
ਬਲਬੀਰ ਸਿੰਘ ਰਾਜੇਵਾਲ ਨੇ ਤਲਖ਼ ਲਹਿਜੇ ਵਿਚ 'ਸੱਚ ਕੀ ਬੇਲਾ' ਸੱਚ ਸੁਣਾਇਆ
ਪੰਜਾਬ ਦੇ ਬੀਜੇਪੀ ਲੀਡਰਾਂ ਤੇ ਸੁਖਬੀਰ ਬਾਦਲ ਵਿਰੁਧ ਵੀ ਸਖ਼ਤ ਭਾਸ਼ਾ ਵਰਤੀ
ਨਵੀਂ ਦਿੱਲੀ, 8 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨਾਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਕਿਸਾਨ ਰੋਹ ਨੂੰ, ਬਿਨਾਂ ਲੱਗ ਲਪੇਟ ਦੇ ਪਰ ਬੜੇ ਸਭਿਅਕ ਢੰਗ ਨਾਲ ਪੇਸ਼ ਕਰ ਕੇ ਦੁਨੀਆਂ ਭਰ ਦੇ ਪੰਜਾਬੀਆਂ ਦੇ ਮਨ ਮੋਹ ਲਏ | ਉਨ੍ਹਾਂ ਨੇ ਕੇਂਦਰੀ ਵਜ਼ੀਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਅੱਜ ਸਪੱਸ਼ਟ ਹੋ ਗਿਆ ਹੈ ਕਿ ਤੁਸੀ ਕਿਸਾਨਾਂ ਨੂੰ ਇਨਸਾਫ਼ ਨਾ ਦੇਣ ਦਾ ਪੱਕਾ ਫ਼ੈਸਲਾ ਕੀਤਾ ਹੋਇਆ ਹੈ ਤੇ ਐਵੇਂ ਤਰੀਕਾਂ ਪਾ ਰਹੇ ਹੋ | ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਖੇਤੀ ਅਤੇ ਖੇਤੀ ਦੀ ਮਾਰਕੀਟਿੰਗ ਬਾਰੇ ਤੁਸੀ ਕਾਨੂੰਨ ਨਹੀਂ ਬਣਾ ਸਕਦੇ ਪਰ ਤੁਸੀ ਸੰਵਿਧਾਨ ਦੇ ਉਲਟ ਜਾ ਕੇ ਅਜਿਹਾ ਕੀਤਾ ਹੈ | ਅਸੀ ਕਹਿ ਰਹੇ ਹਾਂ, ਇਸ ਗ਼ਲਤੀ ਨੂੰ ਰੱਦ ਕਰ ਕੇ ਭੁੱਲ ਨੂੰ ਸੁਧਾਰੋ | ਮੇਰੇ ਕੋਲ ਸੁਪ੍ਰੀਮ ਕੋਰਟ ਵਲੋਂ ਦਿਤੇ ਗਏ ਫ਼ੈਸਲਿਆਂ ਦੀ ਵੱਡੀ ਸੂਚੀ ਹੈ ਜਿਨ੍ਹਾਂ ਵਿਚ ਕੇਂਦਰ ਨੂੰ ਸੁਪ੍ਰੀਮ ਕੋਰਟ ਨੇ ਇਹ ਗੱਲ ਸਮਝਾਈ ਸੀ ਪਰ ਤੁਸੀ ਸਰਕਾਰ ਹੋ, ਇਸ ਲਈ ਤੁਸੀ ਕੁੱਝ ਵੀ ਕਰ ਸਕਦੇ ਹੋ | ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੀ ਆਇਆ ਹੈ | ਤੁਸੀ ਜੋ ਚਾਹੋ ਕਰ ਸਕਦੇ ਹੋ ਪਰ ਅਸੀ ਵੀ ਇਨਸਾਫ਼ ਲਏ ਬਿਨਾਂ ਦਿੱਲੀ ਤੋਂ ਨਹੀਂ ਜਾਵਾਂਗੇ | ਅੰਦੋਲਨ ਤੇਜ਼ ਕਰਾਂਗੇ ਪਰ ਪੁਰਅਮਨ ਹੀ ਰਹਾਂਗੇ | ਤੁਸੀ ਸਰਕਾਰ ਹੋ, ਤੁਸੀ ਜੋ ਚਾਹੋ ਕਰ ਸਕਦੇ ਹੋ... |''
ਬਾਅਦ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਰਾਜੇਵਾਲ, ਪੰਜਾਬ ਦੇ ਬੀਜੇਪੀ ਲੀਡਰਾਂ ਉਤੇ ਵੀ ਵਰ੍ਹੇ ਅਤੇ ਸੁਖਬੀਰ ਬਾਦਲ ਬਾਰੇ ਇਥੋਂ ਤਕ ਵੀ ਕਹਿ ਗਏ ਕਿ ਉਸ ਦਾ ਦਿਮਾਗ਼ ਹਿਲ ਗਿਆ ਜੋ ਅਜਿਹੀਆਂ ਗੱਲਾਂ ਕਰਨ ਲੱਗ ਪਿਆ ਹੈ ਕਿ ਦਿੱਲੀ ਵਿਚ ਪੁਲਿਸ ਅਫ਼ਸਰ, ਕਿਸਾਨਾਂ ਨੂੰ ਸੋਧਾਂ ਮੰਨ ਲੈਣ ਲਈ ਪ੍ਰਭਾਵਤ ਕਰਦੇ ਹਨ | ਉਨ੍ਹਾਂ ਕਿਹਾ, ਸੁਖਬੀਰ ਅਪਣੀ ਗੱਲ ਕਰਦਾ ਹੈ ਜੋ ਪ੍ਰਭਾਵਤ ਹੋ ਸਕਦਾ ਹੈ ਪਰ ਉਹ ਦੱਸੇ ਕਿ ਕਿਹੜਾ ਕਿਸਾਨ ਆਗੂ, ਪੁਲਸੀਆਂ ਦਾ ਪ੍ਰਭਾਵ ਕਬੂਲ ਕਰਨ ਵਾਲਾ ਹੈ? ਕਿਸਾਨ ਆਗੂ ਨਹੀਂ ਕਿਸੇ ਤੋਂ ਪ੍ਰਭਾਵਤ ਹੁੰਦੇ, ਸੁਖਬੀਰ ਅਪਣਾ ਫ਼ਿਕਰ ਕਰੇ |
ਪੰਜਾਬ ਦੇ ਬੀਜੇਪੀ ਲੀਡਰਾਂ ਬਾਰੇ ਰਾਜੇਵਾਲ ਨੇ ਕਿਹਾ, ਇਹ ਸਾਡੇ ਉਤੇ ਪੁਲੀਟੀਕਲ ਪਾਰਟੀ ਬਣਾਉਣ ਤੇ ਚੋਣਾਂ ਲੜਨ ਦੇ ਦੋਸ਼ ਨਾ ਹੀ ਲਾਉਣ ਤਾਂ ਚੰਗਾ ਰਹੇਗਾ ਨਹੀਂ ਤਾਂ ਜੇ ਅਸੀ ਵੀ ਉਨ੍ਹਾਂ ਬਾਰੇ ਸੱਚ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਕੱਖ ਨਹੀਂ ਰਹਿਣਾ | ਲੋਕ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ | ਉਹ ਸੁਰਜੀਤ ਜਿਆਣੀ ਦੇ ਤਾਜ਼ਾ ਬਿਆਨ ਦੀ ਗੱਲ ਕਰ ਰਹੇ ਸਨ |