ਪੰਜਾਬ ਭਾਜਪਾ ਪ੍ਰਧਾਨ ਨੇ ਲਿਖੀ ਮੁੱਖ ਮੰਤਰੀ ਨੂੰ ਚਿੱਠੀ
ਚੰਡੀਗੜ੍ਹ, 8 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਲ ਟਰੈਕ ਖ਼ਾਲੀ ਕਰਨ ਲਈ ਪੱਤਰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤੇ ਥਾਵਾਂ 'ਤੇ ਰੇਲ ਟਰੈਕਾਂ 'ਤੇ ਕਿਸਾਨਾਂ ਦੇ ਧਰਨੇ ਹਨ। ਉਨ੍ਹਾਂ ਕਿਹਾ ਕਿ 15 ਥਾਵਾਂ 'ਤੇ ਹਾਲੇ ਵੀ ਧਰਨੇ ਹਨ। ਸੂਬੇ ਦੀ ਬਿਹਤਰੀ ਲਈ ਉਹ ਧਰਨਿਆਂ ਨੂੰ ਰੇਲ ਟਰੈਕਾਂ ਤੋਂ ਕਿਸਾਨਾਂ ਨੂੰ ਹਟਾਉਣ ਲਈ ਕਹਿਣ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਬਹੁਤ ਵੱਡੇ ਆਰਥਕ ਸੰਕਟ ਵਲ ਵਧ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਸੰਕਟ ਹੋਰ ਵੀ ਗਹਿਰਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਰੇਲਗੱਡੀਆਂ ਨਾ ਚੱਲਣ ਕਾਰਨ ਨਾ ਹੀ ਪੰਜਾਬ ਅੰਦਰ ਕੱਚਾ ਮਾਲ ਆ ਰਿਹਾ ਹੈ ਤੇ ਨਾ ਹੀ ਝੋਨਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਇਸ ਕਾਰਨ ਪੰਜਾਬ ਦੇ ਸਾਰੇ ਧੰਦੇ ਚੌਪਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਕ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸੂਬੇ ਦੀ ਬਿਹਤਰੀ ਲਈ ਕਦਮ ਚੁਕਣੇ ਚਾਹੀਦੇ ਹਨ। ਮੁੱਖ ਮੰਤਰੀ ਕਿਸਾਨਾਂ ਨੂੰ ਸਮਝਾਉਣ ਕਿ ਇਸ ਨਾਲ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ।