
'ਦ ਐਕਸੀਡੈਂਟਲ ਪ੍ਰਾਈਮ ਮਨੀਸਟਰ' ਫ਼ਿਲਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਚੁਨੌਤੀ ਦਿਤੀ ਗਈ...........
ਚੰਡੀਗੜ੍ਹ (ਨੀਲ ਬੀ. ਸਿੰਘ): 'ਦ ਐਕਸੀਡੈਂਟਲ ਪ੍ਰਾਈਮ ਮਨੀਸਟਰ' ਫ਼ਿਲਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਚੁਨੌਤੀ ਦਿਤੀ ਗਈ ਹੈ। ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਅਨੁਮਿਤ ਸਿੰਘ ਨਾਮਕ ਵਿਅਕਤੀ ਦੁਆਰਾ ਐਡਵੋਕੇਟ ਕਾਨਨ ਮਲਿਕ ਰਾਹੀਂ ਦਾਇਰ ਕੀਤੀ ਇਸ ਪਟੀਸ਼ਨ 'ਤੇ ਸੁਣਵਾਈ ਕੀਤੀ। ਬੈਂਚ ਹੁਣ ਬੁਧਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗਾ। ਦਸਣਯੋਗ ਹੈ ਕਿ ਇਹ ਹਿੰਦੀ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਤ ਹੈ।
ਪਟੀਸ਼ਨਰ ਨੇ ਭਾਰਤ ਸਰਕਾਰ ਤੇ ਹੋਰਨਾਂ ਵਿਰੁਧ ਪਟੀਸ਼ਨ ਦਾਖ਼ਲ ਕਰ ਕੇ “ਸਰਟੀਫ਼ੀਕੇਸ਼'' ਨਾ ਦੇਣ ਤੇ ਇਸ ਦੀ ਸਕ੍ਰੀਨਿੰਗ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਕਿਹਾ ਗਿਆ ਹੈ ਕਿ ਇਸ ਫ਼ਿਲਮ ਨੂੰ ਬਣਾਉਣ ਦਾ ਮੰਤਵ ਸਾਬਕਾ ਪ੍ਰਧਾਨ ਮੰਤਰੀ ਦਾ ਅਕਸ ਖ਼ਰਾਬ ਕਰਨਾ ਹੈ। ਅਜਿਹਾ ਦੇਸ਼ ਦੀਆਂ ਆਮ ਚੋਣਾਂ ਸਿਰ 'ਤੇ ਹੋਣ ਕਰ ਕੇ ਕਰ ਕੇ ਕੀਤਾ ਗਿਆ ਹੈ। ਇਹ ਫ਼ਿਲਮ ਸ਼ੁਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।