
ਕਸਬਾ ਧਰਮਕੋਟ ਵਿਚ ਸ਼ਨਿਚਰਵਾਰ ਸਵੇਰੇ ਐਚਡੀਐਫ਼ਸੀ ਬੈਂਕ ਦੀ ਬਰਾਂਚ ਵਿਚ ਅੱਗ ਲੱਗ ਗਈ, ਜਿਸ ਦੇ ਨਾਲ ਬੈਂਕ...
ਮੋਗਾ (ਸਸਸ) : ਕਸਬਾ ਧਰਮਕੋਟ ਵਿਚ ਸ਼ਨਿਚਰਵਾਰ ਸਵੇਰੇ ਐਚਡੀਐਫ਼ਸੀ ਬੈਂਕ ਦੀ ਬਰਾਂਚ ਵਿਚ ਅੱਗ ਲੱਗ ਗਈ, ਜਿਸ ਦੇ ਨਾਲ ਬੈਂਕ ਦੇ ਅੰਦਰ ਦਾ ਸਾਰਾ ਸਮਾਨ ਸੜ ਗਿਆ। ਘਟਨਾ ਦਾ ਪਤਾ ਉਦੋਂ ਲੱਗਿਆ, ਜਦੋਂ ਉਥੋਂ ਪ੍ਰਭਾਂਤ ਫੇਰੀ ਲੰਘ ਰਹੀ ਸੀ। ਇਕ ਨੌਜਵਾਨ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਕਰੀਬ ਪੌਣੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ।
ਇਸ ਘਟਨਾ ਦੇ ਦੌਰਾਨ ਬੈਂਕ ਸਟਾਫ਼ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ। ਇਕ ਤਾਂ ਡੇਢ ਘੰਟੇ ਤੱਕ ਕੋਈ ਆਇਆ ਨਹੀਂ, ਦੂਜਾ ਜਦੋਂ ਮੀਡੀਆ ਬੈਂਕ ਦੇ ਅੰਦਰ ਜਾ ਕੇ ਘਟਨਾ ਦਾ ਜਾਇਜ਼ਾ ਲੈਣ ਲਗਾ ਤਾਂ ਬੈਂਕ ਕਰਮਚਾਰੀ ਬਦਸਲੂਕੀ ਉਤੇ ਉਤਰ ਆਏ। ਅੱਗ ਲੱਗਣ ਦੀ ਘਟਨਾ ਸਵੇਰੇ ਕਰੀਬ ਸਾਢੇ 5 ਵਜੇ ਕੀਤੀ ਹੈ। ਥਾਣਾ ਧਰਮਕੋਟ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਸਬੇ ਦੇ ਐਚਡੀਐਫ਼ਸੀ ਬੈਂਕ ਦੀ ਬਰਾਂਚ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ।
ਡੀਐਸਪੀ ਅਜੈ ਰਾਜ ਸਿੰਘ, ਐਸਐਚਓ ਜੋਗਿੰਦਰ ਸਿੰਘ ਅਤੇ ਹੋਰ ਪੁਲਿਸ ਸਾਥੀਆਂ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਮੋਗਾ ਤੋਂ ਕਿਊਆਰਟੀ ਨੂੰ ਸੱਦ ਲਿਆ ਸੀ। ਨਾਲ ਹੀ ਫ਼ਾਇਰ ਬ੍ਰਿਗੇਡ ਦਫ਼ਤਰਾਂ ਵਿਚ ਫ਼ੋਨ ਕੀਤਾ ਗਿਆ। ਮੋਗਾ ਨਗਰ ਨਿਗਮ ਤੋਂ ਦੋ ਗੱਡੀਆਂ ਮੌਕੇ ਉਤੇ ਆਈਆਂ ਅਤੇ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਪੌਣੇ ਘੰਟੇ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾ ਲਿਆ। ਹਾਲਾਂਕਿ ਇਸ ਤੋਂ ਪਹਿਲਾਂ ਬੈਂਕ ਵਿਚ ਮੌਜੂਦ ਸਾਮਾਨ ਅਤੇ ਕਾਗਜ਼ਾਤ ਸੜ ਚੁੱਕੇ ਸਨ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਲਗਭੱਗ ਡੇਢ ਘੰਟੇ ਬਾਅਦ ਬੈਂਕ ਦੇ ਮੁਲਾਜ਼ਮ ਮੌਕੇ ਉਤੇ ਪਹੁੰਚੇ। ਇਸ ਵਿਚ ਬੈਂਕ ਵਿਚ ਲੱਗੀ ਅੱਗ ਦੇ ਸਬੰਧ ਵਿਚ ਮੀਡੀਆ ਕਰਮਚਾਰੀ ਕਵਰੇਜ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਬੈਂਕ ਵਿਚ ਅੰਦਰ ਜਾਣ ਤੋਂ ਰੋਕ ਦਿਤਾ ਗਿਆ। ਇਸ ਤੋਂ ਇਲਾਵਾ ਇਕ ਲਾਪਰਵਾਹੀ ਇਹ ਵੀ ਸਾਹਮਣੇ ਆਈ ਕਿ ਨਾਲ ਲੱਗਦੀ ਦੁਕਾਨ ਵਿਚ ਏਟੀਐਮ ਉਤੇ 24 ਘੰਟੇ ਇਕ ਸਿਕਿਓਰਿਟੀ ਗਾਰਡ ਤੈਨਾਤ ਰਹਿੰਦਾ ਹੈ।
ਉਸ ਨੂੰ ਇਸ ਘਟਨਾ ਦਾ ਪਤਾ ਲੱਗ ਗਿਆ ਸੀ ਪਰ ਉਸ ਨੇ ਪੁਲਿਸ ਨੂੰ ਬੁਲਾਉਣਾ ਕਿਉਂ ਠੀਕ ਨਹੀਂ ਸਮਝਿਆ, ਇਹ ਸਵਾਲ ਅਜੇ ਵੀ ਬਿਨਾਂ ਜਵਾਬ ਦੇ ਹੈ। ਪ੍ਰਭਾਂਤ ਫੇਰੀ ਵਿਚ ਸ਼ਾਮਿਲ ਇਕ ਨੌਜਵਾਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ, ਉਸ ਤੋਂ ਬਾਅਦ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਹੋ ਸਕੀ।