ਪਰਾਲੀ ਨੂੰ ਲਗਾਈ ਅੱਗ ਵਿਚ ਝੁਲਸਣ ਕਾਰਨ ਔਰਤ ਦੀ ਮੌਤ
ਖਾਲੜਾ, 7 ਨਵੰਬਰ (ਗੁਰਪ੍ਰੀਤ ਸਿੰਘ ਸ਼ੈਡੀ): ਬਲਾਕ ਭਿੱਖੀਵਿੰਡ ਦੇ ਅਧੀਨ ਆਉਂਦੇ ਪਿੰਡ ਵੀਰਮ ਦੀ ਵਸਨੀਕ ਇਕ 70 ਸਾਲਾ ਬਜ਼ੁਰਗ ਔਰਤ ਅੱਜ ਕਿਸੇ ਕਿਸਾਨ ਵਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਧੂੰਏਂ ਵਿਚ ਫਸ ਕੇ ਅੱਗ ਵਾਲੇ ਖੇਤ ਵਿਚ ਜਾ ਡਿੱਗੀ ਅਤੇ ਅੱਗ ਵਿਚ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਨਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਵੀਰਮ ਅੱਜ ਅਪਣੇ ਪੋਤਰੇ ਲਵਪ੍ਰੀਤ ਸਿੰਘ ਨਾਲ ਐਕਟਿਵਾ ਉਤੇ ਭਿੱਖੀਵਿੰਡ ਨੂੰ ਜਾ ਰਹੀ ਸੀ। ਇਸੇ ਦੌਰਾਨ ਰਸਤੇ ਵਿਚ ਕਿਸੇ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਈ ਸੀ। ਇਸ ਦੌਰਾਨ ਲਵਪ੍ਰੀਤ ਧੂੰਏਂ ਵਿਚ ਫਸ ਗਿਆ ਅਤੇ ਸਕੂਟਰੀ ਬੇਕਾਬੂ ਹੋ ਗਈ ਜਿਸ ਤੋਂ ਬਾਅਦ ਲਵਪ੍ਰੀਤ ਸੜਕ ਉਤੇ ਡਿੱਗ ਪਿਆ, ਜਦਕਿ ਉਸ ਦੀ ਦਾਦੀ ਮਨਜੀਤ ਕੌਰ ਸਕੂਟਰੀ ਸਮੇਤ ਪਰਾਲੀ ਵਾਲੇ ਖੇਤ ਵਿਚ ਜਾ ਡਿੱਗੀ। ਉਸ ਨੂੰ ਕਰੀਬ 20 ਮਿੰਟਾਂ ਬਾਅਦ ਪਿੰਡ ਵਾਸੀਆਂ ਖੇਤ ਵਿਚੋਂ ਕਢਿਆ ਅਤੇ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ, ਜਿੱਥੇ ਕਿ ਉਸ ਦ ਮੌਤ ਹੋ ਗਈ।