ਅੰਮ੍ਰਿਤਸਰ ’ਚ ਸਿੱਖ ਜਥੇਬੰਦੀਆਂ ਦੀ ਪ੍ਰੈਸ ਵਾਰਤਾ: ਪੁਲਸ ਕਾਰਵਾਈ ਅਧੂਰੀ, 326–307 ਦੇ ਕੇਸ ਦੋਸ਼ੀਆਂ ’ਤੇ ਦਰਜ ਹੋਣ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਸ ਵੱਲੋਂ ਲਾਪਤਾ 328 ਪਾਵਨ ਸਰੂਪ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਭੰਡਾਰੀ ਪੁੱਲ, ਅੰਮ੍ਰਿਤਸਰ ’ਤੇ ਪ੍ਰੈਸ ਵਾਰਤਾ ਕੀਤੀ ਗਈ। ਇਸ ਮੌਕੇ ਸੁਖਜੀਤ ਖੋਸਾ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ “ਦੇਰ ਨਾਲ ਸਹੀ, ਪਰ ਅਧੂਰੀ” ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਬਾਅਦ ਕੇਵਲ 295 ਧਾਰਾ ਹੇਠ ਐਫਆਈਆਰ ਦਰਜ ਕਰ ਦੇਣਾ ਕਾਫ਼ੀ ਨਹੀਂ, ਸਗੋਂ ਜਿਨ੍ਹਾਂ ਲੋਕਾਂ ਨੇ ਇਨਸਾਫ ਮੰਗਦੇ ਗੁਰਸਿੱਖਾਂ ’ਤੇ ਹਮਲੇ ਕੀਤੇ, ਉਨ੍ਹਾਂ ’ਤੇ ਧਾਰਾ 326 ਅਤੇ 307 ਤਹਿਤ ਵੀ ਸਖ਼ਤ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ।
ਸੁਖਜੀਤ ਖੋਸਾ ਨੇ ਦੋਸ਼ ਲਗਾਇਆ ਕਿ ਨਵੰਬਰ 2023 ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਧਰਨੇ ਸਮੇਂ ਕਈ ਗੁਰਸਿੱਖਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ, ਹੱਥ–ਪੈਰ ਤੋੜੇ ਗਏ ਅਤੇ ਦਸਤਾਰਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ, ਲਖਬੀਰ ਸਿੰਘ, ਸਰੂਪ ਸਿੰਘ ਭੁੱਚਲ ਸਮੇਤ ਕਈ ਪੀੜਤਾਂ ਦੀਆਂ ਮੈਡੀਕਲ ਰਿਪੋਰਟਾਂ ਮੌਜੂਦ ਹਨ, ਪਰ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਨਹੀਂ ਹੋਈ। ਉਲਟਾ ਪੀੜਤਾਂ ’ਤੇ ਹੀ 307 ਵਰਗੀ ਗੰਭੀਰ ਧਾਰਾ ਹੇਠ ਝੂਠੇ ਕੇਸ ਦਰਜ ਕਰ ਦਿੱਤੇ ਗਏ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ 328 ਸਰੂਪ ਮਾਮਲੇ ਦੀ ਜਾਂਚ ਅਧੂਰੀ ਛੱਡ ਕੇ ਪੀੜਤਾਂ ਨੂੰ ਇਨਸਾਫ ਨਾ ਦਿੱਤਾ ਗਿਆ, ਤਾਂ ਸਿੱਖ ਸੰਗਤ ਦੇ ਰੋਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ’ਤੇ ਹੋਵੇਗੀ। ਖੋਸਾ ਨੇ ਮੋਰਚਾ ਲਗਾ ਕੇ ਬੈਠਣ ਵਾਲੇ ਬਲਦੇਵ ਸਿੰਘ ਵਡਾਲਾ ਅਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜ ਸਾਲਾਂ ਦੀ ਲੜਾਈ ਕਰਕੇ ਹੀ ਅੱਜ ਇਹ ਮਸਲਾ ਮੁੜ ਚਰਚਾ ’ਚ ਆਇਆ ਹੈ। ਜਥੇਬੰਦੀਆਂ ਨੇ ਸਪਸ਼ਟ ਮੰਗ ਕੀਤੀ ਕਿ ਦੋਸ਼ੀ ਪੁਲਸ ਅਧਿਕਾਰੀਆਂ ਸਹਿਤ ਸਾਰੇ ਜ਼ਿੰਮੇਵਾਰ ਤੱਤਾਂ ’ਤੇ 326 ਅਤੇ 307 ਦੇ ਕੇਸ ਦਰਜ ਕੀਤੇ ਜਾਣ ਅਤੇ ਪੀੜਤ ਗੁਰਸਿੱਖਾਂ ’ਤੇ ਲੱਗੇ ਝੂਠੇ ਮੁਕੱਦਮੇ ਤੁਰੰਤ ਰੱਦ ਕੀਤੇ ਜਾਣ।
