ਸੌਦਾ ਸਾਧ ਦੀ ਮੁਆਫ਼ੀ ਦਾ ਸੱਚ, ਬੀਬੀ ਜਗੀਰ ਕੌਰ ਦੀ ਜ਼ੁਬਾਨੀ
Published : Nov 8, 2022, 11:31 pm IST
Updated : Nov 9, 2022, 11:56 am IST
SHARE ARTICLE
Bibi Jagir kaur Interview
Bibi Jagir kaur Interview

'ਬਾਦਲਾਂ ਨਾਲ ਹੋਵੇਗਾ ਆਰਐਸਐਸ ਦਾ ਸੰਬੰਧ, ਮੇਰੇ ਨਾਲ ਨਹੀਂ, ਹਰਸਿਮਰਤ ਬਾਦਲ ਨੂੰ ਮੇਰੇ ਨਾਲ ਈਰਖਾ ਹੈ'

 

ਨਾਰੀ ਸਨਮਾਨ ਦੀ ਸਭ ਤੋਂ ਪਹਿਲਾਂ ਵਕਾਲਤ ਬਾਬਾ ਨਾਨਕ ਜੀ ਨੇ ਕੀਤੀ। ਉਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਦੇ ਪਾਵਨ ਦਿਹਾੜੇ ਮੌਕੇ ਬੀਬੀ ਜਗੀਰ ਕੌਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਹੜੇ 9 ਨਵੰਬਰ ਦੇ ਦਿਨ ਹੋਣ ਵਾਲੀ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ 'ਚ ਖੜ੍ਹੇ ਹਨ। ਇਸ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਤੇ ਬੀਬੀ ਜਗੀਰ ਕੌਰ ਦਾ ਆਹਮੋ-ਸਾਹਮਣੇ ਆਉਣਾ, ਪਾਰਟੀ ਵੱਲੋਂ ਬੀਬੀ ਨੂੰ ਪਹਿਲਾਂ ਬਰਖ਼ਾਸਤ ਕਰਨਾ ਤੇ ਫ਼ੇਰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਇਆ ਜਾਣ ਤੱਕ ਦੇ ਸਾਰੇ ਘਟਨਾਕ੍ਰਮ ਸਮੇਤ, ਅਗਲੀਆਂ ਯੋਜਨਾਵਾਂ ਅਤੇ ਰਣਨੀਤੀ ਬਾਰੇ ਅਦਾਰਾ ਸਪੋਕਸਮੈਨ ਦੀ ਪ੍ਰਬੰਧਕੀ ਸੰਪਾਦਕ ਨਿਮਰਤ ਕੌਰ ਵੱਲੋਂ ਬੀਬੀ ਜਗੀਰ ਕੌਰ ਨਾਲ ਹੋਈ ਵਿਸਥਾਰਤ ਗੱਲਬਾਤ ਸਮੂਹ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ -

- ਬੀਬੀ ਜੀ ਪੰਥ ਲਈ ਜਿਹੜੀਆਂ ਤਬਦੀਲੀਆਂ ਅਤੇ ਬੁਲੰਦ ਅਵਾਜ਼ ਲੋਕ ਮੰਗਦੇ ਸੀ, ਤੁਸੀਂ ਅੱਜ ਉਹ ਅਵਾਜ਼ ਬਣ ਕੇ ਉੱਭਰੇ ਹੋ।

- ਸਭ ਤੋਂ ਪਹਿਲਾਂ ਮੈਂ ਸਮੂਹ ਸੰਗਤ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦੀ ਹਾਂ। ਜਿੱਥੇ ਉਨ੍ਹਾਂ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸਿਧਾਂਤ ਦਿੱਤਾ, ਉੱਥੇ ਹੀ ਉਨ੍ਹਾਂ ਨੇ ਔਰਤ ਨੂੰ ਵੀ ਬੜਾ ਸਨਮਾਨ ਦਿੱਤਾ, ਜਿਸ ਨੂੰ ਕਿਸੇ ਸਮੇਂ ਗਵਾਹੀ ਦੇਣ ਜਾਂ ਧਾਰਮਿਕ ਸਥਾਨਾਂ 'ਤੇ ਜਾਣ ਦਾ ਵੀ ਹੱਕ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦੀ ਵਡਿਆਈ ਬਹੁਤ ਵੱਡੀ ਹੈ। ਮੈਂ ਕਈ ਵਾਰ ਸੋਚਦੀ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਦਾਈ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਜੇ ਰੱਬ ਦਾ ਰੂਪ ਸਭ ਤੋਂ ਪਹਿਲਾਂ ਪਛਾਣਿਆ ਤਾਂ ਭੈਣ ਬੇਬੇ ਨਾਨਕੀ ਜੀ ਨੇ ਪਛਾਣਿਆ। ਔਰਤਾਂ ਨੂੰ ਬਰਾਬਰੀ ਦਾ ਜਿਹੜਾ ਅਧਿਕਾਰ ਸਰਕਾਰਾਂ ਤੇ ਸਮਾਜ ਨਹੀਂ ਦੇ ਸਕਿਆ। ਉਹ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ।

- ਪਰ ਬਾਬਾ ਨਾਨਕ ਜੀ ਦੇ ਵਿਚਾਰਾਂ ਨੂੰ ਵਿਸਾਰ ਕੇ ਅੱਜ ਅਕਾਲੀ ਦਲ ਦੇ ਕੁਝ ਆਗੂ ਤੁਹਾਡੇ ਵਾਸਤੇ ਗ਼ਲਤ ਸ਼ਬਦਾਵਲੀ ਵਰਤਦੇ ਹਨ, ਤਾਂ ਕੀ ਮਹਿਸੂਸ ਹੁੰਦਾ ਹੈ?

- ਮੈਨੂੰ ਲੱਗਦਾ ਕਿ ਉਹ ਬਾਬਾ ਨਾਨਕ ਦੇ ਉਪਦੇਸ਼ ਨੂੰ ਜਾਣਦੇ ਹੀ ਨਹੀਂ। ਔਰਤ ਹਰ ਇੱਕ ਦੇ ਘਰ 'ਚ ਹੈ ਪਰ ਉਹ ਔਰਤ ਦੀ ਮਹਾਨਤਾ ਨੂੰ ਸਮਝਦੇ ਨਹੀਂ। ਔਰਤ ਧੀ ਵੀ ਹੈ, ਮਾਂ ਵੀ ਹੈ, ਭੈਣ ਵੀ ਹੈ, ਪਤਨੀ ਵੀ ਹੈ।  ਔਰਤ ਕੋਲੋਂ ਹੀ ਜਨਮ ਲੈ ਕੇ ਔਰਤ ਨੂੰ ਹੀ ਭੰਡਣਾ, ਮੈਂ ਸਮਝਦੀ ਹਾਂ ਕਿ ਇਹ ਜਾਂ ਤਾਂ ਕਿਸੇ ਤਾਕਤ ਦੇ ਨਸ਼ੇ ਵਿੱਚ ਹੰਕਾਰੇ ਹੋਏ ਹਨ, ਜਾਂ ਪਰਮਾਤਮਾ ਹੀ ਇਨ੍ਹਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ।

- ਬੀਬੀ ਜੀ ਅਜਿਹੀ ਸ਼ਬਦਾਵਲੀ ਵਰਤਣ ਵਾਲੇ ਲੋਕ ਅੱਜ ਸਿੱਖ ਕੌਮ ਦੀ ਪੰਥਕ ਪਾਰਟੀ ਦੇ ਵੱਡੇ ਆਗੂ ਮੰਨੇ ਜਾਂਦੇ ਹਨ। ਉਹੀ ਲੋਕ ਧਰਮ ਦੇ ਮਸਲਿਆਂ 'ਤੇ ਸਾਰੇ ਫ਼ੈਸਲੇ ਕਰ ਰਹੇ ਹਨ। ਸੋ ਇਹ ਹਾਲ ਕੌਮ ਲਈ ਕਿੰਨਾ ਮਾੜਾ ਸਾਬਤ ਹੋ ਰਿਹਾ ਹੈ ਇਸ ਬਾਰੇ ਤੁਹਾਨੂੰ ਹੁਣੇ ਹੀ ਪਤਾ ਲੱਗਿਆ ਜਾਂ ਪਹਿਲਾਂ ਵੀ ਅਜਿਹੇ ਕੁਝ ਮਾਮਲੇ ਤੁਸੀਂ ਉਠਾਉਂਦੇ ਰਹੇ ਹੋ ਕਿਉਂ ਕਿ ਸਭ ਦੇ ਸਾਹਮਣੇ ਹੈ ਕਿ ਲੋਕਾਂ 'ਚ ਕਿੰਨੀ ਨਰਾਜ਼ਗੀ ਹੈ?

- ਸਾਰਿਆਂ ਨੂੰ ਪਤਾ ਲੱਗ ਰਿਹਾ ਸੀ ਕਿ ਨਰਾਜ਼ਗੀ ਆ ਰਹੀ ਸੀ। ਮੈਨੂੰ ਵੀ ਪਤਾ ਸੀ ਕਿ ਕਿੱਥੇ ਕੀ ਕਮੀ ਹੈ। ਮੇਰਾ ਸੁਭਾਅ ਹੈ ਕਿ ਮੈਂ ਨਾਲ-ਨਾਲ ਟੋਕਦੀ ਵੀ ਰਹੀ ਹਾਂ ਤੇ ਰੋਕਦੀ ਵੀ, ਪਰ ਕਈ ਵਾਰ ਪਰਿਵਾਰ 'ਚ ਜਦੋਂ ਬਹੁ-ਸੰਮਤੀ ਇੱਕ ਪਾਸੇ ਹੋ ਜਾਵੇ ਫ਼ੇਰ ਗੱਲ ਮੰਨੀ ਨਹੀਂ ਜਾਂਦੀ। ਛੋਟੀਆਂ-ਛੋਟੀਆਂ ਗੱਲਾਂ ਸਮੇਂ ਦੇ ਨਾਲ, ਵੱਡਾ ਫ਼ੋੜਾ ਬਣ ਜਾਂਦੀਆਂ ਹਨ। ਹੋ ਸਕਦਾ ਹੈ ਕਿ ਇਹ ਸਾਰਾ ਕੁਝ ਉਨ੍ਹਾਂ ਗੱਲਾਂ ਦਾ ਹੀ ਨਤੀਜਾ ਨਿੱਕਲਿਆ ਹੋਵੇ।

- ਜਦੋਂ ਜੱਥੇਦਾਰ ਨੇ ਮਰਿਆਦਾ ਭੰਗ ਕੀਤੀ ਤਿੰਨ ਤੁਸੀਂ ਉਨ੍ਹਾਂ ਨੂੰ ਵੀ ਮਰਿਆਦਾ ਦੀ ਪਾਲਣਾ ਬਾਰੇ ਕਿਹਾ, ਜੋ ਹੋਰ ਕੋਈ ਨਹੀਂ ਕਹਿ ਸਕਿਆ। ਪਰ ਸਿਰਫ਼ ਅਕਾਲੀ ਦਲ ਤੇ ਬਾਦਲ ਪਰਿਵਾਰ ਹੀ ਤੁਹਾਡਾ ਪਰਿਵਾਰ ਕਿਉਂ ਰਿਹਾ? ਕੀ ਬਾਕੀ ਸਿੱਖ ਕੌਮ ਤੁਹਾਡਾ ਪਰਿਵਾਰ ਨਹੀਂ?

- ਅਕਾਲੀ ਦਲ ਨਾਲ ਮੈਂ ਇਸ ਕਰਕੇ ਪਿਆਰ ਕਰਦੀ ਹਾਂ ਕਿਉਂ ਕਿ ਸਾਡੇ ਸੰਤ ਮਹਾਂਪੁਰਖ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਇਸ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਹੋਂਦ 'ਚ ਆਉਣ ਤੋਂ ਸੇਵਾਦਾਰ ਰਹੇ। 1920 'ਚ ਦੋਵੇਂ ਸੰਸਥਾਵਾਂ ਹੋਂਦ 'ਚ ਆਈਆਂ ਤੇ ਉਦੋਂ ਤੋਂ ਹੀ ਸੰਤ ਜੀ ਪਹਿਲਾਂ ਦੋ ਵਾਰ ਵਿਧਾਇਕ ਬਣੇ, ਤੇ 1950 ਤੱਕ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ। ਉਨ੍ਹਾਂ 6 ਚੋਣਾਂ ਲੜੀਆਂ ਤੇ ਪਹਿਲਾਂ ਨਾਮਜ਼ਦ ਵੀ ਹੁੰਦੇ ਰਹੇ। ਜਿਹੜੀ ਸੰਸਥਾ ਮੀਰੀ ਪੀਰੀ ਦੇ ਸਿਧਾਂਤ 'ਤੇ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਧੀਨ ਚੱਲਣ ਵਾਲੀ ਹੋਵੇ, ਉਹ ਕਦੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੀ ਨਹੀਂ ਹੋ ਸਕਦੀ। ਪ੍ਰਧਾਨ ਕੋਈ ਵੀ ਆਵੇ, ਅਸੀਂ ਪਾਰਟੀ ਨਾਲ ਤੁਰਦੇ ਹਾਂ। ਮੇਰੇ ਸਹੁਰਾ ਸਾਬ੍ਹ ਬਾਬਾ ਨਾਮ ਸਿੰਘ ਜੀ ਵੀ ਪਾਰਟੀ ਤੋਂ ਹੀ ਚੋਣਾਂ ਲੜੇ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਮੰਤਰੀ ਬਣੇ, 12 ਸਾਲ ਮੈਂਬਰ ਸ਼੍ਰੋਮਣੀ ਕਮੇਟੀ ਰਹੇ, 28 ਤੇ 12 ਚਾਲੀ, ਅਤੇ 26 ਸਾਲ ਮੈਨੂੰ ਹੋ ਗਏ ਕੁੱਲ ਮਿਲਾ ਕੇ ਇਹ 66 ਸਾਲ ਬਣਦੇ ਹਨ। ਅਸੀਂ ਸਦਾ ਪੰਥ ਦੀ ਸੇਵਾ ਕੀਤੀ ਹੈ ਅਤੇ ਅਹੁਦੇ ਨਾ ਵੀ ਹੋਣਗੇ ਤਾਂ ਵੀ ਕਰਦੇ ਰਹਾਂਗੇ।

ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਬਾਦਲ ਨਾਲ ਹੀ ਕਿਉਂ। ਮੈਂ ਜਦੋਂ ਸ਼ੁਰੂਆਤ ਕੀਤੀ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਸਿਆਸਤ ਹੁੰਦੀ ਕੀ ਹੈ। ਮੈਨੂੰ ਸੰਗਤ ਨੇ ਤੋਰਿਆ, ਤੇ ਮਜਬੂਰ ਵੀ ਕੀਤਾ। ਜਦੋਂ ਸਿੰਘ ਸਾਹਿਬ ਗਿਆਨੀ ਦਰਸ਼ਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹੁੰਦੇ ਸੀ, ਉਨ੍ਹਾਂ ਨੇ ਮੈਨੂੰ ਬੁਲਾਇਆ ਜਦੋਂ ਸਾਰੇ ਕਹਿੰਦੇ ਸੀ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਚੋਣ ਲੜੋ। ਜੋਗਿੰਦਰ ਸਿੰਘ ਮਾਨ ਸਾਡੇ ਬਾਬਾ ਜੀ ਦੇ ਨਾਲ ਪਾਕਿਸਤਾਨ 'ਚ ਸੀ। ਇਹ ਚੋਣਾਂ ਲੜਦੇ ਹੁੰਦੇ ਸੀ ਤੇ ਬਾਬਾ ਪ੍ਰੇਮ ਸਿੰਘ ਜੀ ਕਹਿੰਦੇ ਹੁੰਦੇ ਸੀ ਲੁਬਾਣਿਓ, ਇੱਕ ਵੋਟ ਤੇ ਇੱਕ ਨੋਟ ਜੋਗਿੰਦਰ ਸਿੰਘ ਮਾਨ ਨੂੰ ਪਾਓ। ਇਹ ਸੱਚਾਈ ਹੈ। ਜੋਗਿੰਦਰ ਸਿੰਘ ਮਾਨ ਸਾਡੇ ਕੋਲ ਹਰ ਬਰਸੀ 'ਤੇ ਆਉਂਦੇ ਹੁੰਦੇ ਸੀ , ਸੇਵਾ ਵੀ ਕਰਨੀ ਤੇ ਸਤਿਕਾਰ ਵੀ ਕਰਨਾ। ਜਦੋਂ ਸਿਮਰਨਜੀਤ ਸਿੰਘ ਮਾਨ ਭਾਗਲਪੁਰ ਦੀ ਜੇਲ੍ਹ 'ਚੋਂ ਬਾਹਰ ਆਏ, ਤਾਂ ਉਨ੍ਹਾਂ ਨੂੰ ਸਿੱਧੇ ਬਾਬਾ ਜੀ ਦੇ ਅਸਥਾਨ 'ਤੇ ਲਿਆਂਦਾ ਗਿਆ। ਕਹਿਣ ਲੱਗੇ ਬੀਬਾ ਮੈਂ ਇਸ ਕਰਕੇ ਲੈ ਕੇ ਆਇਆਂ ਕਿ ਇਹਨੂੰ ਪਤਾ ਲੱਗ ਜਾਵੇ ਕਿ ਇਹ ਉਹ ਅਸਥਾਨ ਹੈ ਜਿਹਨੇ ਮੇਰੀ ਪੱਗ ਬਨ੍ਹਾਈ ਸੀ, ਜਿਹੜੇ ਮੈਨੂੰ ਜਿਤਾਉਂਦੇ ਸੀ। ਤੁਸੀਂ ਦੋਵੇਂ ਭੈਣ-ਭਰਾ, ਤੇ ਇਹ ਕਹਿ ਕੇ ਸਾਡੇ ਹੱਥ ਫ਼ੜਾਏ ਤੇ ਸਿਰ 'ਤੇ ਸਿਰਾਂ 'ਤੇ ਹੱਥ ਰੱਖ ਕੇ ਕਿਹਾ ਕਿ ਦੋਵੇਂ ਭੈਣ-ਭਰਾ ਇੱਕ ਦੂਜੇ ਨੂੰ ਛੱਡਿਓ ਨਾ।

ਮੈਂ ਕਹਿੰਦੀ ਸੀ ਕਿ ਮੈਂ ਸਿਆਸਤ ਕਰਨੀ ਨਹੀਂ। ਸਿਮਰਨਜੀਤ ਸਿੰਘ ਮਾਨ ਨਾਲ ਮੈਂ ਬੜਾ ਗਰਜ ਕੇ ਬੋਲਦੀ ਰਹੀ ਤੇ ਲੋਕ ਕਹਿੰਦੇ ਸੀ ਕਿ ਇਹ ਖਾੜਕੂ ਕਿੱਥੋਂ ਆ ਗਈ। ਮੇਰੇ ਸਹੁਰਾ ਸਾਬ੍ਹ ਪ੍ਰਕਾਸ਼ ਸਿੰਘ ਬਾਦਲ ਨਾਲ ਸੀ ਅਤੇ ਮੈਨੂੰ ਵੱਡੇ ਬਾਦਲ ਸਾਬ੍ਹ ਨੇ ਅਮਰੀਕਾ ਤੋਂ ਬੁਲਾਇਆ, ਤੇ ਕਹਿੰਦੇ ਕਿ ਤੁਹਾਨੂੰ ਅਸੀਂ ਨਾਲ ਲੈਣਾ ਹੈ। ਇਨ੍ਹਾਂ ਨੇ ਜਦੋਂ ਮੈਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਉਣ ਦੀ ਗੱਲ ਕੀਤੀ, ਮੈਂ ਫ਼ੇਰ ਵੀ ਨਹੀਂ ਸੀ ਮੰਨਦੀ। ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਕਿਹਾ ਕਿ ਬੀਬੀ ਜੀ ਚੋਣ ਲੜਨੀ ਪੈਣੀ, ਹਾਲਾਂਕਿ ਮੈਂ ਕਹਿੰਦੀ ਸੀ ਕਿ ਮੈਨੂੰ ਸਿਆਸਤ ਚੰਗੀ ਨਹੀਂ ਲੱਗਦੀ, ਕਿਉਂ ਕਿ ਝੂਠ ਬੋਲਣ, ਧੱਕੇ ਕਰਨ ਵਰਗੇ ਇਲਜ਼ਾਮ ਲੱਗਦੇ ਹਨ। ਤਾਂ ਜੱਥੇਦਾਰ ਦਰਸ਼ਨ ਸਿੰਘ ਨੇ ਕਿਹਾ ਕਿ ਬਾਬਾ ਪ੍ਰੇਮ ਸਿੰਘ ਨੇ ਕੀਤੀ, ਬਾਬਾ ਨਾਮ ਸਿੰਘ ਨੇ ਕੀਤੀ, ਕੋਈ ਦਾਗ਼ ਲੱਗਿਆ? 'ਜੈਸੇ ਜਲ ਮਹਿ ਕਮਲ ਅਲੇਪ' ਦਾ ਉਚਾਰਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਕਿਉਂ ਡਰਦੇ ਹੋ? ਉਨ੍ਹਾਂ ਕਿਹਾ ਕਿ ਜੇਕਰ ਚੰਗੇ ਅੰਦਰ ਨਹੀਂ ਆਉਣਗੇ, ਤਾਂ ਸਾਰੇ ਡਾਕੂ ਹੀ ਅੰਦਰ ਵੜੇ ਰਹਿਣਗੇ। ਉਦੋਂ ਫ਼ੇਰ ਮੈਂ ਅਣਖ 'ਚ ਆਈ ਤੇ ਹਾਂ ਕਰਨ ਦਾ ਫ਼ੈਸਲਾ ਕੀਤਾ।

- ਬੀਬੀ ਜੀ ਪਿਛਲੇ ਕੁਝ ਸਾਲਾਂ 'ਚ ਅਜਿਹੇ ਫ਼ੈਸਲੇ ਹੋਏ ਜੋ ਗ਼ੈਰ-ਪੰਥਕ ਨੇ। ਤੁਸੀਂ ਹੀ ਕਿਹਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਂ ਸਾਡੇ ਸਿਸਟਮ 'ਚ ਤਨਖ਼ਾਹੀਆ ਦਾ ਕਿਤੇ ਨਾਂਅ ਹੀ ਨਹੀਂ, ਪਰ ਲੋਕਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ। ਸੌਦਾ ਸਾਧ ਦੀ ਗੱਲ ਕਰੀਏ, ਤਾਂ ਇੱਕ ਬਲਾਤਕਾਰੀ, ਇੱਕ ਕਾਤਲ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ 'ਚ ਇੱਕ ਹੋਰ ਡੇਰਾ ਬਣਾਉਣ ਦੀ ਗੱਲ ਕਰ ਰਿਹਾ ਹੈ। ਉਸ ਨੂੰ ਮਾਫ਼ੀ ਤੁਹਾਡੇ ਸਾਹਮਣੇ ਦਿੱਤੀ ਗਈ, ਤਾਂ ਉਹ ਲੇਪ ਤੁਸੀਂ ਆਪਣੇ 'ਤੇ ਲੱਗਣ ਕਿਉਂ ਦਿੱਤਾ? ਉਹ ਬੁਲੰਦ ਔਰਤ ਉਸ ਵੇਲੇ ਚੁੱਪ ਕਿਉਂ ਰਹੀ?

- ਮੈਂ ਕਦੀ ਚੁੱਪ ਨਹੀਂ ਰਹੀ। ਹਰ ਸਟੇਜ 'ਤੇ ਤੁਸੀਂ ਦੇਖੋਗੇ ਕਿ ਮੈਂ ਕਹਿੰਦੀ ਸੀ ਕਿ ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਜਿਹੜਾ ਵੀ ਦੋਸ਼ੀ ਹੈ, ਭਾਵੇਂ ਉਹ ਅਕਾਲੀ ਦਲ ਦਾ ਆਗੂ ਹੋਵੇ, ਭਾਵੇਂ ਕਾਂਗਰਸ ਦਾ ਹੋਵੇ, ਤੇ ਚਾਹੇ ਕਿਸੇ ਹੋਰ ਪਾਰਟੀ ਦਾ, ਉਹਦਾ ਸੱਚ ਬਾਹਰ ਕੱਢਣਾ ਚਾਹੀਦਾ ਹੈ ਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

- ਸੌਦਾ ਸਾਧ ਨੂੰ ਇੱਕ ਚਿੱਠੀ 'ਤੇ ਮਾਫ਼ੀ ਭੇਜ ਦਿੱਤੀ ਗਈ, ਜਦ ਕਿ ਮਰਿਆਦਾ ਇਹ ਕਹਿੰਦੀ ਹੈ ਕਿ ਦੋਸ਼ੀ ਉੱਥੇ ਹਾਜ਼ਰ ਹੋਵੇ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਲੱਖਾਂ ਦੇ ਇਸ਼ਤਿਹਾਰ...

- ਦੇਖੋ ਮੈਂ ਤਾਂ ਕੱਲ੍ਹ ਵੀ ਕਿਹਾ ਕਿ 2007 ਵਿੱਚ ਸਵਾਂਗ ਰਚਾਉਣ ਦਾ ਪਰਚਾ ਦਰਜ ਹੋਇਆ। ਉਸ ਤੋਂ ਬਾਅਦ ਜੇ ਉਸ ਪਰਚੇ ਦੀ ਪੈਰਵਾਈ ਹੋ ਜਾਂਦੀ, ਜੇ ਉਸ ਪਰਚੇ ਦਾ ਚਲਾਣ ਸਮੇਂ ਸਿਰ ਪੇਸ਼ ਹੋ ਜਾਂਦਾ, ਤਾਂ 2015 ਵਾਲਾ ਭਾਣਾ ਨਾ ਵਾਪਰਦਾ। 2015 ਦੇ ਭਾਣੇ ਨਾਲ ਕਿੰਨੀ ਦੁਨੀਆ ਦੇ ਹਿਰਦੇ ਨੂੰ ਠੇਸ ਵੱਜੀ, ਦੁੱਖ ਪਹੁੰਚਿਆ। ਸਾਰੇ ਸੰਸਾਰ 'ਚ ਇਹ ਸੁਨੇਹਾ ਗਿਆ ਕਿ ਜੀ ਦੇਖੋ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ, ਜਿਹੜੇ ਕਾਗ਼ਜ਼ ਦੀ ਤੁਸੀਂ ਗੱਲ ਕਰਦੇ ਹੋ ਸਾਨੂੰ ਉਸ ਦਾ ਉਦੋਂ ਪਤਾ ਲੱਗਿਆ ਜਦੋਂ ਮਾਫ਼ੀ ਦਾ ਆਰਡਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ। ਅਸੀਂ 2011 'ਚ ਮੈਂਬਰ ਬਣੇ ਸੀ, ਤੇ ਸਹਿਜਧਾਰੀਆਂ ਦੇ ਕੇਸ ਕਰਕੇ ਸਾਡਾ ਸੁਪਰੀਮ ਕੋਰਟ 'ਚ ਸਟੇਅ ਸੀ। ਸਾਡੀ ਨੋਟੀਫ਼ਿਕੇਸ਼ਨ ਨਹੀਂ ਹੋਈ ਸੀ। ਅਸੀਂ ਨਵੇਂ-ਨਵੇਂ ਬਣੇ ਸੀ ਸਾਨੂੰ ਅਵਤਾਰ ਸਿੰਘ ਮੱਕੜ ਨੇ ਬੁਲਾਇਆ। ਉਨ੍ਹਾਂ ਨੇ ਸਾਨੂੰ ਪੜ੍ਹ ਕੇ ਸੁਣਾ ਦਿੱਤਾ ਕਿ ਇਹ ਆਦੇਸ਼ ਆਇਆ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ। ਹੁਣ ਜਦੋਂ ਇੱਕ ਸਿੱਖ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਇਹ ਕਿਹਾ ਜਾਵੇ ਕਿ ਪੰਜ ਸਿੰਘ ਸਾਹਿਬਾਨਾਂ ਨੇ ਫ਼ੈਸਲਾ ਕੀਤਾ ਹੈ ਕਿ ਰਾਮ ਰਹੀਮ ਨੂੰ ਮਾਫ਼ ਕੀਤਾ ਗਿਆ ਹੈ। ਬੁਲਾਇਆ ਇਸ ਕਰਕੇ ਨਹੀਂ ਗਿਆ ਕਿਉਂ ਕਿ ਉਹ ਸਿੱਖ ਨਹੀਂ ਸੀ। ਅਸੀਂ ਵੀ ਸੋਚਿਆ ਕਿ ਗ਼ੈਰ-ਸਿੱਖ ਸੀ ਤੇ ਉਸ ਨੇ ਚਿੱਠੀ ਪਾ ਕੇ ਮਾਫ਼ੀ ਮੰਗ ਲਈ ਹੋਣੀ ਹੈ, ਅਸੀਂ ਕਿਹੜਾ ਚਿੱਠੀ ਪੜ੍ਹੀ ਸੀ। ਅਸੀਂ ਤਾਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਿਆ। ਪਰ ਜਦੋਂ ਗੱਲ ਕਹੀ ਗਈ ਤਾਂ ਚਰਚਾ ਵਿੱਚ ਹੀ ਛਿੜ ਪਈ। ਅਸੀਂ ਆਪਸ 'ਚ ਹੀ ਗੱਲਾਂ ਕਰਦੇ ਸੀ ਕਿ ਚਿੱਠੀ ਕਿਹੜੀ ਸੀ, ਚਿੱਠੀ 'ਤੇ ਕਰਨਾ ਚਾਹੀਦਾ ਹੈ ਜਾਂ ਨਹੀਂ, ਚਿੱਠੀ 'ਤੇ ਕੀ ਲਿਖਿਆ ਹੋਵੇਗਾ। ਪਰ ਚਰਚਾ ਐਨੀ ਵਧ ਗਈ ਕਿ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਹ ਹੁਕਮਨਾਮਾ ਵਾਪਸ ਲੈਣਾ ਪਿਆ। ਅਸਲੀਅਤ ਇਹ ਹੈ ਤੇ ਇੱਥੇ ਤੱਕ ਹੀ ਮੈਨੂੰ ਪਤਾ ਹੈ। ਚਿੱਠੀ ਕਿਵੇਂ ਆਈ, ਕੌਣ ਲਿਆਇਆ, ਕਿਸ ਨੇ ਲਿਖੀ, ਕਿਸ ਨੇ ਲਿਆਂਦੀ ਮੈਨੂੰ ਨਹੀਂ ਪਤਾ। ਕਿਉਂ ਕਿ ਕਈ ਅੰਦਰੂਨੀ ਮਸਲਿਆਂ 'ਚ ਮੈਂ ਦਖਲ ਨਹੀਂ ਦਿੱਤਾ।

- ਬੀਬੀ ਜੀ 2015 'ਚ ਦੁੱਖ ਇਸ ਕਰਕੇ ਲੱਗਿਆ ਕਿਉਂ ਕਿ ਪੰਥਕ ਸਰਕਾਰ ਸੀ। ਕਿਸੇ ਸਮੇਂ ਜਨਰਲ ਡਾਇਰ ਨੇ ਗੋਲ਼ੀਆਂ ਚਲਾਈਆਂ ਤਾਂ ਉਸ ਵਾਰ ਸਾਡੇ ਆਪਣਿਆਂ ਨੇ ਸਾਡੇ 'ਤੇ ਗੋਲ਼ੀਆਂ ਚਲਾਈਆਂ।

- ਲੋਕ ਦੁਖੀ ਇਸ ਕਰਕੇ ਸੀ ਕਿਉਂ ਕਿ ਪੰਥਕ ਸਰਕਾਰ ਸੀ, ਮੈਂ ਮੰਨਦੀ ਹਾਂ ਇਸ ਗੱਲ ਨੂੰ। ਸੰਗਤ ਦਾ ਰੋਸ ਸਹੀ ਹੈ। ਪਰ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਅਸੀਂ ਸੋਚਦੇ ਸੀ ਕਿ ਗੋਲੀ ਇਸ ਕਰਕੇ ਨਹੀਂ ਚਲਾਈ ਗਈ ਕਿ ਉਹ ਉਠਾਉਣੇ ਸੀ, ਇੱਕ ਦਮ ਸੰਗਤ ਦਾ ਰੋਹ ਵਧ ਗਿਆ, ਪੁਲਿਸ ਲੱਗੀ ਹੋਈ ਸੀ।

- ਬੀਬੀ ਜੀ ਕੀ ਅੱਜ ਵੀ ਇਹੀ ਸਮਝਦੇ ਹੋ?

- ਦੇਖੋ ਮੈਂ ਤਾਂ ਦੇਖਿਆ ਨਹੀਂ ਕਿ ਕਿਸੇ ਨੇ ਆਰਡਰ ਦਿੱਤਾ ਜਾਂ ਨਹੀਂ ਦਿੱਤਾ। ਪਰ ਧਰਨਾ ਜਿਹੜਾ ਲੱਗਿਆ ਸੀ ਉਹ ਪੁਲਿਸ ਨੇ ਚੁਕਾਇਆ। ਅਫਸਰਾਂ ਨੇ ਮੈਨੂੰ ਦੱਸਿਆ ਕਿ ਜੀ ਸਾਡੀ ਡਿਊਟੀ ਲੱਗੀ ਹੋਈ ਸੀ ਕਿ ਮਹਾਂਪੁਰਖਾਂ ਨੂੰ ਉਠਾਓ। ਅਸੀਂ ਉਠਾਉਣ ਚਲੇ ਗਏ ਤੇ ਪਾਠ ਚੱਲ ਰਿਹਾ ਸੀ ਤੇ ਸਾਡੀ ਗੱਲ ਵੀ ਹੋ ਗਈ ਕਿ ਜਦੋਂ ਅਸੀਂ ਸਲੋਕ ਪੜ੍ਹਾਂਗੇ ਤਾਂ ਅੱਗੇ ਅਸੀਂ ਪਾਠ ਨਹੀਂ ਸ਼ੁਰੂ ਕਰਾਂਗੇ ਤੇ ਸਾਨੂੰ ਉਠਾ ਲਿਓ। ਕਹਿੰਦੇ ਕਿ ਉੱਥੇ ਇੱਕਦਮ ਸੰਗਤ ਨੇ ਰੌਲਾ ਪਾ ਦਿੱਤਾ। ਰੌਲਾ ਪੈਣ ਨਾਲ ਸੰਗਤ ਦਾ ਹਜੂਮ ਪੁਲਿਸ ਪਿਛੇ ਪੈ ਗਿਆ ਤੇ ਲੜਾਈ ਝਗੜੇ ਹੋ ਗਏ। ਇਹ ਇੱਕ ਲੰਮੀ ਕਹਾਣੀ ਹੈ, ਪਰ ਗੱਲ ਇਹ ਹੈ ਕਿ ਕਸੂਰ ਕੀ ਹੈ ਸਰਕਾਰ ਦਾ। ਗੋਲੀ ਚੱਲੀ ਸੀ ਤਾਂ ਪੁਲਿਸ ਦੇ ਨਾਂਅ ਕੱਢ ਲੈਣੇ ਚਾਹੀਦੇ ਸੀ। ਅਣਪਛਾਤਾ ਨਹੀਂ ਲਿਖਣਾ ਚਾਹੀਦਾ ਸੀ। ਕਿਉਂ ਕਿ ਸੂਬੇ ਦਾ ਗ੍ਰਹਿ ਮੰਤਰੀ ਆਪਣਾ ਸੀ ਤਾਂ ਦੁੱਖ ਸੀ ਲੋਕਾਂ ਨੂੰ। ਸਰਕਾਰ ਆਪਣੀ ਸੀ ਤਾਂ ਦੁੱਖ ਸੀ ਲੋਕਾਂ ਨੂੰ। ਜਿਹੜੇ ਬੰਦੇ ਸੀ ਉਹ ਲੱਭੇ ਜਾ ਸਕਦੇ ਸੀ ਕਿ ਗੋਲੀ ਕਿਸ ਨੇ ਚਲਾਈ। ਜੇ ਮੌਕੇ 'ਤੇ ਸਹੀ ਫ਼ੈਸਲਾ ਹੋ ਜਾਂਦਾ ਤਾਂ ਗੱਲ ਐਥੇ ਤੱਕ ਨਾ ਪਹੁੰਚਦੀ। ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਹਨ, ਪਰ ਇਸ ਦੇ ਲੀਡਰਾਂ ਖ਼ਿਲਾਫ਼ ਲੋਕਾਂ ਨੇ ਇਸ ਵਾਰ ਚੋਣਾਂ 'ਚ ਆਪਣਾ ਗੁੱਸਾ ਜ਼ਾਹਰ ਕਰ ਦਿੱਤਾ।

- ਮਤਲਬ ਤੁਸੀਂ ਮੰਨਦੇ ਹੋ ਕਿ ਲੋਕ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਨੂੰ ਚਾਹੁੰਦੇ ਹਨ ?

- ਚਲੋ ਬਾਦਲ ਪਰਿਵਾਰ ਕਰਕੇ ਕਹਿ ਲਓ। ਗੁੱਸਾ ਤਾਂ ਉਹੀ ਹੈ ਨਾ ਕਿਉਂ ਕਿ ਜ਼ਿੰਮੇਵਾਰ ਵੀ ਉਹ ਸੀ। ਮੁੱਖ ਮੰਤਰੀ ਉਹ ਸੀ, ਗ੍ਰਹਿ ਮੰਤਰਾਲਾ ਉਨ੍ਹਾਂ ਕੋਲ ਸੀ ਤਾਂ ਗੁੱਸਾ ਤਾਂ ਉਨ੍ਹਾਂ 'ਤੇ ਹੀ ਆਉਣਾ ਹੋਇਆ।

- ਬੀਬੀ ਜੀ ਤੁਸੀਂ ਇਕ ਮੈਨੀਫ਼ੈਸਟੋ ਜਾਰੀ ਕੀਤਾ ਹੈ ਜਿਸ ਵਿਚ ਤੁਸੀਂ ਕਿਹਾ ਹੈ ਕਿ ਸੌਦਾ ਸਾਧ ਦੀ ਸਜ਼ਾ ਤੇ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ, ਤੁਸੀਂ ਇਸ ਬਾਰੇ ਕੀ ਸੋਚਦੇ ਹੋ?

- ਇਸ ਲਈ ਸਿੱਖ ਸੰਗਤ ਵੱਲੋਂ ਵਿਦਵਾਨ ਲਗਾਏ ਜਾਣਗੇ ਤੇ ਉਹਨਾਂ ਤੋਂ ਕਨੂੰਨੀ ਸਲਾਹ ਲਈ ਜਾਵੇਗੀ। ਉਹਨਾਂ ਨੂੰ ਸਖ਼ਤ ਤਰੀਕੇ ਨਾਲ ਖੋਜ ਕਰਨ ਲਈ ਕਿਹਾ ਜਾਵੇਗਾ ਕਿ 2007 ਦਾ ਜੋ ਕੇਸ ਸੀ ਉਸ ਨੂੰ ਦੁਬਾਰਾ ਵੀ ਤਾਂ ਕੱਢਿਆ ਜਾ ਸਕਦਾ ਹੈ ਤੇ ਉਸ ਵਿਚ ਚਲਾਨ ਪੇਸ਼ ਕਿਉਂ ਨਹੀਂ ਹੋਇਆ। ਜੋ ਇਹ ਲੀਗਲ ਤੌਰ 'ਤੇ ਚਲਾਨ ਕੱਢਦੇ ਹਨ ਤੇ ਖੋਜ ਕਰਦੇ ਹਨ ਤਾਂ ਆਪੇ ਦੋਸ਼ੀ ਸਾਹਮਣੇ ਆਉਣਗੇ।

- ਤੁਸੀਂ ਮੈਨੀਫ਼ੈਸਟੋ ਵਿਚ ਇਹ ਵੀ ਕਿਹਾ ਹੈ ਕਿ ਧਰਮ ਪ੍ਰਚਾਰ ਰਵਾਇਤੀ ਤਰੀਕਿਆਂ ਨਾਲ ਕੀਤਾ ਜਾਵੇਗਾ। ਤੁਸੀਂ ਸ਼੍ਰੋਮਣੀ ਕਮੇਟੀ ਤੋਂ ਆਪਣਾ ਵੱਖਰਾ ਚੈਨਲ ਖੋਲ੍ਹਣ ਦੀ ਵੀ ਮੰਗ ਕੀਤੀ। ਇਸ ਸਿੱਧਾ ਨੁਕਸਾਨ ਇਕ ਚੈਨਲ ਨੂੰ ਹੋਵੇਗਾ ਜੋ ਕਿ ਬਾਦਲ ਪਰਿਵਾਰ ਦਾ ਹੈ ਕਿਉਂਕਿ ਹੁਣ ਤੱਕ ਇਕ ਮਨੌਪਲੀ ਬਣੀ ਹੋਈ ਹੈ। ਹੁਣ ਤੁਸੀਂ ਇਕ ਬਹੁਤ ਵੱਡੀ ਜੰਗ ਸ਼ੁਰੂ ਕਰ ਦਿੱਤੀ ਹੈ।
 
- ਦੇਖੋ ਇਹ ਗੱਲ ਬਹੁਤ ਸਮੇਂ ਦੀ ਚੱਲਦੀ ਪਈ ਹੈ। ਤੁਸੀਂ ਵੀ ਆਪਣੇ ਕਿਸੇ ਵੀ ਚੈਨਲ ਤੋਂ ਪੁੱਛ ਕੇ ਦੇਖ ਲਓ, ਜਦੋਂ ਮੈਂ ਕੋਈ ਸਮਾਗਮ ਕਰਦੀ ਸੀ ਤਾਂ ਸਾਰੇ ਚੈਨਲਾਂ ਨੂੰ ਬੁਲਾਉਂਦੀ ਸੀ ਕਿ ਲਿੰਕ ਸਾਰੇ ਚੈਨਲਾਂ ਵਿਚ ਜਾਵੇ, ਮੇਰਾ ਕਿਸੇ ਇਕ ਚੈਨਲ ਨਾਲ ਨਹੀਂ ਸੀ ਤੇ ਜਦੋਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਆਦੇਸ਼ ਜਾਰੀ ਹੋ ਜਾਵੇ ਤੇ ਉਸ ਆਦੇਸ਼ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਨਾ ਮੰਨੇ ਤਾਂ ਫਿਰ ਕੀ ਐਕਸ਼ਨ ਹੋਣਾ ਚਾਹੀਦਾ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਕਿਹਾ ਜਾਵੇ ਕਿ ਚਿੱਠੀ ਕਿਉਂ ਜਾਰੀ ਕੀਤੀ। ਉਹ ਗੱਲਾਂ ਚੰਗੀਆਂ ਨਹੀਂ, ਜਦੋਂ ਉਹਨਾਂ ਨੇ ਆਦੇਸ਼ ਜਾਰੀ ਕੀਤਾ ਤੇ ਇਹਨਾਂ ਨੇ ਕਿਹਾ ਸੀ ਕਿ ਇਕ ਹਫ਼ਤੇ ਵਿਚ ਜਾਰੀ ਕਰ ਦਿਆਂਗੇ, ਫਿਰ ਲੋਕਾਂ ਨੂੰ ਝੂਠ ਕਿਉਂ ਬੋਲਿਆ। ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਸੰਗਤਾਂ ਨੂੰ ਝੂਠ ਬੋਲੇ ਤਾਂ ਕੀ ਫਿਰ ਸੰਗਤ ਬਰਦਾਸ਼ਤ ਕਰੇਗੀ। ਹਾਲਾਂਕਿ ਜਥੇਦਾਰ ਨੇ ਕਿਹਾ ਸੀ ਕਿ ਆਦੇਸ਼ ਤੁਰੰਤ ਲਾਗੂ ਕੀਤਾ ਜਾਵੇ।

- ਇਕ ਗੱਲ ਮੰਨੀ ਜਾਂਦੀ ਹੈ ਕਿ ਸਾਰੇ ਪ੍ਰਧਾਨ ਲਿਫ਼ਾਫ਼ੇ ਵਿਚੋਂ ਨਿਕਲਦੇ ਨੇ ਤੇ ਇਸ ਵਾਰ ਤੁਸੀਂ ਲਿਫ਼ਾਫਾ ਸਿਸਟਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਵੀ ਪਹਿਲਾਂ ਲਿਫ਼ਾਫੇ ਵਿਚੋਂ ਨਿਕਲੇ ਹੋ?

- ਮੈਂ ਤੇ ਹੁਣ ਵੀ ਲਿਫ਼ਾਫ਼ੇ ਵਿਚੋਂ ਨਿਕਲ ਜਾਣਾ ਸੀ, ਅਜਿਹੀ ਕੋਈ ਗੱਲ ਨਹੀਂ ਹੈ ਕਿ ਉਹ ਮੈਨੂੰ ਇਸ ਵਾਰ ਪ੍ਰਧਾਨ ਨਾ ਬਣਾਉਂਦੇ ਪਰ ਮੈਂ ਹੀ ਇਸ ਦਾ ਵਿਰੋਧ ਕੀਤਾ ਕਿ ਲਿਫ਼ਾਫ਼ਾ ਸਿਸਟਮ ਬੰਦ ਹੋਣਾ ਚਾਹੀਦਾ। ਮੈਂ ਕਿਹਾ ਕਿ ਇਸ ਵਕਤ ਆਪਾ ਕਿਥੇ ਪਹੁੰਚ ਗਏ ਹਾਂ ਕਿਉਂਕਿ ਅਸੀਂ ਲੋਕਾਂ ਦੀ ਗੱਲ ਨਹੀਂ ਸੁਣੀ। ਹੁਣ ਸ਼੍ਰੋਮਣੀ ਕਮੇਟੀ 'ਤੇ ਕਈ ਤਰ੍ਹਾਂ ਦੇ ਦੋਸ਼ ਲਗਦੇ ਹਨ ਕਿ ਇਸ ਦਾ ਸਿੱਧਾ ਪ੍ਰਬੰਧ ਬਾਦਲ ਪਰਿਵਾਰ ਦਾ ਹੈ। ਮੈਂ ਚਾਹੁੰਦੀ ਸੀ ਕਿ ਜੋ ਲੋਕਾਂ ਦੀ ਜੋ ਧਾਰਨਾ ਬਣੀ ਹੋਈ ਹੈ, ਉਸ ਨੂੰ ਦੂਰ ਕਰ ਲਈਏ ਤਾਂ ਜੋ ਆਉਣ ਵਾਲੀਆਂ ਆਮ ਚੋਣਾਂ ਵਿਚ ਸਾਨੂੰ ਇਹ ਗੱਲਾਂ ਨਾ ਸੁਣਨੀਆਂ ਪੈਣ।

- ਇਹ ਵੀ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਇੱਕ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਹਰਜਿੰਦਰ ਸਿੰਘ ਧਾਮੀ ਜਿੱਤਣ ਤਾਂ ਵੀ ਉਨ੍ਹਾਂ ਦੀ ਤੇ ਜੇਕਰ ਬੀਬੀ ਜਗੀਰ ਕੌਰ ਜਿੱਤ ਜਾਂਦੇ ਨੇ ਤਾਂ ਵੀ ਉਨ੍ਹਾਂ ਦੀ ਚੱਲੀ ਜਾਵੇਗੀ ਪਰ ਤੁਸੀਂ ਵਿਰੋਧੀ ਧਿਰ ਨੂੰ ਇਕ ਪਾਸੇ ਕਾਬੂ ਕਰ ਲਿਆ।

- ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਬਾਦਲ ਸਾਬ੍ਹ, ਇਸ ਵਾਰ ਮੈਂ ਲਿਫ਼ਾਫ਼ੇ ਵਿਚੋਂ ਨਹੀਂ ਨਿਕਲਣਾ। ਕਹਿੰਦੇ ਕਿਉਂ? ਮੈਂ ਕਿਹਾ ਕਿ ਲੋਕ ਸਾਡੇ 'ਤੇ ਦੋਸ਼ ਲਗਾਉਂਦੇ ਹਨ ਅਤੇ ਮਖੌਲ ਕਰਦੇ ਹਨ ਕਿ ਇਸ ਵਾਰ ਕਿਹੜਾ ਲਿਫ਼ਾਫ਼ੇ ਵਿਚੋਂ ਨਿਕਲੇਗਾ? ਸਾਨੂੰ ਸਾਰੇ ਚੈਨਲ, ਮੀਡੀਆ ਵੀ ਕਹਿੰਦਾ ਪਰ ਇਸ ਵਾਰ ਕਿਸੇ ਦੀ ਗੱਲ ਨਹੀਂ ਸੁਣਨੀ। ਇਸ ਵਾਰ ਮੈਂ ਲਿਫ਼ਾਫ਼ੇ ਵਿਚੋਂ ਨਹੀਂ ਨਿਕਲਣਾ ਸਗੋਂ ਮੈਂ ਚੋਣ ਲੜਾਂਗੀ। ਇਹ ਗੱਲ ਮੈਂ ਉਨ੍ਹਾਂ ਨੂੰ ਅੱਜ ਨਹੀਂ ਸਗੋਂ ਦੋ-ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਕਹੀ ਸੀ। ਉਸ ਵੇਲੇ ਮੈਨੂੰ ਕਹਿੰਦੇ ਸੀ ਕਿ ਫਿਰ.. ਲਿਫ਼ਾਫ਼ਾ ਕਲਚਰ ਬੰਦ? ਮੈਂ ਕਿਹਾ ਜੀ ਬਿਲਕੁਲ ਬੰਦ। ਮੈਂ ਬਾਦਲ ਸਾਬ੍ਹ ਨੂੰ ਕਿਹਾ ਸੀ ਕਿ ਮੈਂ ਵੀ ਚੋਣ ਲੜਾਂਗੀ ਤੇ ਜੇਕਰ ਕੋਈ ਹੋਰ ਚੋਣ ਲੜਨੀ ਚਾਹਵੇ ਤਾਂ ਉਹ ਵੀ ਲੜੇ ਤੁਸੀਂ ਵਿਚ ਦਖਲਅੰਦਾਜ਼ੀ ਨਾ ਕਰਿਓ। ਇਸ ਨਾਲ ਲੋਕਾਂ ਨੂੰ ਵੀ ਯਕੀਨ ਹੋ ਜਾਵੇਗਾ ਕਿ ਬਾਦਲ ਇਸ ਵਿਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ। ਮੈਂ ਉਸ ਤੋਂ ਬਾਅਦ ਸਾਰੇ ਆਗੂਆਂ ਨੂੰ ਫੋਨ ਕੀਤਾ ਜਿਸ ਵਿਚ ਸੇਖੋਂ ਸਾਬ੍ਹ, ਮਲੂਕਾ ਸਾਬ੍ਹ ਸਨ ਅਤੇ ਇਸ ਤੋਂ ਵੀ ਅੱਗੇ ਦਲਜੀਤ ਸਿੰਘ ਚੀਮਾ ਨੂੰ ਮੈਂ ਕੋਲ ਬੈਠ ਕੇ ਕਿਹਾ ਕਿ ਚੀਮਾ ਸਾਬ੍ਹ, ਤੁਹਾਨੂੰ ਵੀ ਲਕੀਰ ਖਿਚਣੀ ਪਵੇਗੀ ਕਿ ਸੱਚ ਮੁੱਚ ਚੋਣ ਲੜੀ ਜਾਵੇਗੀ। ਚੀਮਾ ਸਾਬ੍ਹ ਮੈਨੂੰ ਕਹਿੰਦੇ ਕਿ ਨਹੀਂ ਬੀਬੀ ਜੀ ਤੁਹਾਨੂੰ ਅਸੀਂ ਜ਼ੋਰ ਨਾਲ ਬਣਾਵਾਂਗੇ ਪਰ ਮੈਂ ਮਨ੍ਹਾ ਕਰ ਦਿੱਤਾ, ਮੈਂ ਇਸ ਵਾਰ ਚੋਣ ਹੀ ਲੜਾਂਗੀ। ਮੈਂ ਸੰਗਤ ਦੀ ਧਾਰਨਾ ਖਤਮ ਕਰਨਾ ਚਾਹੁੰਦੀ ਹਾਂ ਤਾਂ ਜੋ ਆਉਣ ਸ਼੍ਰੋਮਣੀ ਕਮੇਟੀ ਦੀ ਚੋਣ ਆਸਾਨੀ ਨਾਲ ਲੜ ਸਕੀਏ।

- ਬੀਬੀ ਜੀ, ਜਿਹੜੀ ਤੁਸੀਂ ਧਾਰਨਾ ਕਹਿੰਦੇ ਹੋ,ਉਹ ਧਾਰਨਾ ਨਹੀਂ ਸਗੋਂ ਹਕੀਕਤ ਵੀ ਹੈ।

- ਇੱਕ ਚੀਜ਼ ਜਦੋਂ ਇੱਕ, ਦੋ ਜਾਂ ਦਸ ਵਾਰ ਹੋ ਜਾਵੇ ਤਾਂ ਉਹ ਧਾਰਨਾ ਬਣ ਜਾਂਦੀ। ਇਸ ਲਈ ਹੀ ਇਸ ਵਾਰ ਇਹ ਰਿਵਾਜ਼ ਖਤਮ ਕਰਨ ਲਈ ਮੈਂ ਚੋਣ ਲੜਨਾ ਚਾਹੁੰਦੀ ਹਾਂ।

- ਕੀ ਜਥੇਦਾਰ ਸਾਹਿਬ ਵੀ ਲਿਫ਼ਾਫ਼ੇ ਵਿਚੋਂ ਹੀ ਨਿਕਲਦੇ ਹਨ?

- ਨਹੀਂ, ਜਥੇਦਾਰ ਸਾਹਿਬ ਦੀ ਚੋਣ ਲਈ ਅਸੀਂ ਤਿੰਨ -ਚਾਰ ਨਾਮ ਦਿੰਦੇ ਹਾਂ ਜਿਨ੍ਹਾਂ ਵਿਚੋਂ ਕਿਸੇ ਇੱਕ ਨਾਮ ਦੀ ਚੋਣ ਕੀਤੀ ਜਾਂਦੀ ਹੈ। ਜ਼ਿਆਦਾਤਰ ਅਸੀਂ ਉਨ੍ਹਾਂ ਨਾਵਾਂ ਨੂੰ ਤਰਜੀਹ ਦਿੰਦੇ ਹਾਂ ਜੋ ਸਾਡੀ ਸੰਸਥਾ ਵਿਚ ਕੰਮ ਕਰਦੇ ਹਨ। ਹੋਰ ਸੰਸਥਾਵਾਂ ਦੇ ਬਦਲੇ ਸਾਡੀਆਂ ਸੰਸਥਾਵਾਂ ਵਿਚੋਂ ਪੜ੍ਹੇ ਹੋਣ ਕਾਰਨ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਜ਼ਿਆਦਾ ਸਮਝ ਹੁੰਦੀ ਹੈ ਅਤੇ ਇਸ ਤਰ੍ਹਾਂ ਜਥੇਦਾਰ ਸਾਹਿਬ ਦੀ ਚੋਣ ਕੀਤੀ ਜਾਂਦੀ ਹੈ।

- ਕਿੰਨੇ ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਸਾਡੇ ਸਿਧਾਂਤ ਹੀ ਸਾਡੀ ਧਾਰਮਿਕ ਕਮਜ਼ੋਰੀ ਦਾ ਮਸਲਾ ਬਣਿਆ ਹੋਇਆ ਹੈ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਲ ਜਾ ਰਹੇ ਹਨ, ਕਿਰਸਾਨੀ ਦੀ ਦੁਰਦਸ਼ਾ ਹੋ ਰਹੀ ਹੈ, ਨਸ਼ੇ ਵੱਧ ਰਹੇ ਹਨ। ਇਸ ਦੀ ਸ਼ੁਰੂਆਤ ਸਿਆਸਤ ਤੋਂ ਹੁੰਦੀ ਹੈ। ਸ਼੍ਰੋਮਣੀ ਕਮੇਟੀ ਕੋਲ ਕਿੰਨੀ ਦੌਲਤ ਹੈ, ਸਾਡੇ ਇਸ ਦਸਵੰਧ ਦੀ ਯੋਗ ਵਰਤੋਂ ਨਹੀਂ ਹੁੰਦੀ। ਕੀ ਤੁਸੀਂ ਸਮਝਦੇ ਹੋ ਕਿ ਜਦੋਂ ਤੱਕ ਅਸੀਂ ਸਾਫ਼ ਆਗੂ ਨਹੀਂ ਤਿਆਰ ਕਰ ਲੈਂਦੇ, ਉਦੋਂ ਤੱਕ ਸਾਨੂੰ ਮੀਰੀ-ਪੀਰੀ ਦੇ ਸਿਧਾਂਤ ਤੋਂ ਪਿੱਛੇ ਹਟਣਾ ਪਵੇਗਾ? ਹਾਲ ਹੀ ਵਿਚ ਅੰਮ੍ਰਿਤਸਰ ਵਿਚ ਕਤਲ ਹੋਇਆ, ਜੇਕਰ ਅਜਿਹੀ ਸੋਚ ਅੱਗੇ ਵੱਧ ਗਈ ਤਾਂ ਸੰਕਟ ਵਧੇਗਾ?

- ਮੀਰੀ-ਪੀਰੀ ਦਾ ਸਿਧਾਂਤ ਛੱਡਿਆ ਨਹੀਂ ਜਾ ਸਕਦਾ। ਇਹ ਸਿਧਾਂਤ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ। ਪਰ, ਹੁਣ ਗੱਲ ਇਹ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਉਹ ਇੱਕ ਸਹਾਇਕ ਵਿੰਗ ਬਣਾਇਆ ਗਿਆ ਸੀ ਕਿ ਜਦੋਂ ਕਦੇ ਕੋਈ ਬਾਹਰੀ ਹਮਲੇ, ਗੁਰੂਧਾਮਾਂ ਵਿਚ ਨੁਕਸਾਨ ਹੋਵੇ, ਸਿਖਾਂ ਨਾਲ ਧੱਕਾ ਹੋਵੇ, ਬੇਇਨਸਾਫੀਆਂ ਹੋਣ ਤਾਂ ਇਹ ਸਾਡੀ ਸਹਾਇਕ ਵਿੰਗ ਸਾਨੂੰ ਬਚਾਉਣ ਲਈ ਇੱਕ ਵਾਰਡ ਦਾ ਕੰਮ ਕਰੇਗਾ।

- ਪਰ ਹੁਣ ਤਾਂ ਹਾਲਾਤ ਅਜਿਹੇ ਹਨ ਕਿ ਦੁੱਖ ਵੀ ਉਸ ਪਾਰਟੀ ਤੋਂ ਹੀ ਹੋ ਰਿਹਾ ਹੈ?

