
ਸੰਸਥਾ ਨੇ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਡਾ: ਭੀਮਰਾਓ ਅੰਬੇਡਕਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੋਟੋ ਲਗਾਉਣ ਦੀ ਮੰਗ ਵੀ ਕੀਤੀ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫ਼ਾਊਂਡੇਸਨ ਵਲੋਂ ਬਾਬਾ ਬੰਦਾ ਬਹਾਦੁਰ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਗਈ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰਵਾਂ ਹੁੰਗਾਰਾ ਦੇਂਦੇ ਹੋਏ ਪਿ੍ਰੰਸੀਪਲ ਸੈਕਟਰੀ ਨੂੰ ਵਿਚਾਰ ਕਰਨ ਹਿਤ ਭੇਜ ਦਿਤਾ ਹੈ।
ਸੰਸਥਾ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਚੀਫ਼ ਪੈਟਰਨ ਡਾਕਟਰ ਸਵਰਾਜ ਸਿੰਘ ਤੇ ਸੰਸਥਾ ਦੀ ਅਮਰੀਕਾ ਦੀ ਚੇਅਰਮੈਨ ਡਾਕਟਰ ਪ੍ਰੀਤ ਕਮਲ ਕੌਰ ਚੀਮਾ ਤੇ ਹੋਰਨਾਂ ਨੇ ਇਥੇ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਹੈ ਕਿ ਪੰਜਾਬ ਵਿਚ ਨੈਤਿਕਤਾ ਦਾ ਪੱਧਰ ਡਿੱਗ ਚੁੱਕਾ ਹੈ ਤੇ ਬਾਬਾ ਬੰਦਾ ਸਿੰਘ ਬਹਾਦੁਰ ਨੈਤਿਕਤਾ ਦੀ ਵੱਡੀ ਮਿਸਾਲ ਹਨ ਤੇ ਉਨ੍ਹਾਂ ਦੇ ਜੀਵਨ ਬਾਰੇ ਖੋਜ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਚੱਪੜਚਿੜੀ ਵਿਖੇ ਚੇਅਰ ਸਥਾਪਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਨੈਤਿਕਤਾ ਵਿਚ ਆਏ ਨਿਘਾਰ ’ਚੋਂ ਪੰਜਾਬ ਤੇ ਪੰਜਾਬੀਆਂ ਨੂੰ ਬਾਹਰ ਕਢਿਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮਿਲਣ ਦਾ ਸਮਾਂ ਮੰਗਿਆ ਗਿਆ ਸੀ ਪਰ ਉਨ੍ਹਾਂ ਕੋਲੋਂ ਜਵਾਬ ਪ੍ਰਾਪਤ ਹੋ ਗਿਆ ਹੈ ਕਿ ਇਸ ਮਸਲੇ ’ਤੇ ਪ੍ਰਮੁੱਖ ਸਕੱਤਰ ਨੂੰ ਵਿਚਾਰ ਕਰਨ ਲਈ ਹਦਾਇਤ ਕੀਤੀ ਜਾ ਚੁੱਕੀ ਹੈ। ਸੰਸਥਾ ਨੇ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਡਾ: ਭੀਮਰਾਓ ਅੰਬੇਡਕਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੋਟੋ ਲਗਾਉਣ ਦੀ ਮੰਗ ਵੀ ਕੀਤੀ ਤੇ ਨਾਲ ਹੀ ਕਿਹਾ ਕਿ ਨਾਂਦੇੜ ਤੋਂ ਚੱਪੜਚਿੜੀ ਤਕ ਸੜਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਰਖਿਆ ਜਾਵੇ।
ਇਸ ਨਾਲ ਹੀ ਮੰਗ ਕੀਤੀ ਕਿ 16 ਅਕਤੂਬਰ ਨੂੰ ਛੁੱਟੀ ਦਾ ਐਲਾਨ ਕਰ ਕੇ ਸਕੂਲਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ’ਤੇ ਸੈਮੀਨਾਰ ਕਰਵਾਏ ਜਾਣ ਤਾਂ ਜੋ ਬੱਚਿਆਂ ਨੂੰ ਪਤਾ ਚੱਲ ਸਕੇ ਕਿ ਬਾਬਾ ਬੰਦਾ ਬਹਾਦਰ ਕੌਣ ਸੀ ਤੇ ਉਨ੍ਹਾਂ ਦੀ ਕੀ ਮਹੱਤਤਾ ਤੇ ਮਹਾਨਤਾ ਹੈ। ਸੰਸਥਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੰਮੂ ਤੋਂ ਨਾਂਦੇੜ ਜਾਣ ਵਾਲੀ ਕਿਸੇ ਵੀ ਰੇਲ ਗੱਡੀ ਦਾ ਨਾਂ ਬਾਬਾ ਸਿੰਘ ਬੰਦਾ ਬਹਾਦਰ ਦੇ ਨਾਂ ’ਤੇ ਰਖਿਆ ਜਾਵੇ।
ਪੰਜਾਬ ਦੇ ਉੱਘੇ ਸਾਹਿਤਕਾਰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫ਼ਾਊਂਡੇਸਨ ਦੇ ਚੀਫ਼ ਪੈਟਰਨ ਡਾ: ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਆਦਰਸ਼ਾਂ ਨੂੰ ਮੁੜ ਸਥਾਪਤ ਕਰਨ ਦੀ ਲੋੜ ਹੈ। ਅੱਜ ਦੀ ਪ੍ਰੈਸ ਕਾਨਫ਼ਰੰਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਚੈਪਟਰ ਯੂ.ਐਸ.ਏ. ਦੀ ਚੇਅਰਪਰਸਨ ਡਾ: ਪ੍ਰੀਤ ਕਮਲ ਕੌਰ ਚੀਮਾ ਨੂੰ ਫ਼ਾਊਂਡੇਸਨ ਦੇ ਚੇਅਰਮੈਨ ਕੇ.ਕੇ.ਬਾਵਾ ਅਤੇ ਕਰਨੈਲ ਸਿੰਘ ਗਰੀਬ ਅਤੇ ਕਰਨੈਲ ਗਿੱਲ ਨੂੰ ਸਨਮਾਨਤ ਕੀਤਾ ਅਤੇ ਅਮਰੀਕਾ ਦੀ ਸਿੱਖ ਬਰਾਦਰੀ ਵਿਚ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸਿਖਿਆ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਦਿਤੀ।