
ਮ੍ਰਿਤਕ ਦਾ 9 ਕੁ ਮਹੀਨੇ ਪਹਿਲਾਂ ਵਿਆਹ ਹੋਇਆ
ਬਨੂੜ: ਪਿੰਡ ਦੇਵੀਨਗਰ ਅਬਰਾਵਾਂ ਵਿਖੇ ਡੇਂਗੂ ਨਾਲ ਮਾਂ ਪੁੱਤਰ ਦੀ ਮੌਤ ਹੋ ਗਈ। ਗਮਗੀਨ ਮਾਹੋਲ ਵਿੱਚ ਦੋਵੇਂ ਲਾਸ਼ਾਂ ਦਾ ਸਸਕਾਰ ਇਕੱਠਿਆ ਪਿੰਡ ਦੇ ਸਮਸ਼ਾਨ ਘਾਟ ਵਿਚ ਕੀਤਾ।
ਪਿੰਡ ਦੇ ਸਰਪੰਚ ਲਖਵਿੰਦਰ ਸਿੰਘ ਲੱਖੀ ਨੇ ਦਸਿਆ ਕਿ ਮੇਜਰ ਸਿੰਘ ਦੀ ਪਤਨੀ ਰਾਜ ਕੌਰ ਇਕ ਹਫ਼ਤੇ ਤੋਂ ਬਿਮਾਰ ਚਲ ਰਹੀ ਸੀ। ਜਿਸ ਦਾ ਇਲਾਜ ਪਿੰਡ ਤੇ ਮਾਣਕਪੁਰ ਦੇ ਨਿੱਜੀ ਡਾਕਟਰ ਤੋਂ ਕਰਾਉਣ ਤੋਂ ਬਾਅਦ, ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸੇ ਦੌਰਾਨ ਉਸ ਦਾ 26 ਸਾਲਾਂ ਇਕਲੋਤਾ ਪੁੱਤਰ ਵਰਿੰਦਰ ਸਿੰਘ ਨੂੰ ਵੀ ਬੁਖਾਰ ਹੋ ਗਿਆ। ਉਸ ਦਾ ਵੀ ਨਿੱਜੀ ਡਾਕਟਰ ਕੋਲ ਇਲਾਜ ਕਰਵਾਇਆ, ਪਰ ਰਿਪੋਰਟ ਡੇਂਗੂ ਪਾਜ਼ੇਟਿਵ ਤੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਜਨਰਲ ਹਸਪਤਾਲ ਸੈਕਟਰ-16 ਚੰਡੀਗੜ੍ਹ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਪੀਜੀਆਈ ਰੈਫ਼ਰ ਕਰ ਦਿਤਾ। ਜਿਸ ਦੀ ਇਲਾਜ ਅਧੀਨ ਮੌਤ ਹੋ ਗਈ।
ਸਵੇਰੇ ਉਸ ਦੀ ਉਸ ਦੀ ਮਾਂ ਰਾਜ ਕੌਰ ਨੇ ਵੀ ਦਮ ਤੋੜ ਦਿਤਾ। ਉਹ ਦੀ ਰਿਪੋਰਟ ਵੀ ਡੇਂਗੂ ਪਾਜ਼ੇਟਿਵ ਸੀ। ਮ੍ਰਿਤਕ ਰਾਜ ਕੌਰ ਤਿੰਨ ਲੜਕੀਆਂ ਤੇ ਇਕ ਲੜਕੇ ਦੀ ਮਾਂ ਸੀ ਅਤੇ ਉਨ੍ਹਾਂ ਦਾ ਮ੍ਰਿਤਕ ਪੁੱਤਰ ਘਰ ਵਿੱਚ ਕਮਾਊ ਪੁੱਤ ਸੀ। ਮ੍ਰਿਤਕ ਦਾ 9 ਕੁ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਘਰ ਵਿਚ ਨੌਜਵਾਨ ਵਿਧਵਾ ਸਮੇਤ ਤਿੰਨ ਧੀਆਂ ਤੇ ਉਨ੍ਹਾਂ ਦਾ ਪਿਉ ਰਹਿ ਗਿਆ ਹੈ।