- ਸ਼੍ਰੋਮਣੀ ਅਕਾਲੀ ਦਲ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਬਣਿਆ ਸੀ ਕਿ ਇਹ ਸਾਡਾ ਬਾਹਰੀ ਹਮਲਿਆਂ ਤੋਂ ਬਚਾਅ ਕਰੇਗਾ। ਇਸ ਵਾਰਡ ਨੂੰ ਸੇਵਾ ਕਰਦੇ-ਕਰਦੇ ਤਾਕਤਾਂ ਮਿਲ ਗਈਆਂ ਅਤੇ ਇਨ੍ਹਾਂ ਤਾਕਤਾਂ ਨੇ ਸੋਚਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਭ ਕੁਝ ਸਾਡਾ ਹੈ। ਦਖਲਅੰਦਾਜ਼ੀ ਇਸ ਲਈ ਕਰਦੇ ਨੇ ਕਿਉਂਕਿ ਅਸੀਂ ਬਣੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਂ। ਸ਼ੋਮਣੀ ਅਕਾਲੀ ਦਲ ਪਹਿਲਾਂ ਸਿੱਖਾਂ ਦੀ ਪਾਰਟੀ ਸੀ ਪਰ ਜਦੋਂ ਚੋਣਾਂ ਲੜਨ ਲੱਗ ਪਏ ਤਾਂ ਇਹ ਸਿਆਸੀ ਪਾਰਟੀ ਬਣ ਗਈ। ਹੋ ਸਕਦਾ ਹੈ ਕਿ ਦੂਜੀਆਂ ਸਿਆਸੀ ਪਾਰਟੀਆਂ ਦੀ ਸੋਚ ਅਤੇ ਕੰਮ ਦਾ ਤਰੀਕਾ ਵੱਖਰਾ ਹੋਵੇ, ਪਰ ਇਹ ਵੀ ਉਸ ਤਰ੍ਹਾਂ ਦੀ ਹੀ ਪਾਰਟੀ ਹੈ ਜਿਵੇਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਹੈ। ਅਸੀਂ ਇਹ ਬਿਲਕੁਲ ਵੀ ਨਹੀਂ ਕਹਿ ਸਕਦੇ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਸ਼ੋਮਣੀ ਅਕਾਲੀ ਦਲ ਹੀ ਹੈ। ਹੁਣ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਸ਼ੋਮਣੀ ਅਕਾਲੀ ਦਲ ਦੇ ਸਿੱਖ ਨੂੰ ਹੀ ਪਿਆਰ ਕਰਨਾ ਹੈ। ਅੱਜ ਦੇ ਸਮੇਂ ਵਿਚ ਸਿੱਖ ਦੇਸ਼ਾਂ- ਵਿਦੇਸ਼ਾਂ ਵਿਚ ਵਸਦੇ ਹਨ ਅਤੇ ਉਹ ਹਰ ਪਾਰਟੀ ਵਿਚ ਮੌਜੂਦ ਹਨ। ਇਸ ਲਈ ਸਾਨੂੰ ਸਾਰੇ ਸਿੱਖਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ। ਮਸਲਨ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਤਾਂ ਇਹ ਗਲਤ ਪਾਸੇ ਤੁਰ ਪਏ, ਇਕ ਕਮੇਟੀ ਬਣਾ ਦਿੱਤੀ ਗਈ। ਇਨ੍ਹਾਂ ਨੇ ਸਿਰਫ਼ ਦਿਖਾਵਾ ਕੀਤਾ। ਚੰਗਾ ਹੁੰਦਾ ਜੇਕਰ ਭਾਜਪਾ ਵਿਚ ਬੈਠੇ ਸਿੱਖਾਂ, ਚੇਅਰਮੈਨ, ਕਾਂਗਰਸ ਦੇ ਕੋਈ ਸੰਸਦ ਮੈਂਬਰ ਅਤੇ ਹੋਰ ਕਾਨੂੰਨੀ ਮਾਹਰਾਂ ਨੂੰ ਇਕੱਠਾ ਕਰ ਕੇ ਰਾਏ ਕੀਤੀ ਜਾਂਦੀ ਤਾਂ ਇਹ ਮਸਲਾ ਹੱਲ ਹੋ ਜਾਂਦਾ।

- ਤੁਸੀਂ ਜਦੋਂ 10 ਸਾਲ ਸੱਤਾ ਵਿਚ ਸੀ ਤਾਂ ਇਹ ਮਸਲਾ ਨਹੀਂ ਚੁੱਕਿਆ ਫਿਰ ਹੁਣ ਇਹ ਮੁੱਦਾ ਚੁੱਕਣ ਦਾ ਕੀ ਫਾਇਦਾ?

- ਇਹ ਹੀ ਤਾਂ ਗੱਲ ਹੈ ਕਿ ਆਪਾਂ ਸਮੇਂ ਸਿਰ ਨਹੀਂ ਸੋਚਦੇ ਤੇ ਫਿਰ ਲੋਕ ਗੱਲਾਂ ਕਰਦੇ ਹਨ। ਜੇਕਰ ਇਹ ਮਸਲਾ ਸਾਰਿਆਂ ਨਾਲ ਮਿਲ ਬੈਠ ਕੇ ਹੱਲ ਕਰਵਾਇਆ ਹੁੰਦਾ ਤਾਂ ਲੋਕਾਂ ਨੇ ਵੀ ਕਹਿਣਾ ਸੀ ਕਿ ਠੀਕ ਹੈ, ਇਨ੍ਹਾਂ ਨੇ ਦਰਦ ਮਹਿਸੂਸ ਕੀਤਾ ਹੈ। ਪਰ ਹੁਣ ਇਨ੍ਹਾਂ ਨੇ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੂੰ ਚੋਣਾਂ ਵਿਚ ਖੜ੍ਹਾ ਕਰ ਦਿੱਤਾ। ਮੈਂ ਉਸ ਸਮੇਂ ਵੀ ਬਾਦਲ ਸਾਬ੍ਹ ਨੂੰ ਮਨ੍ਹਾ ਕੀਤਾ ਸੀ ਕਿ ਉਨ੍ਹਾਂ ਨੂੰ ਨਾ ਖੜ੍ਹਾ ਕਰਿਓ। ਜੇਕਰ ਕਿਸੇ ਨੂੰ ਚੋਣਾਂ ਵਿਚ ਉਤਾਰਨਾ ਹੀ ਹੈ ਤਾਂ ਸ਼ੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਆਪਣੇ ਚੋਣ ਨਿਸ਼ਾਨ ਤੱਕਦੀ 'ਤੇ ਖੜ੍ਹਾ ਕਰ ਲਓ ਜਾਂ ਕੋਈ ਉਥੋਂ ਦਾ ਸਥਾਨਕ ਆਗੂ ਲੈ ਲਓ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਬਦਨਾਮੀ ਕਿਉਂ ਕਰਵਾਉਣ? ਪਾਰਟੀ ਦਾ ਹੀ ਕੋਈ ਨੁਮਾਇੰਦਾ ਅੱਗੇ ਲੈ ਕੇ ਆਓ। ਜਿਸ ਦਿਨ ਫ਼ੈਸਲਾ ਕਰਨਾ ਸੀ ਉਸ ਦਿਨ ਵੀ ਮੈਂ ਬੇਨਤੀ ਕੀਤੀ ਕਿ ਬੀਬੀ ਰਾਜੋਆਣਾ ਨੂੰ ਚੋਣਾਂ ਵਿਚ ਨਾ ਲੈ ਕੇ ਆਓ ਪਰ ਇਨ੍ਹਾਂ ਨੇ ਨਹੀਂ ਮੰਨੀ ਤੇ ਜ਼ਮਾਨਤ ਜ਼ਬਤ ਕਰਵਾ ਲਈ।

- ਬੀਬੀ ਜੀ ਇਹ ਕਿਸ ਤਰ੍ਹਾਂ ਹੋਇਆ ਕਿ ਸ਼ੋਮਣੀ ਅਕਾਲੀ ਦਲ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਬਾਦਲ ਪਰਿਵਾਰ ਦੀਆਂ ਨਿੱਜੀ ਹੋ ਗਈਆਂ ਨੇ, ਸਿੱਖ ਪੰਥ ਦੀਆਂ ਨਹੀਂ ਰਹੀਆਂ।

- ਉਸ ਦਾ ਕਾਰਨ ਇਹੀ ਹੈ ਕਿ ਚੋਣਾਂ ਤਾਂ ਹੋਰ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ ਵੀ ਲੜਦੇ ਹਨ, ਪਰ ਲੋਕਾਂ ਦਾ ਵਿਸ਼ਵਾਸ ਸੀ ਕਿ ਸ਼ੋਮਣੀ ਕਮੇਟੀ ਇੱਕ ਸੰਘਰਸ਼ਮਈ ਪਾਰਟੀ ਹੈ। ਅਸਲੀ ਤੌਰ 'ਤੇ ਗੁਰਦੁਆਰਾ ਸਾਹਿਬ ਲਈ ਸੰਘਰਸ਼ ਇਨ੍ਹਾਂ ਨੇ ਕੀਤਾ ਹੈ। ਇਹ ਲੋਕਾਂ ਦਾ ਵਿਸ਼ਵਾਸ ਅਤੇ ਮਾਣ ਹੈ ਕਿ ਇਨ੍ਹਾਂ ਵਿਚੋਂ ਜੋ ਵੀ ਚੁਣ ਕੇ ਆਉਣਗੇ ਉਹ ਗੁਰਦਵਾਰਿਆਂ ਨੂੰ ਅਸਲੀ ਪ੍ਰਬੰਧ ਦੇ ਸਕਦੇ ਹਨ।
ਪਹਿਲਾਂ ਜਦੋਂ ਟਿਕਟਾਂ ਵੰਡੀਆਂ ਜਾਂਦੀਆਂ ਸਨ ਤਾਂ ਇੱਕ ਬੋਰਡ ਬਣਾਇਆ ਜਾਂਦਾ ਸੀ ਜਿਸ ਵਿਚ ਸ਼ੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਧਾਰਮਿਕ ਆਗੂ ਬੈਠ ਜਾਂਦੇ ਸਨ ਅਤੇ ਅਰਜ਼ੀਆਂ ਦੇਣ ਵਾਲਿਆਂ ਤੋਂ ਗੁਰਸਿੱਖੀ, ਰਹਿਤ ਮਰਿਆਦਾ ਦੇ ਸਬੰਧ ਵਿਚ ਸਵਾਲ ਪੁੱਛੇ ਜਾਂਦੇ ਸਨ। ਉਮੀਦਵਾਰਾਂ ਦੀ ਪ੍ਰੀਖਿਆ ਲਈ ਜਾਂਦੀ ਸੀ। ਪਰ ਹੁਣ ਤਾਂ ਸਿੱਧਾ ਪੁੱਛਿਆ ਜਾਂਦਾ ਹੈ ਕਿ ਕਿੰਨੀਆਂ ਟਿਕਟਾਂ ਲੈਣੀਆਂ ਹਨ। ਇਥੇ ਨਹੀਂ ਦੇਖਿਆ ਜਾਂਦਾ ਕਿ ਜਿਹੜਾ ਉਮੀਦਵਾਰ ਭੇਜਿਆ ਗਿਆ ਹੈ ਉਹ ਧਾਰਮਿਕ ਹੈ ਵੀ ਜਾਂ ਨਹੀਂ। ਸਿਰਫ਼ ਇਹ ਦੇਖਿਆ ਜਾਂਦਾ ਹੈ ਕਿ ਇਸ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ ਸੀ ਤੇ ਹੁਣ ਐਮ.ਐਲ.ਏ. ਦੀ ਟਿਕਟ ਮੰਗ ਰਿਹਾ ਤਾਂ ਇਸ ਨੂੰ ਹੀ ਦੇ ਦਿੱਤੀ ਜਾਵੇ। ਇਥੇ ਹੀ ਇਹ ਕਮੀ ਰਹਿ ਗਈ ਹੈ।

- ਕੀ ਇਸ ਦਾ ਫੈਸਲਾ ਵੀ ਇੱਕੋ ਪਰਿਵਾਰ ਕਰਦਾ ਹੈ?

-ਕੁਦਰਤੀ ਤੌਰ 'ਤੇ ਜੋ ਪ੍ਰਧਾਨ ਹੁੰਦਾ ਹੈ ਉਹ ਹੀ ਇਸ ਦਾ ਫੈਸਲਾ ਕਰਦਾ ਹੈ। ਮੈਂ ਤਾਂ ਹੀ ਕਹਿੰਦੀ ਹਾਂ ਕਿ ਇੱਕ ਬੋਰਡ ਬਣਨਾ ਚਾਹੀਦਾ ਹੈ।

- ਜਦੋਂ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਮੰਤਰੀ ਅਤੇ ਪਾਰਲੀਮੈਂਟ ਮੈਂਬਰ ਸਭ ਇੱਕੋ ਪਰਿਵਾਰ ਦੇ ਸਨ ਤਾਂ ਤੁਹਾਡੇ ਅੰਦਰੋਂ ਕੋਈ ਆਵਾਜ਼ ਨਹੀਂ ਉੱਠੀ?

- ਉਸ ਸਮੇਂ ਵੀ ਜਦੋਂ ਵਿਚਾਰ ਚਰਚਾ ਹੁੰਦੀ ਸੀ ਅਤੇ ਜੇਕਰ ਕੋਈ ਇਸ ਦੇ ਵਿਰੋਧ ਵਿਚ ਬੋਲਦਾ ਸੀ ਤਾਂ ਉਸ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਸੀ। ਹੁਣ ਵੀ ਇਸ ਤਰ੍ਹਾਂ ਹੀ ਹੋਇਆ ਹੈ।

- ਇਸ ਦਾ ਮਤਲਬ ਜੋ ਵੀ ਬਗ਼ਾਵਤ ਕਰੇਗਾ ਉਸ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਂਦਾ?

- ਬਗ਼ਾਵਤ ਨਹੀਂ, ਉਹ ਇਸ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਹਿ ਕੇ ਕਾਰਵਾਈ ਕਰਦੇ ਹਨ। ਮੈਂ ਕੀ ਕੀਤਾ? ਮੈਂ ਸਿਰਫ਼ ਪਾਰਟੀ ਆਗੂਆਂ ਨੂੰ ਹਾਲ ਜਾਨਣ ਲਈ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੋਕ ਪਾਰਟੀ ਨੂੰ ਪਿਆਰ ਕਰਦੇ ਹਨ ਪਰ ਜੇਕਰ ਬਾਦਲਾਂ ਦੇ ਨਾਮ ਤੇ ਚੋਣਾਂ ਵਿਚ ਆਏ ਤਾਂ ਅਸੀਂ ਜਿੱਤਾਂਗੇ ਨਹੀਂ। ਇਹ ਗੱਲ ਮੈਂ ਉਨ੍ਹਾਂ ਨੂੰ ਦੱਸ ਦਿੱਤੀ ਅਤੇ ਇਹ ਸਮੱਸਿਆ ਖੜੀ ਹੋ ਗਈ। ਮੁਸ਼ਕਿਲ ਇਹੀ ਹੈ ਕਿ ਜੇਕਰ ਬਾਹਰੋਂ ਸੱਚੀਆਂ ਗੱਲਾਂ ਵਿਚ ਲਿਆ ਕੇ ਦੱਸ ਦੇਈਏ ਤਾਂ ਅਜਿਹਾ ਹੀ ਹੁੰਦਾ ਹੈ। ਸਰਵੇ ਕਰਨ ਲਈ ਇਨ੍ਹਾਂ ਵਲੋਂ ਹੀ ਝੂੰਦਾ ਕਮੇਟੀ ਬਣਾਈ ਗਈ ਅਤੇ ਪੰਜਾਬ ਦੇ ਸਾਰੇ ਇਲਾਕਿਆਂ ਵਿਚੋਂ ਘੁੰਮ ਕੇ ਜਦੋਂ ਉਸ ਕਮੇਟੀ ਨੇ ਰਿਪੋਰਟ ਪੇਸ਼ ਕੀਤੀ ਜਿਸ ਵਿਚ ਕਿਹਾ ਗਿਆ ਕਿ ਲੀਡਰਸ਼ਿਪ ਬਦਲਣੀ ਚਾਹੀਦੀ ਹੈ ਅਤੇ ਪਰਿਵਾਰਵਾਦ ਖਤਮ ਕਰਨਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਇਸ ਵਿਚ ਸਿਆਸਤ ਭਾਰੂ ਨਹੀਂ ਹੋਣੀ ਚਾਹੀਦੀ ਸਗੋਂ ਧਰਮ ਪ੍ਰਮੁੱਖ ਹੋਣਾ ਚਾਹੀਦਾ ਹੈ ਕਿਉਂਕਿ ਇਹ ਮੀਰੀ-ਪੀਰੀ ਦਾ ਸਿਧਾਂਤ ਹੈ। ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਐਸ.ਜੀ.ਪੀ.ਸੀ. ਸ਼ਿਰੋਮਣੀ ਅਕਾਲੀ ਦਲ ਨੂੰ ਸਿਆਸੀ, ਸਮਾਜਿਕ ਅਤੇ ਧਾਰਮਿਕ ਸੇਧ ਦੇਵੇ। ਕਰਨੀ ਤਾਂ ਧਰਮ ਪ੍ਰਮੁੱਖਤਾ ਹੈ ਪਰ ਇਹ ਹੁਣ ਸਿਆਸਤ ਪ੍ਰਮੁੱਖਤਾ ਹੋ ਗਈ ਹੈ। ਅਸੀਂ ਕਿਹਾ ਕਿ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਲੋਕਾਂ ਨੇ ਵੀ ਇਹੀ ਗੱਲ ਕਹੀ, ਇਨ੍ਹਾਂ ਨੇ ਹਾਮੀ ਵੀ ਭਰੀ। ਕੋਰ ਕਮੇਟੀ ਵਿਚ ਇਸ ਦੀ ਚਰਚਾ ਹੋਣ ਮਗਰੋਂ ਅਸੀਂ ਵਰਕਿੰਗ ਕਮੇਟੀ ਵਿਚ ਚਰਚਾ ਲਈ ਕਿਹਾ, ਅਸੀਂ ਸਾਰੇ ਅਧਿਕਾਰ ਵੀ ਦਿਤੇ ਅਤੇ ਲੋਕਾਂ ਦੀ ਰਾਏ ਜਾਨਣ ਲਈ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ, ਐਮ.ਐਲ.ਏ. ਆਦਿ ਨੂੰ ਬੁਲਾ ਕੇ ਵਿਚਾਰ ਵਟਾਂਦਰਾ ਕੀਤਾ ਜਾਵੇ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਧਿਕਾਰ ਤਾਂ ਇਸ ਲਈ ਲਏ ਸਨ ਪਰ ਸ਼ਾਮ ਨੂੰ ਜਾ ਕੇ ਸਾਰਾ ਢਾਂਚਾ ਹੀ ਭੰਗ ਕਰ ਦਿੱਤਾ। ਚੀਮਾ ਸਾਬ੍ਹ ਨੇ ਸ਼ਾਮ ਨੂੰ ਫੋਨ ਕੀਤਾ ਕਿ ਬਾਦਲ ਸਾਬ੍ਹ ਤੁਸੀਂ ਤਾਂ ਸਕੱਤਰ ਵੀ ਭੰਗ ਕਰ ਦਿੱਤਾ। ਹੁਣ ਇਕੱਲੇ ਕੰਮ ਕਿਵੇਂ ਚਲਾਓਗੇ? ਬਾਦਲ ਸਾਬ੍ਹ ਨੇ ਤੁਰੰਤ ਕਾਰਵਾਈ ਕਰਦਿਆਂ ਵਰਕਿੰਗ ਕਮੇਟੀ ਅਤੇ ਸਕੱਤਰ ਬਹਾਲ ਕਰ ਦਿਤੇ। ਕਾਹਲੀ ਵਿਚ ਅਜਿਹੀਆਂ ਹੀ ਗ਼ਲਤ ਚੀਜ਼ਾਂ ਹੁੰਦੀਆਂ ਹਨ ਜਿਸ ਦਾ ਅਸਰ ਪਾਰਟੀ 'ਤੇ ਵੀ ਪੈਂਦਾ ਹੈ। ਅਸੀਂ ਬਾਹਰ ਆ ਕੇ ਕੀ ਕਹਿ ਸਕਦੇ ਹਾਂ ਸਿਰਫ਼ ਪਾਰਟੀ ਦੇ ਅੰਦਰ ਹੀ ਕਹਿ ਸਕਦੇ ਹਾਂ ਕਿ ਜੋ ਗਲਤ ਹੋ ਰਿਹਾ ਹੈ ਉਸ ਦੀ ਸੁਧਾਈ ਕੀਤੀ ਜਾਵੇ। ਹੁਣ ਅਨੁਸ਼ਾਸ਼ਨੀ ਕਮੇਟੀ ਵੀ ਉਨ੍ਹਾਂ ਨੇ ਆਪ ਹੀ ਬਣਾ ਦਿੱਤੀ ਜੋ ਕਿ ਵਰਕਿੰਗ ਕਮੇਟੀ ਦਾ ਕੰਮ ਸੀ। ਅਨੁਸ਼ਾਸ਼ਨੀ ਕਮੇਟੀ ਪੰਜ ਵਿਚ ਬਣੀ ਕਿਉਂ? ਕਿਉਂਕਿ ਗੁਰੂ ਕੇ ਬਾਗ ਤੋਂ ਬਾਦਲ ਸਾਬ੍ਹ ਆਏ ਅਤੇ ਉਥੋਂ ਹੀ ਅਸੀਂ ਵੀ ਗਏ। ਇਕ ਮੀਟਿੰਗ ਮਨਪ੍ਰੀਤ ਸਿੰਘ ਇਆਲੀ ਹੁਣਾਂ ਨੇ ਕਾਹਲੋਂ ਸਾਬ੍ਹ ਦੇ ਘਰ ਕੀਤੀ ਸੀ। ਗੁਰਦਾਸਪੁਰ ਅਤੇ ਅੰਮ੍ਰਿਤਸਰ ਦਾ ਕੋਈ ਵੀ ਆਗੂ ਉਥੇ ਗੁਰੂ ਕੇ ਬਾਗ ਨਹੀਂ ਆਇਆ ਸੀ। ਮੈਂ ਪਾਰਟੀ ਨੂੰ ਆਪਣਾ ਸਮਝਦੀ ਹਾਂ ਅਤੇ ਚਾਹੁੰਦੀ ਹਾਂ ਕਿ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਫ਼ਿਕਰਮੰਦ ਰਹਿੰਦੀ ਹਾਂ।  ਅੰਮ੍ਰਿਤਸਰ ਤੋਂ ਲੰਘਦੇ ਸਮੇਂ ਮੈਂ ਸਾਡੇ ਇੱਕ ਡਾਕਟਰ ਸ਼ਕੀਲ ਸਾਬ੍ਹ ਨੂੰ ਫੋਨ ਕਰ ਲਿਆ ਅਤੇ ਉਨ੍ਹਾਂ ਦੇ ਘਰ ਕਾਫੀ ਪੀਣ ਬੈਠ ਗਏ।  ਮੈਂ ਕਾਹਲੋਂ ਸਾਬ੍ਹ ਨੂੰ ਪੁੱਛਿਆ ਕਿ ਅੱਜ ਤੁਸੀਂ ਕੋਈ ਵੀ ਲੀਡਰ ਨਹੀਂ ਆਇਆ ਕਿਥੇ ਹੋ ਤਾਂ ਉਨ੍ਹਾਂ ਦੱਸਿਆ ਕਿ ਘਰ ਹਨ।  ਮੈਂ ਕਿਹਾ ਕਿ ਗੁਰਦਾਸਪੁਰ ਕਹਿੰਦੇ ਨਹੀਂ ਜੀ ਅੰਮ੍ਰਿਤਸਰ। ਮੈਂ ਦੱਸਿਆ ਕਿ ਮੈਂ ਡਾਕਟਰ ਸਾਬ੍ਹ ਦੇ ਘਰ ਹਾਂ ਤਾਂ ਉਨ੍ਹਾਂ ਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਕਿਹਾ ਕਿ ਮੇਰਾ ਘਰ ਕੁਝ ਦੂਰੀ 'ਤੇ ਹੀ ਹੈ। ਜਦੋਂ ਮੈਂ ਉਥੇ ਪਹੁੰਚੀ ਤਾਂ ਉਦੋਂ ਚਾਰ-ਪੰਜ ਆਗੂ ਇਕੱਠੇ ਬੈਠੇ ਹੋਏ ਸੀ ਅਤੇ ਮਸ਼ਵਰਾ ਕਰ ਰਹੇ ਸਨ ਕਿ ਬਾਦਲ ਸਾਬ੍ਹ ਤੋਂ ਝੂੰਦਾ ਕਮੇਟੀ ਦੇ ਸੰਬੰਧ ਵਿਚ ਸਮਾਂ ਲਈਏ। ਮੈਂ ਚੰਦੂਮਾਜਰਾ ਸਾਬ੍ਹ ਨੂੰ ਕਿਹਾ ਕਿ ਬਾਦਲ ਸਾਬ੍ਹ ਹੁਣ ਤਾਂ ਤੁਹਾਡੇ ਕੋਲੋਂ ਗਏ ਨੇ ਤੁਸੀਂ ਉਸ ਸਮੇਂ ਹੀ ਪੁੱਛ ਲੈਣਾ ਸੀ। ਮੈਂ ਉਸੇ ਵਕਤ ਚੀਮਾ ਸਾਬ੍ਹ ਨੂੰ ਫੋਨ ਮਿਲਾਇਆ ਅਤੇ ਕਿਹਾ ਕਿ ਚੰਦੂਮਾਜਰਾ ਨਾਲ ਗੱਲ ਕਰੋ ਅਤੇ ਇਨ੍ਹਾਂ ਨੂੰ ਬਾਦਲ ਸਾਬ੍ਹ ਨਾਲ ਮੁਲਾਕਾਤ ਦਾ ਸਮਾਂ ਦੇ ਦਿਓ। ਫਿਰ ਇਨ੍ਹਾਂ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 20 ਨੂੰ ਆਉਣ ਲਈ ਕਿਹਾ।  ਉਸ ਸਮੇਂ ਇਹ ਫੋਟੋ ਖਿੱਚਣ ਲੱਗੇ ਤਾਂ ਮੈਂ ਮਨ੍ਹਾ ਕੀਤਾ ਕਿ ਮੈਂ ਤੁਹਾਡੀ ਮੀਟਿੰਗ ਵਿਚ ਨਹੀਂ ਆਈ ਅਤੇ ਨਾ ਹੀ ਤੁਸੀਂ ਮੈਨੂੰ ਬੁਲਾਇਆ ਸਗੋਂ ਮੈਂ ਤਾਂ ਸਿਰਫ਼ ਤੁਹਾਨੂੰ ਪੁੱਛਣ ਆਈ ਹਾਂ ਕਿ ਤੁਸੀਂ ਉਥੇ ਕਿਉਂ ਨਹੀਂ ਆਏ। ਬਸ ਇੰਨਾ ਹੀ ਸਮਾਂ ਸੀ ਕਿ ਜਦੋਂ ਅਸੀਂ ਉਥੋਂ ਬਾਹਰ ਨਿਕਲੇ ਤਾਂ ਵ੍ਹਟਸਐਪ 'ਤੇ ਮੈਸੇਜ ਆ ਗਿਆ ਕਿ ਕਮੇਟੀ ਭੰਗ ਹੋ ਗਈ।

- ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਇਹੋ ਜਿਹੇ ਫੈਸਲੇ ਵ੍ਹਟਸਐਪ 'ਤੇ ਹੀ ਕਰ ਲਏ ਜਾਂਦੇ ਹਨ। ਭਾਵੇਂ ਉਹ ਸਿੱਖ ਪੰਥ ਦੇ ਮਸਲੇ ਹੋਣ ਜਾਂ ਹੁਕਮ ਹੋਵੇ ਕੇ ਫਲਾਣੇ ਨੂੰ ਪੰਥ ਵਿਚੋਂ ਛੇਕ ਦਿਓ, ਇਹ ਸਭ ਵ੍ਹਟਸਐਪ 'ਤੇ ਹੋਣ ਲੱਗ ਪਿਆ ਹੈ। ਤੁਸੀਂ ਇਸ ਪਾਰਟੀ ਦਾ ਹਿੱਸਾ ਰਹੇ ਹੋ ਜੇਕਰ ਉਹ ਤੁਹਾਡੀ ਗੱਲ ਮੰਨ ਜਾਂਦੇ? ਤੁਹਾਡਾ ਬਾਦਲ ਪਰਿਵਾਰ ਨਾਲ ਬਹੁਤ ਕਰੀਬ ਦਾ ਰਿਸ਼ਤਾ ਹੈ ਪਰ ਕੀ ਸਾਰੇ ਰਿਸ਼ਤੇ ਭੁਲਾ ਕੇ ਸਿਰਫ਼ ਤੇ ਸਿਰਫ਼ ਗੁਰੂ ਦਾ ਹੁਕਮ ਮੰਨਣਾ ਪੈਂਦਾ ਤਾਂ ਕੀ ਇਹ ਮੁਮਕਿਨ ਹੈ?

- ਬਿਲਕੁਲ ਮੁਮਕਿਨ ਹੈ। ਮੈਂ ਪਹਿਲਾਂ ਵੀ ਪੰਥ ਦਾ ਹੀ ਹਿੱਸਾ ਰਹੀ ਹਾਂ। ਉਹ ਵੱਖਰੀ ਗੱਲ ਹੈ ਕਿ ਉਸ ਪਾਰਟੀ ਵਿਚ ਰਹਿ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਜਾ ਸਕਦੀ। ਮੈਂ ਅੱਜ ਵੀ ਪਾਰਟੀ ਤੋਂ ਬਾਹਰ ਨਹੀਂ ਜਾਣਾ, ਸ਼੍ਰੋਮਣੀ ਅਕਾਲੀ ਦਲ ਨਾਲ ਹਾਂ। ਹੁਣ ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਹੋਵੇਗਾ। ਇਹ ਇਸ ਵੇਲੇ ਸਿੰਗਲ ਮੈਨ ਪਾਰਟੀ ਹੈ। ਸਾਰੇ ਲੀਡਰ ਭਾਵੇਂ ਉਹ ਪਾਰਟੀ ਦੇ ਵਿਚ ਹੀ ਕਿਉਂ ਨਾ ਬੈਠੇ ਹੋਣ ਉਹ ਇਸ ਵਕਤ ਮੇਰੇ ਨਾਲ ਹਨ।
 
- ਸਾਰੇ ਆਗੂ ਤਾਂ ਬੈਗ ਲੈ ਕੇ ਬਾਹਰ ਘੁੰਮ ਰਹੇ ਹਨ ਪਰ ਤੁਸੀਂ ਅਰਾਮ ਨਾਲ ਘਰ ਬੈਠੇ ਹੋ?

- ਇਹ ਤਾਂ ਬਾਦਲ ਸਾਬ੍ਹ ਨੂੰ ਵੀ ਪਤਾ ਹੈ ਕਿ ਜਦੋਂ ਵੀ ਮੈਂ ਚੋਣ ਲੜਦੀ ਹਾਂ ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈ ਅਤੇ ਨਾ ਹੀ ਵਾਧੂ ਪੈਸੇ। ਜਿਸ ਲੀਡਰ ਦੀ ਜ਼ਮੀਨ ਵੀ ਉਹ ਹੋਵੇ ਜੋ 25 ਕਿੱਲੇ ਸਹੁਰਿਆਂ ਨੇ ਦਿੱਤੀ ਹੋਏ ਅਤੇ ਇੱਕ ਬਾਬਾ ਜੀ ਦਾ ਸਥਾਨ ਹੈ ਜਿਥੇ ਸੇਵਾ ਕਰਦੀ ਹਾਂ ਕਦੇ ਬਾਬਾ ਬਣ ਕੇ ਨਹੀਂ ਬੈਠੀ।  ਉਥੇ ਜਿੰਨੀ ਵੀ ਮਾਇਆ ਆਉਂਦੀ ਹੈ ਉਸ ਨਾਲ ਗੁਰੂ ਦਾ ਲੰਗਰ ਚਲਦਾ ਹੈ ਅਤੇ ਹੋਰ ਸਮਾਗਮ ਤੇ ਗੁਰਦੁਆਰੇ ਦਾ ਰੱਖ-ਰਖਾਅ ਕੀਤਾ ਜਾਂਦਾ ਹੈ।

- ਇਹ ਮੰਨਿਆ ਜਾਂਦਾ ਹੈ ਕਿ ਗੁਰੂ ਦੀ ਗੋਲਕ ਦੀ ਚੋਰੀ ਬਹੁਤ ਹੁੰਦੀ ਹੈ ਅਤੇ ਸਾਰੇ ਸਿਆਸਤਦਾਨ ਆਪਣਾ ਘਰ ਚਲਾਉਂਦੇ ਹਨ। ਜਿਵੇਂ ਤੁਸੀਂ ਆਪਣੀ ਇੱਕ ਇੰਟਰਵੀਊ ਵਿਚ ਨਨਕਾਣਾ ਸਾਹਿਬ ਦਾ ਜ਼ਿਕਰ ਕੀਤਾ ਸੀ ਜਿਥੇ ਟਰੱਸਟ ਵਲੋਂ ਪ੍ਰਿੰਸੀਪਲ ਨੂੰ ਆਪਣੀ ਮਰਜ਼ੀ ਨਾਲ ਕੱਢ ਦਿੱਤਾ ਗਿਆ ਸੀ। ਅੱਜ ਦੇ ਸਮੇਂ ਵਿਚ ਖ਼ਾਲਸਾ ਸਕੂਲਾਂ ਦਾ ਜੋ ਹਾਲ ਹੈ ਉਹ ਸਭ ਦੇ ਸਾਹਮਣੇ ਹੈ।

- ਇਸ ਬਾਰੇ ਮੈਂ ਬਹੁਤ ਕਿਹਾ ਹੈ ਕਿ ਸਾਰੇ ਟਰੱਸਟ ਭੰਗ ਕਰ ਦਿਓ ਅਤੇ ਪ੍ਰਧਾਨ ਜੀ ਨੇ ਵੀ ਹਾਮੀ ਭਰੀ ਸੀ। ਮੈਂ ਕਿਹਾ ਸੀ ਕਿ ਐਮ.ਐਲ.ਏ. ਮੰਤਰੀ ਆਦਿ ਸਿੱਧੇ ਤੌਰ 'ਤੇ ਕਾਲਜਾਂ ਵਿਚ ਨਹੀਂ ਆਉਣੇ ਚਾਹੀਦੇ। ਮੈਂ ਕਿਹਾ ਸੀ ਕੇ ਇਕੱਲੇ ਮੈਂਬਰ ਇਸ ਵਿਚ ਹੋਣੇ ਚਾਹੀਦੇ ਹਨ ਜਿਸ ਨਾਲ ਸਾਰਾ ਕੰਮ ਠੀਕ ਹੋ ਸਕਦਾ ਹੈ ਅਤੇ ਸਿਫ਼ਾਰਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ।
ਮੈਨੂੰ ਪਾਰਟੀ ਵਿਚੋਂ ਕੱਢਣਾ ਬਹੁਤ ਹੀ ਗਲਤ ਹੈ ਕਿਉਂਕਿ ਨਾ ਤਾਂ ਕੋਈ ਸ਼ਿਕਾਇਤ ਅਤੇ ਨਾ ਮੈਨੂੰ ਬੁਲਾ ਕੇ ਕਿਹਾ ਗਿਆ, ਬਸ ਕਾਰਵਾਈ ਕੀਤੀ ਗਈ।

- ਬੀਬੀ ਜੀ ਮਰਿਆਦਾਵਾਂ ਤੋੜ ਕੇ, ਸਾਰੇ ਨਿਯਮ ਤੋੜ ਕੇ ਸਿਰਫ਼ ਇੱਕ ਪਰਿਵਾਰ ਨਾਲ ਜਾਂ ਇੱਕ ਪ੍ਰਧਾਨ ਨਾਲ ਵਫ਼ਾਦਾਰੀ ਨਿਭਾਉਣ ਵਾਲੇ ਆਪਣੇ ਆਪ ਨੂੰ ਸਿੱਖ ਕਿਵੇਂ ਕਹਾਉਂਦੇ ਹਨ?

- ਨਹੀਂ ਪਰਿਵਾਰ ਨਾਲ ਨਹੀਂ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਹੀਂ ਹੋਵੇਗਾ ਤਾਂ ਕਿੱਥੇ ਜਾਵਾਂਗੇ ਅਸੀਂ। ਅਸੀਂ ਚੋਣ ਕਿਉਂ ਕੀਤੀ। ਅਸੀਂ ਡੈਲੀਗੇਟ ਬਣਾਉਂਦੇ ਹਾਂ ਭਰਤੀ ਕਰਦੇ ਹਾਂ, ਉਹ ਡੈਲੀਗੇਟਸ ਜਦੋਂ ਅਸੀਂ ਇਕੱਠੇ ਕਰਦੇ ਹਾਂ ਤਾਂ ਉਦੋਂ ਪ੍ਰਧਾਨ ਦਾ ਨਾਂਅ ਪੇਸ਼ ਕੀਤਾ ਜਾਂਦਾ ਹੈ। ਇਹ ਤਾਂ ਹੁਣ ਪ੍ਰਧਾਨ ਨੂੰ ਸਮਝਣਾ ਚਾਹੀਦਾ ਹੈ ਕਿ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ।

- ਬੀਬੀ ਜੀ ਜੇ ਤੁਸੀਂ ਕੱਲ੍ਹ ਚੁਣੇ ਜਾਂਦੇ ਹੋ, ਤੇ ਤੁਹਾਨੂੰ ਇਹ ਮੈਨੀਫ਼ੈਸਟੋ ਲਾਗੂ ਕਰਨ ਦਾ ਮੌਕਾ ਮਿਲਦਾ ਹੈ ਤਾਂ ਕੀ ਤੁਸੀਂ ਇਹ ਲਾਗੂ ਕਰ ਪਾਓਗੇ, ਜਿਹੜਾ ਕਿ ਬਾਦਲ ਪਰਿਵਾਰ ਨੂੰ ਆਰਥਿਕ ਨੁਕਸਾਨ ਵੀ ਕਰੇਗਾ।

- ਮੇਰਾ ਇਸ ਵੇਲੇ ਬਾਦਲ ਪਰਿਵਾਰ ਨਾਲ ਕੋਈ ਮਤਲਬ ਨਹੀਂ। ਸ਼ਿਸ਼ਟਾਚਾਰ ਮੈਂ ਇਸ ਲਈ ਕਰਦੀ ਹਾਂ ਕਿ ਮੈਂ ਉਨ੍ਹਾਂ ਦੀ ਕੋਈ ਦੁਸ਼ਮਣ ਨਹੀਂ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਰਿਹਾ। ਉਹ ਮੈਨੂੰ ਆਪਣੇ ਤੋਂ ਵੱਖਰਾ ਕਰਨਾ ਚਾਹੁੰਦੇ ਹਨ। ਹੋ ਸਕਦਾ ਹੈ ਪਰਿਵਾਰ 'ਚ ਅਜਿਹਾ ਮਾਹੌਲ ਹੋਵੇ ਕਿ ਬੀਬੀ ਸਾਨੂੰ ਟੋਕਦੀ ਹੈ, ਪਰ ਮੈਂ ਤਾਂ ਉਨ੍ਹਾਂ ਤੱਕ ਲੋਕਾਂ ਦੀ ਹੀ ਆਵਾਜ਼ ਪਹੁੰਚਾਉਂਦੀ ਹਾਂ।

- ਬੀਬੀ ਜੀ ਮੈਂ ਸੁਣਿਆ ਹੈ ਕਿ ਤੁਹਾਡਾ ਸੁਖਬੀਰ ਬਾਦਲ ਨਾਲ ਬੜਾ ਪਿਆਰ ਹੈ, ਪਰ ਬਾਕੀ ਪਰਿਵਾਰ ਜਿਵੇਂ ਹਰਸਿਮਰਤ ਬਾਦਲ ਉਹਨਾਂ ਨਾਲ ਉਹ ਗੱਲ ਨਹੀਂ।

- ਜੈਲਸੀ (ਈਰਖਾ) ਹੈ ਜੀ ਹੋਰ ਕੁਝ ਨਹੀਂ। 550 ਸਾਲਾ ਯਾਦਗਾਰੀ ਸਮਾਗਮਾਂ 'ਚ ਉਨ੍ਹਾਂ ਨੇ ਆਈ.ਟੀ. ਸੈੱਲ ਨੂੰ ਹਿਦਾਇਤ ਦਿੱਤੀ ਕਿ ਬੀਬੀ ਦੀ ਫ਼ੋਟੋ ਨਾਲ ਨਹੀਂ ਆਉਣੀ ਚਾਹੀਦੀ।

- ਸੁਖਬੀਰ ਬਾਦਲ ਨੇ?

- ਨਹੀਂ, ਬੀਬਾ ਬਾਦਲ ਨੇ। ਕਿ ਮੇਰੀ ਸੇਵਾ ਕਰਦੀ ਦੀ ਇਕੱਲੀ ਦੀ ਤਸਵੀਰ ਆਉਣੀ ਚਾਹੀਦੀ ਹੈ। ਐਥੋਂ ਤੱਕ ਹਿਦਾਇਤਾਂ ਕਰਦੇ ਹੁੰਦੇ ਸੀ। ਕੀ ਕਰੋਂਗੇ ਤੁਸੀਂ ਕਿ ਇੱਕੋ ਲੀਡਰ ਹੋਣੀ ਚਾਹੀਦੀ ਬੱਸ। ਹਾਲਾਂਕਿ ਮੈਂ ਸਮਝਦੀ ਸੀ ਕਿ ਸਾਡੀ ਧੀ ਹੈ, ਸਾਡੀ ਬੱਚੀ ਹੈ, ਮੈਂ ਤਾਂ ਆਪਣਾ ਪਰਿਵਾਰ ਸਮਝਦੀ ਸੀ। ਵੱਡੀਆਂ ਪਦਵੀਆਂ 'ਤੇ ਰਹਿਣ ਦੇ ਬਾਵਜੂਦ ਮੈਂ ਕਹਿਣਾ ਕਿ ਨਹੀਂ ਮੈਂ ਸਤਿਕਾਰ ਦੇਣਾ।

- ਬਿਕਰਮ ਮਜੀਠੀਆ ਨਾਲ ਰਿਸ਼ਤੇ ਕਿਹੋ ਜਿਹੇ ਹਨ?

- ਰਿਸ਼ਤੇ ਮੇਰੇ ਸਭ ਨਾਲ ਹੀ ਠੀਕ ਹਨ, ਬੱਸ ਇਹੀ ਹੈ ਕਿ ਮੈਂ ਰੋਕ-ਟੋਕ ਦਿੰਦੀ ਹਾਂ।

- ਬੀਬੀ ਜੀ ਇਹ ਚੋਣਾਂ ਜਿੱਤਣ ਤੋਂ ਬਾਅਦ ਤੁਹਾਨੂੰ ਪੰਥ ਦਾ ਵਿਸ਼ਵਾਸ ਦੁਬਾਰਾ ਜਿੱਤਣਾ ਪਵੇਗਾ ਕਿਉਂ ਕਿ ਕੁਝ ਦਾਗ਼ ਹਨ ਜੋ ਮੁਸ਼ਕਿਲ ਪੈਦਾ ਕਰ ਸਕਦੇ ਹਨ।

- ਇੱਕ ਗੱਲ ਦੱਸਣ, ਪੰਥ ਨੂੰ ਹੈਗਾ ਮੇਰੇ 'ਤੇ ਵਿਸ਼ਵਾਸ। ਉਨ੍ਹਾਂ ਨੂੰ ਪਤਾ ਕਿ ਇਹ ਜ਼ਾਬਤੇ 'ਚ ਅਨੁਸ਼ਾਸਨ 'ਚ ਰਹਿੰਦੀ ਹੈ। ਬਾਹਰ ਕਾਂਗਰਸ 'ਚ ਮੈਂ ਜਾ ਨਹੀਂ ਸਕਦੀ, ਬੀਜੇਪੀ ਨਾਲ ਮੈਂ ਜਾ ਨਹੀਂ ਸਕਲਦੀ ਜਿੰਨਾ ਕੋਈ ਮਰਜ਼ੀ ਜ਼ੋਰ ਲਗਾ ਲਵੇ।

- ਇਹ ਕਿਹਾ ਜਾਂਦਾ ਹੈ ਕਿ ਬੀਜੇਪੀ-ਆਰਐਸਐਸ ਦਾ ਬਾਦਲ ਪਰਿਵਾਰ 'ਤੇ ਬੜਾ ਪ੍ਰਭਾਵ ਹੈ ਤੇ ਉਸ ਦੇ ਰਾਹੀਂ ਸ਼੍ਰੋਮਣੀ ਕਮੇਟੀ 'ਤੇ, ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?

- ਆਰਐਸਐਸ ਦਾ ਇਨ੍ਹਾਂ ਨਾਲ ਹੋਵੇਗਾ, ਮੇਰੇ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਦੀ ਧਾਰਮਿਕ ਜੱਥੇਬੰਦੀ ਹੈ ਬੀਜੇਪੀ ਦੀ। ਮੈਂ ਵੈਸੇ ਹੈਰਾਨ ਹਾਂ ਕਿ ਉਹ ਪਾਰਟੀ ਸਾਡੇ ਤੋਂ 5 ਸਾਲ ਛੋਟੀ ਹੈ, ਉਹ ਧਰਮ ਪ੍ਰਮੁੱਖਤਾ ਰੱਖ ਕੇ ਉਸ ਅਨੁਸਾਰ ਚੱਲਦੇ ਨੇ, ਤੇ ਦੇਸ਼ 'ਤੇ ਰਾਜ ਕਰ ਰਹੇ ਨੇ। ਤੇ ਅਸੀਂ, ਧਰਮ ਪ੍ਰਮੁੱਖਤਾ ਗੁਆ ਕੇ ਆਪਣੇ ਮੁਤਾਬਿਕ ਚਲਾਉਂਦੇ ਹਾਂ ਤੇ ਅਸੀਂ ਕਿੱਥੇ ਤੋਂ ਕਿੱਥੇ ਪਹੁੰਚ ਗਏ। ਸਾਨੂੰ ਐਥੋਂ ਸਬਕ ਲੈਣਾ ਚਾਹੀਦਾ ਹੈ। ਧਰਮ ਨੂੰ ਪ੍ਰਮੁੱਖ ਰੱਖ ਕੇ ਉਹ ਆਰਐਸਐਸ ਦਾ ਹੁਕਮ ਮੰਨਦੇ ਹਨ।

- ਪਰ ਤੁਹਾਡੇ 'ਚ ਬਾਦਲ ਪਰਿਵਾਰ ਦਾ ਮੰਨਦੇ ਨੇ

- ਦੇਖੋ ਇੱਕ ਪ੍ਰਧਾਨ ਵਜੋਂ ਤਾਂ ਅਨੁਸ਼ਾਸਨ ਰੱਖਣਾ ਹੀ ਪੈਂਦਾ ਹੈ। ਬਾਦਲ ਪਰਿਵਾਰ ਵਿੱਚ ਹੋ ਸਕਦਾ ਹੈ ਅਸੀਂ ਕਹਿੰਦੇ ਵੀ ਹੋਈਏ, ਸਾਨੂੰ ਕਹਿਣਾ ਵੀ ਪੈਂਦਾ ਹੈ। ਸਿੱਧਾ ਇਹ ਹੈ ਕਿ ਜਿਹੜਾ ਜ਼ਿਆਦਾ ਕਹਿੰਦਾ ਹੈ ਉਸ 'ਤੇ ਵਿਸ਼ਵਾਸ ਘਟਾ ਦਿੰਦੇ ਹਨ ਕਿ ਇਹ ਸਾਨੂੰ ਚੁਣੌਤੀ ਹੈ। ਮੈਂ ਇੱਕ ਵਾਰ ਆਪਣੇ ਕੰਨਾਂ ਨਾਲ ਆਪ ਸੁਣਿਆ ਹੈ, ਸਾਡੇ ਲੀਡਰਾਂ ਵਿੱਚੋਂ ਹੀ ਕਿਸੇ ਨੇ ਕਿਹਾ ਕਿ ਬੀਬੀ ਨੂੰ ਬਹੁਤਾ ਵੀ ਨਾ ਲੰਮਾ ਸਮਾਂ ਰੱਖਿਓ, ਦੂਜੀ ਟੋਹੜਾ ਬਣ ਜਾਵੇਗੀ। ਤਾਂ ਮੈਨੂੰ ਇੱਕ ਸਾਲ ਹੀ ਦਿੰਦੇ ਸੀ। ਪਰ ਇੱਕ-ਇੱਕ ਸਾਲ ਕੰਮ ਕਰਾਂਗੇ ਤਾਂ ਲੋਕ ਸੰਪਰਕ ਤਾਂ ਬਣਨਾ ਹੀ ਹੈ। ਤੇ ਮੈਂ ਸਮਝਦੀ ਹਾਂ ਕਿ ਮਸ਼ਹੂਰੀ ਹੀ ਮੇਰੀ ਦੁਸ਼ਮਣ ਬਣਦੀ ਹੈ।

- ਇਨ੍ਹਾਂ ਕੰਮਾਂ 'ਚੋਂ ਕੋਈ ਕੰਮ ਤੁਸੀਂ ਉਨ੍ਹਾਂ ਇੱਕ-ਇੱਕ ਸਾਲ ਦੇ ਸਮੇਂ ਦੌਰਾਨ ਨਹੀਂ ਕਰ ਪਾਏ?

- ਕੰਮ ਮੈਂ ਬਹੁਤ ਕੀਤੇ ਇਸ 'ਚ ਕੋਈ ਸ਼ੱਕ ਨਹੀਂ। ਜੇ ਮੈਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਲਾਹਿਆ ਸੀ ਤਾਂ ਮੈਂ ਕਿਹੜਾ ਪੁੱਛ ਕੇ ਲਾਹਿਆ, ਮੇਰੈ ਮਰਜ਼ੀ ਸੀ ਮੈਂ ਲਾਹ ਦਿੱਤਾ। ਮੇਰੀ ਮਰਜ਼ੀ ਨਹੀਂ ਪੰਥ ਦੀ ਸੋਚ ਸੀ। ਮੈਂ ਓਪੰਥ ਦੇਖਿਆ, ਮਰਿਆਦਾ ਦੇਖੀ। ਮੈਂ ਇਨ੍ਹਾਂ ਨੂੰ ਨਹੀਂ ਪੁੱਛਿਆ।  ਮੈਂ ਸਿਰਫ਼ ਦੱਸਿਆ ਕਿ ਮੈਂ ਲਾਹ ਦਿੱਤਾ,ਮ ਕਹਿੰਦੇ ਕਿ ਠੀਕ ਹੈ ਜੀ।
ਇਨ੍ਹਾਂ ਨੂੰ ਪਤਾ ਹੈ ਜੇ ਇਹ ਸਖ਼ਤ ਐਕਸ਼ਨ ਲੈਣ 'ਤੇ ਆ ਜਾਵੇ ਤਾਂ ਇਸ ਨੇ ਲੈ ਲੈਣਾ ਹੈ। ਜਿਵੇਂ ਸੋਨੇ ਦੇ ਪੱਤਰੇ ਦੀ ਗੱਲ ਸੀ, ਮੈਂ ਲੁਹਾ ਦਿੱਤਾ ਰਾਤੋ-ਰਾਤ। ਇਹ ਕਹਿੰਦੇ ਕਿ ਦਰਸ਼ਨੀ ਡਿਉਢੀ ਸਾਹਮਣੇ ਕੰਧ ਕੱਢਣੀ ਹੈ ਕਿ ਸੰਗਤ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ 'ਚ ਨਾ ਜਾਵੇ, ਮੈਂ ਕਿਹਾ ਕਿ ਜੀ ਬਿਲਕੁਲ ਨਹੀਂ ਕੱਢਣੀ। ਸੋ ਇਹਨਾਂ ਨੂੰ ਪਤਾ ਹੈ ਕਿ ਇਹ ਰੋਕੇਗੀ ਸਾਨੂੰ। ਆਰਐਸਐਸ ਦੇ ਖ਼ਿਲਾਫ਼ ਮੈਂ ਮਤਾ ਪਾਇਆ ਸੀ ਜਦੋਂ ਮੈਂ ਪ੍ਰਧਾਨ ਸੀ। ਇਨ੍ਹਾਂ ਨੇ ਮੈਨੂੰ ਬੁਲਾ ਕੇ ਕਿਹਾ ਸੀ ਕਿ ਤੁਹਾਨੂੰ ਕਿਸ ਨੇ ਕਿਹਾ ਸੀ ਕਿ ਇਹ ਮਤਾ ਪਾਓ। ਕਿਉਂ ਕਿ ਇਨ੍ਹਾਂ ਨੂੰ ਉੱਥੋਂ ਖਿੱਚ ਪਈ ਹੋਣੀ, ਖਿੱਚਿਆ ਹੋਣਾ। ਮੈਨੂੰ ਕਿਸੇ ਦਾ ਡਰ ਹੀ ਨਹੀਂ। ਨਾ ਭਾਰਤ ਸਰਕਾਰ ਦਾ, ਨਾ ਆਰਐਸਐਸ ਦਾ। ਮੈਂ ਪੰਥ ਨਾਲ ਖੜ੍ਹੀ ਹਾਂ ਤੇ ਪੰਥ ਨਾਲ ਖੜ੍ਹਾਂਗੀ।

- ਦੇਖਦੇ ਹਾਂ ਕੱਲ੍ਹ ਕੀ ਹੁੰਦਾ ਹੈ, ਤੁਸੀਂ ਜਿੱਤਦੇ ਹੋ ਜਾਂ...

- ਓ ਕੋਈ ਨੀ ਜੀ, ਇਹ ਤੇ ਜਿੱਤ ਹੀ ਹੈ। ਦੇਖੋ ਮੈਨੂੰ ਕੋਈ ਚਿੰਤਾ ਹੈ? ਸਾਰੇ ਮੈਂਬਰਾਂ ਨੂੰ ਉਹ ਲੈ ਕੇ ਬੈਠੇ ਹਨ, ਅੱਜ ਕੀ ਲੋੜ ਸੀ ਉਨ੍ਹਾਂ ਨੂੰ। ਤੁਸੀਂ ਦੱਸੋ, ਕੀ ਇਸ 'ਚ ਸਿਆਸਤ ਨਹੀਂ ਕਿ ਪਹਿਲਾਂ ਨਾਂਅ ਐਲਾਨ ਕਰਨ ਦੀ ਕਿ ਲੋੜ ਸੀ।

- ਤੁਹਾਡੇ ਤੋਂ ਘਬਰਾਏ ਤਾਂ ਹੋਏ ਨੇ, ਬਦਲਾਅ ਤੋਂ ਘਬਰਾਉਂਦੇ ਨੇ।

- ਕਾਹਦੇ ਲਈ ਘਬਰਾਏ ਨੇ?   

- ਬੀਬੀ ਜੀ ਬੜੀ ਲੋੜ ਹੈ ਕਿ ਜਿਸ ਦੌਰ 'ਚੋਂ ਪੰਜਾਬ ਲੰਘ ਰਿਹਾ ਹੈ, ਸਾਡੀ ਜਵਾਨੀ ਲੰਘ ਰਹੀ ਹੈ, ਜ਼ਰੂਰਤ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਕਿਰਦਾਰ ਨੂੰ ਸਾਫ਼ ਤਰੀਕੇ ਨਾਲ ਨਿਭਾਏ। ਜਿੰਨੀ ਦੌਲਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲੀ ਹੈ, ਜੇ ਤੁਸੀਂ ਬੁਲੰਦ ਹੋ ਜਾਂ ਮੈਂ ਬੁਲੰਦ ਹਾਂ, ਜਿਵੇਂ ਸਾਡਾ ਪਾਲਣ-ਪੋਸ਼ਣ ਹੋਇਆ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਉਹ ਨਹੀਂ ਦਿੱਤਾ ਜਾਂਦਾ।

- ਦੇਖੋ ਜਿਵੇਂ ਇੱਕ ਸਾਲ ਮੇਰਾ ਪੂਰਾ ਕਿਸਾਨ ਮੋਰਚੇ 'ਚ ਲੰਘ ਗਿਆ। 400 ਸਾਲਾ ਵੇਲੇ ਮੈਂ ਐਲਾਨ ਕੀਤਾ ਕਿ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅਸੀਂ ਵੱਖ-ਵੱਖ ਭਾਸ਼ਾਵਾਂ 'ਚ ਉਲੱਥਾ ਕਰ ਕੇ ਦੇਵਾਂਗੇ, ਕਿਉਂ ਕਿ ਸਾਰੀ ਦੁਨੀਆ ਸਿੱਖੀ ਸਿਧਾਂਤਾਂ ਨੂੰ ਜਾਣਨਾ ਚਾਹੁੰਦੀ ਹੈ। ਮੈਂ ਮਿਸ਼ਨਰੀ ਕਾਲਜ ਤੇ ਹੋਰ ਸੰਸਥਾਵਾਂ ਬੁਲਾ ਕੇ ਵੱਡਾ ਸਮਾਗਮ ਕੀਤਾ ਤੇ ਉਸ ਵੇਲੇ ਵੀ ਮੇਰੀ ਐਨੀ ਪੈਰਵਾਈ ਕੀਤੀ ਗਈ ਕਿ ਮੇਰੇ ਨਾਲ ਚੀਫ਼ ਸੈਕਟਰੀ ਲਗਾਉਣ ਦੀ ਲੋੜ ਨਹੀਂ ਸੀ ਪਰ ਲਗਾ ਕੇ ਕੜੀਆਂ ਪਾ ਦਿੱਤੀਆਂ ਗਈਆਂ। ਤਾਂ ਕਿ ਬੀਬੀ ਕੀਤੇ ਬੇਕਾਬੂ ਨਾ ਹੋ ਜਾਵੇ।

- ਅਸੀਂ ਚਾਹੁੰਦੇ ਹਾਂ ਕਿ ਬੀਬੀ ਬੇਕਾਬੂ ਹੋਵੇ ਤੇ ਜੋ ਤਬਦੀਲੀਆਂ ਆਉਣ ਤੇ ਜੋ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਹੋਰਨਾਂ ਗੁਰੂਆਂ ਨੇ ਦੌਲਤ ਵੰਡੀ ਅਸੀਂ ਉਹ ਵੰਡੀਏ ਤੇ ਵਧਾਈਏ। ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।

- ਬਹੁਤ ਮਿਹਰਬਾਨੀ ਜੀ, ਜੇਕਰ ਮੇਰੇ ਕੋਲੋਂ ਸਿਧਾਂਤ ਦੇ ਖ਼ਿਲਾਫ਼ ਗ਼ਲਤ ਕੁਝ ਕਹਿ ਹੋ ਗਿਆ ਹੋਵੇ, ਤਾਂ ਮੈਂ ਸੰਗਤ ਕੋਲੋਂ ਮਾਫ਼ੀ ਮੰਗਦੀ ਹਾਂ ਤੇ ਵਿਸ਼ਵਾਸ ਦਿਵਾਉਂਦੀ ਹਾਂ ਕਿ  ਖਾਲਸਾ ਪੰਥ ਦੇ ਵਾਰਸੋ, ਜ਼ਿੰਦਗੀ ਦਾ ਹੋਰ ਕੋਈ ਮਿਸ਼ਨ ਨਹੀਂ ਸਿਰਫ਼ ਗੁਰੂ ਸਾਹਿਬ ਦਾ ਸਿਧਾਂਤ, ਗੁਰੂ ਸਾਹਿਬ ਦੀ ਮਰਿਆਦਾ, ਤੇ ਗੁਰੂ ਸਾਹਿਬਾਨ ਦੀ ਸੇਧ ਨਾਲ ਜੀਵਨ ਤੋਰਨਾ ਮੇਰੇ ਇੱਕ ਬਹੁਤ ਵੱਡਾ ਸੰਕਲਪ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਕਿਸੇ ਦੇ ਗ਼ੁਲਾਮ ਨਹੀਂ, ਤੁਸੀਂ ਕੇਵਲ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਕਰਨੀ ਹੈ। ਸ਼੍ਰੋਮਣੀ ਕਮੇਟੀ ਬਹੁਤ ਵੱਡੀ ਸੰਸਥਾ ਹੈ ਅਤੇ ਸਾਰੀ ਦੁਨੀਆ ਇਸ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਕਹਿੰਦੀ ਹੈ। ਸਿੱਖ ਪਾਰਲੀਮੈਂਟ 'ਚ ਕੌਮ ਲਈ ਕਨੂੰਨ ਘੜੇ ਜਾਣੇ ਹਨ, ਜੋ ਸਿਧਾਂਤ ਬਣੇ ਹਨ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਹੈ। ਸਾਡੇ ਸਿਧਾਂਤਾਂ ਨੂੰ ਖੋਰਾ ਨਾ ਲੱਗੇ, ਸਿਧਾਂਤਾਂ ਦਾ ਘਾਣ ਨਾ ਹੋਵੇ, ਸਾਡੀ ਮਰਿਆਦਾ ਦਾ ਕਤਲ ਨਾ ਹੋਵੇ, ਉਸ ਵਾਸਤੇ ਸਾਡੀ ਸੋਚ ਵੀ ਵੱਡੀ ਹੋਣੀ ਚਾਹੀਦੀ ਹੈ। ਮੈਂ ਸਿਰਫ਼ ਇਹੀ ਬੇਨਤੀ ਕਰਾਂਗੀ ਕਿ ਜ਼ਮੀਰ ਦੀ ਅਵਾਜ਼ 'ਤੇ ਫ਼ੈਸਲਾ ਕਰਨਾ। ਜੇ ਮੈਂ ਤੁਹਾਡੀ ਸੰਗਤ ਦੀ ਸੱਚ ਦੀ ਆਵਾਜ਼ ਉੱਥੇ ਪਹੁੰਚਾਈ ਹੈ, ਤੇ ਮੇਰੇ ਉੱਤੇ ਉਨ੍ਹਾਂ ਨੇ ਝੂਠੇ ਇਲਜ਼ਾਮ ਲਗਾਏ, ਬਹੁਤ ਕੁਝ ਕਿਹਾ, ਪਰ ਮੈਂ ਨਾ ਪ੍ਰਵਾਹ ਕਰਦੀ ਹੋਈ ਆਪ ਜੀ ਦੇ ਦਰ 'ਤੇ ਫ਼ੇਰ ਖੜ੍ਹੀ ਹਾਂ। ਮੈਂ ਉੱਥੇ ਹਾਜ਼ਰ ਹੋਵਾਂਗੀ ਤੇ ਇੱਕ-ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰਿਓ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement