ਕਿਹਾ, ਸਾਨੂੰ ਲਿਖਤੀ ਰੂਪ ’ਚ ਸਰਕਾਰ ਵਲੋਂ ਜੇਕਰ ਕੋਈ ਸਾਕਾਰਾਤਮਕ ਪੇਸ਼ਕਸ਼ ਆਉਂਦੀ ਹੈ ਤਾਂ ਹੀ ਅਸੀਂ ਗੱਲ ਕਰਾਂਗੇ
- ਪ੍ਰਸ਼ਾਸਨ ਨਾਲ ਮੀਟਿੰਗ ਮਗਰੋਂ ਕਿਸਾਨਾਂ ਨੇ ਸੋਮਵਾਰ ਨੂੰ ਕੂਚ ਨਾ ਕਰਨ ਦਾ ਫੈਸਲਾ ਕੀਤਾ
ਚੰਡੀਗੜ੍ਹ : ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਅੰਬਾਲਾ ਦੇ ਡੀ.ਸੀ., ਐਸ.ਪੀ. ਅਤੇ ਪਟਿਆਲਾ ਦੇ ਐਸ.ਐਸ.ਪੀ. ਨਾਲ ਮੀਟਿੰਗ ਕੀਤੀ ਜਿਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਉਹ ਕੇਂਦਰ ਸਰਕਾਰ ਕੋਲ ਉਨ੍ਹਾਂ ਦੀਆਂ ਮੰਗਾਂ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਪੁਲਿਸ ਅਧਿਕਾਰੀਆਂ ਨੂੰ ਦਸਿਆ ਕਿ ਸਾਨੂੰ ਲਿਖਤੀ ਰੂਪ ’ਚ ਸਰਕਾਰ ਵਲੋਂ ਜੇਕਰ ਕੋਈ ਸਾਕਾਰਾਤਮਕ ਪੇਸ਼ਕਸ਼ ਆਉਂਦੀ ਹੈ ਤਾਂ ਹੀ ਅਸੀਂ ਗੱਲ ਕਰਾਂਗੇ। ਡੀ.ਸੀ. ਨੇ ਸਾਨੂੰ ਦਸਿਆ ਕਿ ਸਰਕਾਰ ਵਲੋਂ ਕੋਈ ਹੁੰਗਾਰਾ ਆਉਣ ਸੋਮਵਾਰ ਸ਼ਾਮ ਤਕ ਸੂਚਿਤ ਕੀਤਾ ਜਾਵੇਗਾ। ਸੋ ਅਸੀਂ ਕਲ ਸ਼ਾਮ ਤਕ ਉਡੀਕ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ।’’
ਸ਼ੰਭੂ ਬਾਰਡਰ ’ਤੇ ਵਾਪਰੇ ਅੱਜ ਦੇ ਘਟਨਾਕ੍ਰਮ ਬਾਰੇ ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਸਾਹਮਣੇ ਸਰਕਾਰ ਦਾ ਦੋਗਲਾ ਚਿਹਰਾ ਨਜ਼ਰ ਆਇਆ ਹੈ। ਉਨ੍ਹਾਂ ਕਿਹਾ, ‘‘ਜਿਵੇਂ ਹਾਥੀ ਦੇ ਦੰਦ ਵਿਖਾਉਣ ਦੇ ਹੋਰ ਅਤੇ ਖਾਣ ਦੇ ਹੋਰ ਹੁੰਦੇ ਹਨ, ਉਸੇ ਤਰ੍ਹਾਂ ਅੱਜ ਪਹਿਲਾਂ ਤਾਂ ਲੋਕਾਂ ਨੂੰ ਵਿਖਾਉਣ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਬਿਸਕੁਟ ਦਿਤੇ, ਚਾਹ-ਪਾਣੀ ਪੁਛਿਆ ਅਤੇ ਫੁੱਲ ਵਰ੍ਹਾਏ। ਪਰ ਦੋ ਮਿੰਟ ਬਾਅਦ ਹੀ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਸੁਟਣੇ ਸ਼ੁਰੂ ਹੋ ਗਏ ਅਤੇ ਜੋ ਫੁੱਲ ਸੁੱਟੇ ਸਨ ਉਹ ਵੀ ਕੈਮੀਕਲ ਵਾਲੇ ਸਨ।’’
