
ਅਮਰੀਕਾ 'ਚ ਧੀ ਦੇ ਜਨਮ ਦਿਨ ਤੇ ਲੁੱਟ ਦੀ ਵਾਰਦਾਤ 'ਚ ਭਾਰਤੀ ਵਿਅਕਤੀ ਦਾ ਕਤਲ
ਨਿਊਯਾਰਕ , 7 ਦਸੰਬਰ : ਅਮਰੀਕਾ ਦੇ ਜਾਰਜੀਆ ਰਾਜ ਵਿਚ ਇਕ ਪਟਰੌਲ ਸਟੇਸ਼ਨ ਦੇ ਮਾਲਕ ਭਾਰਤੀ ਮੂਲ ਦੇ ਵਿਅਕਤੀ ਦਾ ਉਸਦੀ ਧੀ ਦੇ ਜਨਮਦਿਨ 'ਤੇ ਕਤਲ ਕਰ ਦਿਤਾ ਗਿਆ | ਜਾਣਕਾਰੀ ਮੁਤਾਬਕ ਇਕ ਪੁਲਿਸ ਸਟੇਸ਼ਨ ਦੇ ਨਾਲ ਇਕ ਬਿਲਡਿੰਗ ਸਾਂਝੀ ਕਰਨ ਵਾਲੇ ਬੈਂਕ ਦੇ ਸਾਹਮਣੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਿਚ ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ | ਟੀਵੀ ਸਟੇਸ਼ਨ ਡਬਲਯੂਟੀਵੀਐਮ ਨੇ ਕਾਉਂਟੀ ਕੋਰੋਨਰ ਦੇ ਹਵਾਲੇ ਨਾਲ ਦਸਿਆ ਕਿ ਅਮਿਤ ਪਟੇਲ (45) ਨੂੰ ਕੋਲੰਬਸ ਵਿਚ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਇਕ ਡਕੈਤੀ ਦੌਰਾਨ ਗੋਲੀ ਮਾਰ ਦਿਤੀ ਗਈ, ਜਦੋਂ ਉਹ ਬੈਂਕ ਵਿਚ ਪੈਸੇ ਜਮ੍ਹਾਂ ਕਰ ਰਿਹਾ ਸੀ | ਉਸ ਦੇ ਸਾਥੀ ਵਿੰਨੀ ਪਟੇਲ ਨੇ ਟੀਵੀ ਸਟੇਸ਼ਨ ਨੂੰ ਦਸਿਆ ਕਿ ਉਹ ਬੈਂਕ ਵਿਚ ਅਪਣੇ ਪਟਰੌਲ ਸਟੇਸ਼ਨ ਤੋਂ ਵੀਕੈਂਡ ਦੀ ਵਿਕਰੀ ਰਸੀਦ ਜਮ੍ਹਾਂ ਕਰਾਉਣ ਤੋਂ ਬਾਅਦ ਅਪਣੀ ਤਿੰਨ ਸਾਲ ਦੀ ਬੇਟੀ ਦਾ ਜਨਮਦਿਨ ਮਨਾਉਣ ਦੀ ਯੋਜਨਾ ਬਣਾ ਰਿਹਾ ਸੀ | ਸਾਥੀ ਵਿੰਨੀ ਮੁਤਾਬਕ ਪੀੜਤ ਦੀ ਬੇਟੀ ਕਦੇ ਨਹੀਂ ਭੁੱਲੇਗੀ ਕਿ ਉਸ ਦੇ ਜਨਮਦਿਨ 'ਤੇ ਉਸਦੇ ਪਿਤਾ ਨਾਲ ਕੀ ਹੋਇਆ |ਅਮਿਤ ਪਟੇਲ ਅਪਣੇ ਪਿੱਛੇ ਪਤਨੀ ਅਤੇ ਬੇਟੀ ਨੂੰ ਛੱਡ ਗਏ ਹਨ | ਵਿੰਨੀ ਪਟੇਲ ਨੇ ਲੇਜਰ-ਇਨਕਵਾਇਰ ਅਖ਼ਬਾਰ ਨੂੰ ਦਸਿਆ ਕਿ ਸ਼ੂਟਰ ਨੇ ਉਹ ਪੈਸੇ ਲੈ ਲਏ ਜੋ ਅਮਿਤ ਪਟੇਲ ਜਮਾਂ ਕਰਨ ਜਾ ਰਿਹਾ ਸੀ | (ਏਜੰਸੀ)