
ਕਾਰ ਵਲੋਂ ਮਾਰੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ
ਸ੍ਰੀ ਚਮਕੌਰ ਸਾਹਿਬ, 8 ਜਨਵਰੀ (ਤਰਸੇਮ ਸਿੰਘ ਸੰਧੂ): ਸ੍ਰੀ ਚਮਕੌਰ ਸਾਹਿਬ ਰੂਪਨਗਰ ਮਾਰਗ ’ਤੇ ਪੈਂਦੇ ਪਿੰਡ ਭੋਜੇਮਾਜਰਾ ਦੇ ਪੁਲ ਨੇੜੇ ਮਹਿਫ਼ਲੇ ਪੰਜਾਬ ਢਾਬੇ ਸਾਹਮਣੇ ਇਕ ਤੇਜ਼ ