
ਪੁਰਸਕਾਰ ਵਾਪਸ ਕਰਨ ਜਾ ਰਹੇ ਖਿਡਾਰੀਆਂ ਨੇ ਰਾਸ਼ਟਪਤੀ ਭਵਨ ਵਲ ਕੀਤਾ ਮਾਰਚ, ਰਸਤੇ ਵਿਚ ਰੋਕਿਆ
ਨਵੀਂ ਦਿੱਲੀ, 7 ਦਸੰਬਰ : ਏਸ਼ੀਅਨ ਖੇਡਾਂ ਦੇ ਦੋ ਵਾਰ ਸੋਨ ਤਮਗ਼ਾ ਜੇਤੂ ਸਾਬਕਾ ਪਹਿਲਵਾਨ ਕਰਤਾਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਕੁਝ ਖਿਡਾਰੀਆਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਂਦੇ ਹੋਏ '35 ਰਾਸ਼ਟਰੀ ਖੇਡ ਪੁਰਸਕਾਰ' ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵਲ ਮਾਰਚ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ।
ਸਾਲ 1982 ਵਿਚ ਅਰਜੁਨ ਪੁਰਸਕਾਰ ਅਤੇ 1987 ਵਿਚ ਪਦਮ ਸ਼੍ਰੀ ਨਾਲ ਸਨਮਾਨਤ ਕਰਤਾਰ ਸਿੰਘ ਨਾਲ ਉਲੰਪਿਕ ਸੋਨ ਤਮਗ਼ਾ ਜੇਤੂ ਟੀਮ ਦੇ ਮੈਂਬਰ ਸਾਬਕਾ ਹਾਕੀ ਖਿਡਾਰੀ ਗੁਰਮੇਲ ਸਿੰਘ ਅਤੇ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਆਦਿ ਸ਼ਾਮਲ ਸਨ। ਗੁਰਮੇਲ ਨੂੰ ਸਾਲ 2014 ਵਿਚ ਧਿਆਨਚੰਦ ਪੁਰਸਕਾਰ ਦਿਤਾ ਸੀ ਜਦਕਿ ਰਾਜਬੀਰ ਨੂੰ 1984 ਵਿਚ ਅਰਜੁਨ ਪੁਰਸਕਾਰ ਮਿਲਿਆ ਸੀ।
ਏਸ਼ੀਆਈ ਖੇਡ 1978 ਅਤੇ 1986 ਵਿਚ ਸੋਨੇ ਦੇ ਤਮਗ਼ਾ ਜਿੱਤਣ ਵਾਲੇ ਕਰਤਾਰ ਨੇ ਕਿਹਾ ਕਿ ਕਿਸਾਨਾਂ ਨੇ ਹਮੇਸ਼ਾ ਸਾਡਾ ਸਾਥ ਦਿਤਾ ਹੈ। ਸਾਨੂੰ ਉਸ ਸਮੇਂ ਬੁਰਾ ਲਗਦਾ ਹੈ ਜਦੋਂ ਸਾਡੇ ਕਿਸਾਨ ਭਰਾਵਾਂ ਉੱਤੇ ਲਾਠੀਚਾਰਜ ਕੀਤਾ ਜਾਂਦਾ ਹੈ। ਸੜਕਾਂ ਬੰਦ ਕਰ ਦਿਤੀਆਂ ਜਾਂਦੀਆਂ ਹਨ। ਕਿਸਾਨ ਅਪਣੇ ਹੱਕਾਂ ਲਈ ਸਖ਼ਤ ਸਰਦੀ ਵਿਚ ਸੜਕਾਂ 'ਤੇ ਬੈਠੇ ਹਨ।
ਉਨ੍ਹਾਂ ਕਿਹਾ ਕਿ ਮੈਂ ਇਕ ਕਿਸਾਨ ਦਾ ਪੁੱਤਰ ਹਾਂ ਅਤੇ ਇੰਸਪੈਕਟਰ ਜਨਰਲ ਪੁਲਿਸ ਹੋਣ ਦੇ ਬਾਵਜੂਦ ਮੈਂ ਅਜੇ ਵੀ ਖੇਤੀਬਾੜੀ ਕਰਦਾ ਹਾਂ। ਐਤਵਾਰ ਨੂੰ ਦਿੱਲੀ ਪੁੱਜੇ ਖਿਡਾਰੀਆਂ ਨੇ ਪ੍ਰੈੱਸ ਕਲੱਬ ਆਫ਼ ਇੰਡੀਆ ਤੋਂ ਅਪਣਾ ਮਾਰਚ ਸ਼ੁਰੂ ਕੀਤਾ ਪਰ ਉਨ੍ਹਾਂ ਨੂੰ ਪੁਲਿਸ ਨੇ ਕ੍ਰਿਸ਼ੀ ਭਵਨ ਕੋਲ ਰੋਕ ਕੇ ਵਾਪਸ ਭੇਜ ਦਿਤਾ। (ਪੀਟੀਆਈ)
imageਪੰਜਾਬ ਤੇ ਹਰਿਆਣਾ ਦੇ ਪਦਮਸ੍ਰੀ ਤੇ ਅਰਜਨ ਐਵਾਰਡੀ ਖਿਡਾਰੀ ਪੁਰਸਕਾਰ ਵਾਪਸ ਕਰਨ ਲਈ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਭਵਨ ਵਲ ਜਾਂਦੇ ਹੋਏ।