ਲਾਸਲਗਾਓਂ ਏ.ਪੀ.ਐਮ.ਸੀ. ਦੇ ਪ੍ਰਧਾਨ ਬਾਲਾਸਾਹਿਬ ਖਿਰਸਾਗਰ ਨੇ ਕਿਹਾ, ‘‘ਕੇਂਦਰ ਦਾ ਫੈਸਲਾ ਕਿਸਾਨਾਂ ਦੇ ਹੱਕ ’ਚ ਨਹੀਂ ਹੈ
ਮੁੰਬਈ : ਕੇਂਦਰ ਸਰਕਾਰ ਵਲੋਂ ਪਿਆਜ਼ ਦੇ ਨਿਰਯਾਤ ’ਤੇ ਪਾਬੰਦੀ ਲਗਾਉਣ ਦੇ ਐਲਾਨ ਤੋਂ ਬਾਅਦ ਪਿਆਜ਼ ਕਿਸਾਨਾਂ ਨੇ ਸ਼ੁਕਰਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ’ਚ ਤਿੰਨ ਥਾਵਾਂ ’ਤੇ ਮੁੰਬਈ-ਆਗਰਾ ਹਾਈਵੇਅ ਜਾਮ ਕਰ ਦਿਤਾ ਅਤੇ ਜ਼ਿਲ੍ਹੇ ਦੀ ਥੋਕ ਮੰਡੀ ’ਚ ਨਿਲਾਮੀ ਰੋਕ ਦਿਤੀ। ਇਹ ਜਾਣਕਾਰੀ ਪੁਲਿਸ ਨੇ ਦਿਤੀ।ਇਕ ਅਧਿਕਾਰੀ ਨੇ ਦਸਿਆ ਕਿ ਕਿਸਾਨਾਂ ਨੇ ਸ਼ੁਕਰਵਾਰ ਨੂੰ ਨਾਸਿਕ ਦੇ ਲਾਸਲਗਾਓਂ, ਚੰਦਵਾੜ, ਨੰਦਗਾਓਂ, ਡਿੰਡੋਰੀ, ਯੇਓਲਾ, ਉਮਰਾਨੇ ਅਤੇ ਹੋਰ ਥਾਵਾਂ ’ਤੇ ਪਿਆਜ਼ ਮੰਡੀਆਂ ’ਚ ਨਿਲਾਮੀ ਬੰਦ ਕਰ ਦਿਤੀ।
ਅਧਿਕਾਰੀਆਂ ਮੁਤਾਬਕ ਇਹ ਨਿਲਾਮੀ ਲਾਸਲਗਾਓਂ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਕਮੇਟੀ (ਏ.ਪੀ.ਐਮ.ਸੀ.) ’ਚ ਨਹੀਂ ਹੋਈ, ਬਲਕਿ ਲਾਸਲਗਾਓਂ ਏ.ਪੀ.ਐਮ.ਸੀ. ਦੀਆਂ ਵਿੰਚੂਰ ਅਤੇ ਨਿਪਡ ਸਬ-ਕਮੇਟੀਆਂ ’ਚ ਹੋਈ। ਅਧਿਕਾਰੀਆਂ ਨੇ ਦਸਿਆ ਕਿ ਪਿਆਜ਼ ਨਾਲ ਭਰੀਆਂ 600 ਗੱਡੀਆਂ ਸ਼ੁਕਰਵਾਰ ਨੂੰ ਵਿੰਚੂਰ ਪੁੱਜੀਆਂ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਕੀਮਤ 1500 ਰੁਪਏ ਪ੍ਰਤੀ ਕੁਇੰਟਲ, ਵੱਧ ਤੋਂ ਵੱਧ 3300 ਰੁਪਏ ਪ੍ਰਤੀ ਕੁਇੰਟਲ ਅਤੇ ਔਸਤਨ 2700 ਰੁਪਏ ਪ੍ਰਤੀ ਕੁਇੰਟਲ ਹੈ।
ਅਧਿਕਾਰੀ ਨੇ ਦਸਿਆ ਕਿ ਸੈਂਕੜੇ ਕਿਸਾਨਾਂ ਨੇ ਮੁੰਬਈ-ਆਗਰਾ ਹਾਈਵੇਅ ’ਤੇ ਤਿੰਨ ਥਾਵਾਂ ’ਤੇ ਟਰੈਕਟਰਾਂ ਦੀ ਵਰਤੋਂ ਕਰ ਕੇ ਕੁਝ ਸਮੇਂ ਲਈ ਸੜਕ ਜਾਮ ਕਰ ਦਿਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮਾਲੇਗਾਉਂ ਦੇ ਜੈਖੇੜਾ, ਚੰਦਵਾੜ, ਉਮਰਾਨੇ, ਨੰਦਗਾਓਂ ਅਤੇ ਮੁੰਗਸੇ ਵਿਖੇ ਰਸਤਾ ਰੋਕੋ ਪ੍ਰਦਰਸ਼ਨ ਕੀਤੇ। ਅਧਿਕਾਰੀ ਨੇ ਦਸਿਆ ਕਿ ਨਾਸਿਕ ਪੁਲਿਸ ਦੀ ਅਪੀਲ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤਮਈ ਢੰਗ ਨਾਲ ਖਿੰਡ ਗਏ ਅਤੇ ਕਿਸਾਨਾਂ ’ਤੇ ਕਿਸੇ ਤਾਕਤ ਦੀ ਵਰਤੋਂ ਨਹੀਂ ਕੀਤੀ ਗਈ।
ਲਾਸਲਗਾਓਂ ਏ.ਪੀ.ਐਮ.ਸੀ. ਦੇ ਪ੍ਰਧਾਨ ਬਾਲਾਸਾਹਿਬ ਖਿਰਸਾਗਰ ਨੇ ਕਿਹਾ, ‘‘ਕੇਂਦਰ ਦਾ ਫੈਸਲਾ ਕਿਸਾਨਾਂ ਦੇ ਹੱਕ ’ਚ ਨਹੀਂ ਹੈ। ਪਿਆਜ਼ ਦੀਆਂ ਕੀਮਤਾਂ ਤੇਜ਼ੀ ਨਾਲ ਨਹੀਂ ਵਧ ਰਹੀਆਂ ਸਨ ਅਤੇ ਪਿਛਲੇ ਪੰਜ ਤੋਂ ਛੇ ਦਿਨਾਂ ’ਚ ਘੱਟ ਗਈਆਂ ਸਨ। ਇਸ ਫੈਸਲੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਅਤੇ ਅਸੀਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ।’’
ਉਨ੍ਹਾਂ ਕਿਹਾ, ‘‘ਇਸ ਸਮੇਂ ਕੀਮਤਾਂ 1,000 ਤੋਂ 1,200 ਰੁਪਏ ਪ੍ਰਤੀ ਕੁਇੰਟਲ ਹਨ, ਹਾਲਾਂਕਿ ਲੋਕ ਇਸ ਨੂੰ 3,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚ ਰਹੇ ਹਨ। ਉਨ੍ਹਾਂ ਨੇ ਮਹਿੰਗਾਈ ਲਈ ਵਿਚੋਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕੋਈ ਵਿਚੋਲੇ ਨਹੀਂ ਹੋਣੇ ਚਾਹੀਦੇ ਅਤੇ ਸਰਕਾਰ ਨੂੰ ਸਿੱਧਾ ਪਿਆਜ਼ ਵੇਚਣ ਦਾ ਫੈਸਲਾ ਕਰਨਾ ਚਾਹੀਦਾ ਹੈ।’’
ਯੇਓਲਾ ’ਚ ਅੰਦੋਲਨ ਕਰ ਰਹੀ ’ਕ ਕਿਸਾਨ ਕਿਰਨ ਦਰਾਡੇ ਨੇ ਕਿਹਾ, ‘‘ਕੇਂਦਰ ਸਰਕਾਰ ਨੇ ਬਿਨਾਂ ਕਿਸੇ ਨੋਟਿਸ ਜਾਂ ਸ਼ਿਕਾਇਤ ਦੇ ਨਿਰਯਾਤ ’ਤੇ ਪਾਬੰਦੀ ਲਗਾ ਦਿਤੀ ਹੈ। ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਮੱਕੀ ਅਤੇ ਪਿਆਜ਼ ਦੀਆਂ ਫਸਲਾਂ ਪ੍ਰਭਾਵਤ ਹੋਈਆਂ ਹਨ। ਪਾਬੰਦੀ ਨੂੰ ਛੇਤੀ ਤੋਂ ਛੇਤੀ ਵਾਪਸ ਲਿਆ ਜਾਣਾ ਚਾਹੀਦਾ ਹੈ।’’
ਇਸ ਤੋਂ ਪਹਿਲਾਂ ਅਕਤੂਬਰ ’ਚ ਕੇਂਦਰ ਨੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਪ੍ਰਚੂਨ ਬਾਜ਼ਾਰਾਂ ’ਚ ਬਫਰਡ ਪਿਆਜ਼ ਸਟਾਕ ਤੋਂ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਦਰ ’ਤੇ ਵਿਕਰੀ ਵਧਾਉਣ ਦਾ ਫੈਸਲਾ ਕੀਤਾ ਸੀ। ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਸ ਸਾਲ 28 ਅਕਤੂਬਰ ਤੋਂ 31 ਦਸੰਬਰ ਤਕ ਪਿਆਜ਼ ਦੀ ਬਰਾਮਦ ’ਤੇ 800 ਡਾਲਰ ਪ੍ਰਤੀ ਟਨ ਦਾ ਘੱਟੋ-ਘੱਟ ਨਿਰਯਾਤ ਮੁੱਲ (ਐਮ.ਈ.ਪੀ.) ਲਗਾਇਆ ਸੀ। ਅਗੱਸਤ ’ਚ ਭਾਰਤ ਨੇ 31 ਦਸੰਬਰ ਤਕ ਪਿਆਜ਼ ’ਤੇ 40 ਫੀ ਸਦੀ ਨਿਰਯਾਤ ਡਿਊਟੀ ਲਗਾਈ ਸੀ।