ਉਨ੍ਹਾਂ ਕਿਹਾ ਕਿ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲਾ ਕਿਸਾਨ ਮਜ਼ਦੂਰ ਮੋਰਚਾ ਪਹਿਲੇ ਦਿਨ ਤੋਂ ਹੀ ਐਸ.ਕੇ.ਐਮ. ਅਤੇ ਹੋਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦਾ ਰਿਹਾ ਹੈ ਅਤੇ ਉਹ ਚਾਹੁੰਦੇ ਹਨ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਤਕ ਏਕਤਾ ਨਹੀਂ ਹੁੰਦੀ ਉਦੋਂ ਤਕ ਸਰਕਾਰ ’ਤੇ ਦਬਾਅ ਨਹੀਂ ਬਣਾਇਆ ਜਾ ਸਕਦਾ।
ਹੁਣ ਤਾਂ ਮੀਡੀਆ ਨੂੰ ਵੀ ‘ਖ਼ਾਲਿਸਤਾਨੀ’ ਕਰਾਰ ਦੇ ਦਿਤਾ ਗਿਐ : ਸਰਵਣ ਸਿੰਘ ਪੰਧੇਰ
ਚੰਡੀਗੜ੍ਹ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਦਾਅਵਾ ਕੀਤਾ ਕਿ ਜਿਵੇਂ ਪਹਿਲਾਂ ਕਿਸਾਨਾਂ ਨੂੰ ਤਾਲਿਬਾਨੀ, ਖ਼ਾਲਿਸਤਾਨੀ, ਨਕਸਲੀ ਆਦਿ ਕਹਿ ਕੇ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਕਿਸਾਨਪੱਖੀ ਮੀਡੀਆ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਪੁਲਿਸ ਨੇ ਮੀਡੀਆ ਮੁਲਾਜ਼ਮਾਂ ਨੂੰ ਵਿਰੋਧ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੂਰ ਰੱਖਣ ਨੂੰ ਕਿਹਾ ਗਿਆ ਸੀ ਅਤੇ ਉਨ੍ਹਾਂ ’ਤੇ ਹੰਝੂ ਗੈਸ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਹ ਯਕੀਨੀ ਕਰਨ ਨੂੰ ਕਿਹਾ ਸੀ ਕਿ ਮੀਡੀਆ ਮੁਲਾਜ਼ਮਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਦੂਰ ਰੋਕਿਆ ਜਾਵੇ, ਜਿਸ ਨਾਲ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਵੀ ਆਸਾਨੀ ਹੋਵੇਗੀ। ਐਸ.ਕੇ.ਐਮ. ਦੇ ਕਿਸਾਨ ਆਗੂ ਭੰਗੂ ਨੇ ਵੀ ਕਿਹਾ, ‘‘ਮੀਡੀਆ ਨੂੰ ਖ਼ਾਲਿਸਤਾਨੀ ਬੋਲਣਾ ਅਤੇ ਹੰਝੂ ਗੈਸ ਦੇ ਗੋਲੇ ਸੁੱਟਣਾ ਸ਼ਰਮਨਾਕ ਹੈ।’’
ਮੁੜ ਰੋਕਿਆ ਗਿਆ ਕਿਸਾਨਾਂ ਦਾ ਮਾਰਚ : ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਠੰਢ ’ਚ ਚਲਾਈਆਂ ਗਈਆਂ ਪਾਣੀ ਦੀਆਂ ਤੋਪਾਂ
- ਸਾਨੂੰ 101 ਕਿਸਾਨਾਂ ਦੀ ਸੂਚੀ ਮਿਲੀ ਹੈ, ਪਰ ਦਿੱਲੀ ਜਾਣ ਲਈ ਆਏ ਕਿਸਾਨਾਂ ’ਚ ਉਹ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਨਾਮ ਸੂਚੀ ’ਚ ਹਨ : ਹਰਿਆਣਾ ਪੁਲਿਸ
- ਸਾਨੂੰ ਨਹੀਂ ਪਤਾ ਕਿ ਉਨ੍ਹਾਂ ਕੋਲ ਕਿਹੜੀ ਸੂਚੀ ਹੈ, ਪਛਾਣ ਪੱਤਰ ਹੀ ਨਹੀਂ ਇਜਾਜ਼ਤ ਪੱਤਰ ਵੀ ਮੰਗ ਰਹੇ ਨੇ : ਕਿਸਾਨ
ਚੰਡੀਗੜ੍ਹ : ਪੰਜਾਬ-ਹਰਿਆਣਾ ਦੀ ਹੱਦ ’ਤੇ 101 ਕਿਸਾਨਾਂ ਦੇ ਜੱਥੇ ਨੇ ਐਤਵਾਰ ਨੂੰ ਸ਼ੰਭੂ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ ਦਿੱਲੀ ਵਲ ਅਪਣਾ ਮਾਰਚ ਮੁੜ ਸ਼ੁਰੂ ਕੀਤਾ ਪਰ ਹਰਿਆਣਾ ਦੇ ਸੁਰੱਖਿਆ ਬਲਾਂ ਵਲੋਂ ਲਗਾਏ ਗਏ ਬਹੁ-ਪੱਧਰੀ ਬੈਰੀਕੇਡਾਂ ਕਾਰਨ ਉਹ ਇਕ ਵਾਰੀ ਫਿਰ ਅੱਗੇ ਨਹੀਂ ਵਧ ਸਕੇ।
ਪ੍ਰਦਰਸ਼ਨਕਾਰੀ ਕਿਸਾਨਾਂ ਦੇ ਬੈਰੀਕੇਡਾਂ ਨੇੜੇ ਪਹੁੰਚਣ ਸਾਰ ਹੀ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦਾ ਪ੍ਰਯੋਗ ਕੀਤਾ ਗਿਆ। ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣ ਤੋਂ ਪਹਿਲਾਂ ਉਨ੍ਹਾਂ ’ਤੇ ਜੋ ਫੁੱਲ ਸੁੱਟੇ ਸਨ ਉਹ ਰਸਾਇਣ ਨਾਲ ਲਿਬੜੇ ਹੋਏ ਸਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ’ਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ।
ਅੰਬਾਲਾ ਪੁਲਿਸ ਨੇ ਕਿਹਾ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਪ੍ਰਸ਼ਾਸਨ ਤੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਦਿੱਲੀ ਵਲ ਮਾਰਚ ਕਰਨਾ ਚਾਹੀਦਾ ਹੈ। ‘ਮਰਜੀਵੜੇ’ ਨਾਂ ਦਾ ਇਹ ਕਿਸਾਨ ਜਥਾ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਕੂਚ ਕਰ ਰਿਹਾ ਸੀ ਪਰ ਕੁੱਝ ਮੀਟਰ ਦੀ ਦੂਰੀ ’ਤੇ ਹੀ ਉਨ੍ਹਾਂ ਨੂੰ ਰੋਕ ਦਿਤਾ ਗਿਆ।
ਹਰਿਆਣਾ ਦੇ ਇਕ ਸੁਰੱਖਿਆ ਕਰਮਚਾਰੀ ਨੂੰ ਕਿਸਾਨਾਂ ਨੂੰ ਦਿੱਲੀ ਵਲ ਮਾਰਚ ਕਰਨ ਦੀ ਇਜਾਜ਼ਤ ਦਾ ਪੱਤਰ ਵਿਖਾਉਣ ਲਈ ਕਹਿੰਦੇ ਹੋਏ ਸੁਣਿਆ ਗਿਆ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਪਹਿਲਾਂ ਅਸੀਂ ਉਨ੍ਹਾਂ ਦੀ ਪਛਾਣ ਕਰਾਂਗੇ ਅਤੇ ਵੇਖਾਂਗੇ ਕਿ ਕੀ ਉਨ੍ਹਾਂ ਕੋਲ ਕੋਈ ਇਜਾਜ਼ਤ ਹੈ। ਸਾਨੂੰ (101 ਕਿਸਾਨਾਂ ਦੀ) ਸੂਚੀ ਮਿਲੀ ਹੈ, ਪਰ ਇਨ੍ਹਾਂ ’ਚ ਉਹ ਸ਼ਾਮਲ ਨਹੀਂ ਹਨ ਜਿਨ੍ਹਾਂ ਦੇ ਨਾਮ ਸੂਚੀ ’ਚ ਹਨ। ਉਹ ਅਪਣੀ ਪਛਾਣ ਦਾ ਪ੍ਰਗਟਾਵਾ ਨਹੀਂ ਕਰ ਰਹੇ ਹਨ ਜਿਸ ਦਾ ਮਤਲਬ ਹੈ ਕਿ ਉਹ ਭੀੜ ਵਜੋਂ ਆ ਰਹੇ ਹਨ।’’
ਇਕ ਕਿਸਾਨ ਨੇ ਕਿਹਾ, ‘‘ਉਹ ਕਹਿ ਰਹੇ ਹਨ ਕਿ ਸਾਡੇ ਨਾਮ ਸੂਚੀ ’ਚ ਨਹੀਂ ਹਨ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਕੋਲ ਕਿਹੜੀ ਸੂਚੀ ਹੈ। ਜਦੋਂ ਅਸੀਂ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਸਾਡੀ ਪਛਾਣ ਦੀ ਪੁਸ਼ਟੀ ਕਰਨ ਤੋਂ ਬਾਅਦ ਸਾਨੂੰ ਅੱਗੇ ਵਧਣ ਦੀ ਇਜਾਜ਼ਤ ਦੇਣਗੇ, ਤਾਂ ਉਨ੍ਹਾਂ ਨੇ ਕਹਿ ਦਿੱਤਾ ਕਿ ਸਾਨੂੰ ਇਜਾਜ਼ਤ ਪੱਤਰ ਵੀ ਵਿਖਾਉਣਾ ਪਵੇਗਾ।’’
ਟਕਰਾਅ ਵਧਣ ’ਤੇ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਅੱਥਰੂ ਗੈਸ ਦੇ ਗੋਲੇ ਛੱਡੇ ਜਾਣ ਕਾਰਨ ਕਿਸਾਨਾਂ ਨੂੰ ਕੁੱਝ ਮੀਟਰ ਪਿੱਛੇ ਹਟਣਾ ਪਿਆ, ਜਿਨ੍ਹਾਂ ਵਿਚੋਂ ਕਈਆਂ ਨੇ ਅਪਣੇ ਚਿਹਰੇ ਢਕੇ ਹੋਏ ਸਨ ਅਤੇ ਸੁਰੱਖਿਆਤਮਕ ਚਸ਼ਮੇ ਪਹਿਨੇ ਹੋਏ ਸਨ। ਕੁੱਝ ਲੋਕਾਂ ਨੇ ਗਿੱਲੇ ਜੂਟ ਦੇ ਥੈਲਿਆਂ ਨਾਲ ਗੈਸ ਦੇ ਅਸਰ ਤੋਂ ਬਚਣ ਦੀ ਕੋਸ਼ਿਸ਼ ਕੀਤੀ।
ਕਿਸਾਨਾਂ ਨੇ ਦਾਅਵਾ ਕੀਤਾ ਕਿ ਹਮਲੇ ’ਚ ਇਕ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਜ਼ਖ਼ਮੀ ਕਿਸਾਨ ਦੀ ਪਛਾਣ ਰੇਸ਼ਮ ਸਿੰਘ ਵਾਸੀ ਭਗਤਾ ਭਾਈਕਾ ਵਜੋਂ ਹੋਈ ਹੈ ਜਿਸ ਦੇ ਸਿਰ ’ਤੇ ਅੱਥਰੂ ਗੈਸ ਦਾ ਗੋਲਾ ਲੱਗਣ ਕਾਰਨ ਉਸ ਨੂੰ ਪੀ.ਜੀ.ਆਈ. ਦਾਖ਼ਲ ਕਰਵਾਇਆ ਗਿਆ।
ਕਿਸਾਨਾਂ ਦੇ ਮੁੜ ਮਗਰੋਂ ਇਕ ਪ੍ਰੈੱਸ ਕਾਨਫ਼ਰੰਸ ’ਚ ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ 300ਵਾਂ ਦਿਨ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡੇਰਾ ਲਾ ਰਹੇ ਹਨ, ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਦਿੱਲੀ ਵਲ ਮਾਰਚ ਕਰਨ ਤੋਂ ਰੋਕ ਦਿਤਾ ਸੀ। ਪੰਧੇਰ ਨੇ ਕਿਹਾ ਕਿ ਕਿਸਾਨ ਅਗਲੀ ਰਣਨੀਤੀ ਬਾਰੇ ਮੰਗਲਵਾਰ ਸਵੇਰੇ ਬੈਠਕ ਕਰਨਗੇ।
ਕਿਸਾਨ ਆਗੂ ਤੇਜਵੀਰ ਸਿੰਘ ਨੇ ਸਵਾਲ ਕੀਤਾ ਕਿ ਜਦ ਕਿਸਾਨ ਸ਼ਾਂਤਮਈ ਢੰਗ ਨਾਲ ਚੱਲ ਰਹੇ ਸਨ ਤਾਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਕਿਉਂ ਰੋਕਿਆ ਗਿਆ? ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਇਸ ’ਤੇ ਕੀ ਇਤਰਾਜ਼ ਹੈ? ਉਨ੍ਹਾਂ ਕਿਹਾ, ‘‘ਪਹਿਲਾਂ ਕੇਂਦਰੀ ਮੰਤਰੀਆਂ ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਦੇ ਟਰੈਕਟਰਾਂ ਅਤੇ ਟਰਾਲੀਆਂ ਨਾਲ ਦਿੱਲੀ ਜਾਣ ’ਤੇ ਇਤਰਾਜ਼ ਪ੍ਰਗਟਾਇਆ ਸੀ ਪਰ ਹੁਣ ਜਦੋਂ ਉਹ ਪੈਦਲ ਮਾਰਚ ਕਰ ਰਹੇ ਹਨ ਤਾਂ ਕੀ ਮੁੱਦਾ ਹੈ?’’
ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਚਿੱਠੀ ਲਿਖ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਮੀਡੀਆ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਦਰਸ਼ਨ ਵਾਲੀ ਥਾਂ ਤੋਂ ਕੁੱਝ ਦੂਰੀ ’ਤੇ ਰੋਕਿਆ ਜਾਵੇ, ਜਿਸ ਨਾਲ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਵੀ ਮਦਦ ਮਿਲੇਗੀ।
ਸ਼ੁਕਰਵਾਰ ਨੂੰ ਕਿਸਾਨਾਂ ਨੂੰ ਅਪਣਾ ਮਾਰਚ ਮੁਲਤਵੀ ਕਰਨਾ ਪਿਆ ਕਿਉਂਕਿ ਉਨ੍ਹਾਂ ਵਿਚੋਂ ਕੁੱਝ ਅੱਥਰੂ ਗੈਸ ਦੇ ਗੋਲਿਆਂ ਨਾਲ ਜ਼ਖ਼ਮੀ ਹੋ ਗਏ ਸਨ। ਪੰਧੇਰ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਕਿਸਾਨਾਂ ਨੂੰ ਇਸ ਮਾਮਲੇ ’ਤੇ ਕੇਂਦਰ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਐਮ.ਐਸ.ਪੀ. ਤੋਂ ਇਲਾਵਾ ਕਿਸਾਨ ਕਰਜ਼ਾ ਮੁਆਫੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਅਤੇ ਬਿਜਲੀ ਦਰਾਂ ’ਚ ਕੋਈ ਵਾਧਾ ਨਾ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ 2021 ਦੇ ਲਖੀਮਪੁਰ ਖੀਰੀ ਹਿੰਸਾ ਦੇ ਪੀੜਤਾਂ ਲਈ ‘ਇਨਸਾਫ’ ਦੀ ਮੰਗ ਕਰ ਰਹੇ ਹਨ, ਭੂਮੀ ਪ੍ਰਾਪਤੀ ਐਕਟ 2013 ਦੀ ਬਹਾਲੀ ਅਤੇ 2020-21 ’ਚ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕਰ ਰਹੇ ਹਨ।