
ਲੰਮੇ ਸਮੇਂ ਤੋਂ ਬਾਅਦ ਭਾਖੜਾ ਪੌਂਗ ਤੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ 'ਚ ਪਾਣੀ ਨਹੀਂ ਪਾਰ ਕਰ ਸਕਿਆ ਪਿਛਲੇ ਸਾਲ ਦਾ ਅੰਕੜਾ
ਇਸ ਵਾਰ ਸਾਰੇ ਹੀ ਡੈਮਾਂ ਦੀਆਂ ਝੀਲਾਂ 'ਚ ਪਾਣੀ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੋਈ ਹੈ
ਪਟਿਆਲਾ, 7 ਦਸੰਬਰ (ਜਸਪਾਲ ਸਿੰਘ ਢਿੱਲੋਂ): ਪੰਜਾਬ ਨਾਲ ਭਾਖੜਾ , ਪੌਂਗ, ਡੈਹਰ ਅਤੇ ਰਣਜੀਤ ਸਾਗਰ ਡੈਮਾਂ ਦਾ ਇਤਿਹਾਸਕ ਰਿਸ਼ਤਾ ਹੈ। ਇਹ ਡੈਮ ਜਿਥੇ ਸਾਡੀ ਧਰਤੀ ਨੂੰ ਸਿੰਜਦੇ ਹਨ ਉਥੇ ਬਿਜਲੀ ਦੀ ਸਪਲਾਈ ਲਈ ਵੀ ਵੱਡਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਨ੍ਹਾਂ ਡੈਮਾਂ ਦੀਆਂ ਝੀਲਾਂ ਦੇ ਪਾਣੀ ਦੇ ਪੱਧਰ ਦੇ ਅੰਕੜੇ ਦਸੰਬਰ ਦੇ ਪਹਿਲੇ ਹਫ਼ਤੇ ਦੇ ਦੇਖੇ ਜਾਣ ਇਨ੍ਹਾਂ ਦੀਆਂ ਝੀਲਾਂ 'ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਘੱਟ ਹੈ। ਭਾਖੜਾ ਡੈਮ ਸਾਡਾ ਸੱਭ ਤੋਂ ਪੁਰਾਣਾ ਡੈਮ ਹੈ ਜਿਸ ਦੀ ਝੀਲ ਸੱਭ ਤੋਂ ਲੰਮੀ ਹੈ , 'ਚ ਪਾਣੀ ਦਾ ਪੱਧਰ 1628 ਫ਼ੁੱਟ ਦੇ ਲਗਭਗ ਹੈ ਜਦਕਿ ਪਿਛਲੇ ਸਾਲ ਇਥੇ ਪਾਣੀ ਦਾ ਪੱਧਰ 1654 ਫ਼ੁੱਟ ਦੇ ਕਰੀਬ ਸੀ। ਇਸ ਡੈਮ ਦੀ ਝੀਲ 'ਚ ਇਸ ਵੇਲੇ ਪਾਣੀ ਦੀ ਆਮਦ 6989 ਕਿਊਸਕ ਦਰ ਨਾਲ ਆ ਰਿਹਾ ਹੈ ਜਦਕਿ ਪਿਛਲੇ ਸਾਲ ਇਹ ਪਾਣੀ 7100 ਕਿਊਸਕ ਦਰ ਨਾਲ ਆਇਆ ਸੀ। ਇਸ ਵਾਰ ਦੇ ਮੁਕਾਬਲੇ ਪਿਛਲੀ ਵਾਰ ਇਥੇ ਪਾਣੀ ਦੀ ਆਮਦ ਵਧ ਹੋਈ ਸੀ।
ਪੌਂਗ ਡੈਮ ਦੀ ਝੀਲ ਅੰਦਰ ਪਾਣੀ ਦੀ ਆਮਦ 1355 ਫ਼ੁੱਟ ਦੇ ਕਰੀਬ ਹੈ ਜਦਕਿ ਪਿਛਲੇ ਸਾਲ ਪਾਣੀ ਦਾ ਪੱਧਰ 1374 ਫ਼ੁੱਟ ਦੇ ਕਰੀਬ ਸੀ। ਇਸ ਡੈਮ ਅੰਦਰ ਪਾਣੀ ਦੀ ਆਮਦ 2230 ਕਿਊਸਕ ਦਰ ਨਾਲ ਆ ਰਿਹਾ ਹੈ ਜਦਕਿ ਪਿਛਲੇ ਸਾਲ ਇਥੇ ਪਾਣੀ ਦੀ ਆਮਦ 2518 ਕਿਊਸਕ ਦਰ ਨਾਲ ਹੋਈ ਸੀ । ਇਸ ਡੈਮ ਅੰਦਰ ਵੀ ਪਾਣੀ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੋਈ ਹੈ। ਰਣਜੀਤ ਸਾਗਰ ਡੈਮ ਸਾਡਾ ਸੱਭ ਤੋਂ ਆਧੁਨਿਕ ਡੈਮ ਹੈ ਇਸ ਦੀ ਝੀਲ ਅੰਦਰ ਪਾਣੀ ਦਾ ਪੱਧਰ 503 ਮੀਟਰ ਹੈ ਜਦਕਿ ਪਿਛਲੇ ਸਾਲ ਇਥੇ ਪਾਣੀ ਦਾ ਪੱਧਰ 519 ਮੀਟਰ ਤੋਂ ਵੀ ਉਚਾ ਸੀ। ਇਸ ਵੇਲੇ ਇਸ ਡੈਮ ਅੰਦਰ ਪਾਣੀ ਦੀ ਆਮਦ 1575 ਕਿਉਸਕ ਦਰ ਨਾਲ ਆ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਇਸ ਡੈਮ ਦੀ ਝੀਲ 'ਚ ਪਾਣੀ ਦੀ ਆਮਦ 2124 ਕਿਊਸਕ ਦਰ ਨਾਲ ਆਇਆ ਸੀ। ਇਥੇ ਵੀ ਪਾਣੀ ਦੀ ਆਮਦ ਘਟੀ ਹੋਈ ਹੈ।
ਡੈਹਰ ਡੈਮ ਦੀ ਝੀਲ 'ਚ ਪਾਣੀ ਦਾ ਪੱਧਰ 2922 ਫ਼ੁੱਟ ਦੇ ਕਰੀਬ ਹੈ ਜਦੋਂਕਿ ਪਿਛਲੇ ਸਾਲ ਪਾਣੀ ਦਾ ਪੱਧਰ 2920 ਫ਼ੁੱਟ 'ਤੇ ਸੀ। ਇਸ ਡੈਮ ਅੰਦਰ ਪਾਣੀ ਦੀ ਆਮਦ 1959 ਕਿਊਸਕ ਦਰ ਨਾਲ ਆ ਰਿਹਾ ਹੈ ਜਦਕਿ ਪਿਛਲੇ ਸਾਲ ਪਾਣੀ ਦੀ ਆਮਦ 2327 ਕਿਊਸਕ ਦਰ ਨਾਲ ਆਇਆ ਸੀ। ਗੌਰਤਲਬ ਹੈ ਕਿ ਸਾਰੇ ਹੀ ਡੈਮਾਂ ਦੀਆਂ ਝੀਲਾਂ ਅੰਦਰ ਪਾਣੀ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੋਈ ਹੈ , ਜਿਸ ਬਾਰੇ ਮਾਹਰ ਦਸਦੇ ਹਨ ਕਿ ਇਸ ਵਾਰ ਪਹਾੜਾਂ ਤੇ ਬਰਸਾਤ ਘੱਟ ਹੋਈ ਹੈ , ਜਿਸ ਦਾ ਅਸਰ ਹੁਣ ਪੈ ਰਿਹਾ ਹੈ ਇਸ ਦਾ ਨਾਲ ਹੀ ਪਹਾੜਾਂ ਤੇ ਤਾਪਮਾਨ 'ਚ ਗਿਰਾਵਟ ਆਈ ਹੋਈ ਹੈ ਜਿਸ ਕਰ ਕੇ ਡੈਮਾਂ ਦੀਆਂ ਝੀਲਾਂ 'ਚ ਪਾਣੀ ਦੀ ਆਮਦ ਘਟੀ ਹੋਈ ਹੈ। ਇਹ ਵੀ ਦਸਿਆ ਗਿਆ ਕਿ ਇਸ ਵਾਰ ਲੰਮੇ ਸਮੇਂ ਤੋਂ ਬਾਅਦ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਨੀਵੇਂ ਪੱਧਰ 'ਤੇ ਹੈ।
ਭਾਖੜਾ ਪੌਂਗ ਤੇ ਰਣਜੀਤ ਸਾਗਰ ਡੈਮ ਦੀ ਫ਼ੋਟੋ।