
ਚੌਰਸਤਿਆਂ ਵਿਚ ਰੋਸ ਮੁਜ਼ਾਹਰੇ ਕਰ ਰਹੇ ਨੇ ਪੰਜਾਬੀ ਨੌਜੁਆਨ
ਰਾਹਗੀਰਾਂ ਵਲੋਂ ਵਾਹਨ ਚਾਲਕਾਂ ਵਲੋਂ ਹਾਰਨ ਵਜਾ ਕੇ ਦਿਤਾ ਜਾਂਦਾ ਏ 'ਸਹਿਮਤੀ ਦਾ ਸੰਕੇਤ'
ਵੈਨਕੂਵਰ, 7 ਦਸੰਬਰ (ਮਲਕੀਤ ਸਿੰਘ): ਭਾਰਤ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲਾਂ ਸਬੰਧੀ ਕਿਸਾਨਾਂ ਵਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਵਿਚ ਹੁਣ ਪ੍ਰਵਾਸੀ ਪੰਜਾਬੀ ਵੀ ਖੁਲ੍ਹ ਕੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਦਿਖਾਈ ਦਿੰਦੇ ਜਾਪਦੇ ਹਨ। ਇਸ ਸੰਦਰਭ 'ਚ ਜਿਥੇ ਕਿ ਬੀਤੇ ਬੁਧਵਾਰ ਕੈਨੇਡਾ ਦੇ ਸਰੀ ਸ਼ਹਿਰ ਤੋਂ ਵੈਨਕੂਵਰ ਤੀਕ ਕੈਨੇਡਾ ਵਸਦੇ ਕਿਸਾਨ ਹਿਤੈਸ਼ੀ ਪੰਜਾਬੀਆਂ ਵਲੋਂ ਵੱਡ ਆਕਾਰੀ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ।
ਉਥੇ ਹੀ ਪਿਛਲੇ ਕੁੱਝ ਦਿਨਾਂ ਤੋਂ ਇਥੋਂ ਦੇ ਕੁੱਝ ਉਦਮੀ ਪੰਜਾਬੀ ਨੌਜੁਆਨਾਂ ਵਲੋਂ ਸਰੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਚੌਰਸਤਿਆਂ ਅਤੇ ਹੋਰਨਾਂ ਜਨਤਕ ਥਾਵਾਂ 'ਤੇ ਕਿਸਾਨਾਂ ਦੇ ਹੱਕ ਅਤੇ ਮੋਦੀ ਸਰਕਾਰ ਦੇ ਵਿਰੋਧ 'ਚ ਅੰਕਿਤ ਕੀਤੀਆਂ ਤਖ਼ਤੀਆਂ ਨਾਲ ਕਈ-ਕਈ ਘੰਟੇ ਖੜੇ ਹੋ ਕੇ ਅਪਣੇ ਰੋਸ ਪ੍ਰਤੀ ਰਾਹਗੀਰਾਂ ਨੂੰ ਆਕਰਸ਼ਿਤ ਕਰਨ ਦੇ ਸ਼ਲਾਘਾਯੋਗ ਉਪਰਾਲਿਆਂ ਦਾ ਦ੍ਰਿਸ਼ ਹਰ ਰੋਜ਼ ਦੇਖਿਆ ਜਾ ਸਕਦਾ ਹੈ।
ਕੜਾਕੇ ਦੀ ਇਸ ਠੰਢ 'ਚ ਕਿਸਾਨਾਂ ਦੇ ਹੱਕ 'ਚ ਰੋਸ ਪ੍ਰਗਟਾਉਂਦੇ ਉਕਤ ਨੌਜੁਆਨਾਂ ਹੌਸਲਾ ਅਫ਼ਜ਼ਾਈ ਤੇ 'ਸ਼ਾਬਾਸ਼ੀ' ਲਈ ਉਥੋਂ ਲੰਘਦੇ ਰਾਹਗੀਰਾਂ ਵਲੋਂ ਆਪੋ-ਅਪਣੀਆਂ ਕਾਰਾਂ ਜਾਂ ਹੋਰਨਾਂ ਵਾਹਨਾਂ ਦਾ ਹਾਰਨ ਵਜਾ ਕੇ ਉਨ੍ਹਾਂ ਦੀ 'ਹਾਂ ਵਿਚ ਹਾਂ' ਮਿਲਾਉਣ ਦੇ ਦਿਤੇ ਗਏ ਸੰਕੇਤਾਂ ਦਾ ਭਾਵੁਕ ਦ੍ਰਿਸ਼ ਵੇਖ ਕੇ ਕੋਲੋਂ ਲੰਘਦੇ ਪੰਜਾਬੀ ਮੂਲ ਦੇ ਬਾਕੀ ਲੋਕਾਂ ਦੀ ਭਾਵਕੁimageਤਾ ਨੂੰ ਸੱਚਮੁੱਚ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।
ਸਰੀ ਦੇ ਚੌਰਸਤਿਆਂ 'ਚ ਰੋਸ ਪ੍ਰਗਟਾਉਂਦੇ ਕੁੱਝ ਉਦਮੀ ਪੰਜਾਬੀ ਨੌਜੁਆਨ।