ ਨੂੰ ਆਰਟੀਪੀਸੀਆਰ ਪਰੀਖਣ ਦੀ ਅਪਣੀ ਕੋਵਿਡ 19 ਨੈਗੇਟਿਵ ਰੀਪੋਰਟ ਪੇਸ਼ ਕਰਨਾ ਲਾਜ਼ਮੀ ਹੈ। ਸਾਊਦੀ ਅਰਬ ਲਈ ਹਵਾਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਦੀ ਰੀਪੋਰਟ ਨੂੰ ਮਾਨਤਾ ਹੈ। (ਪੀਟੀਆਈ)
image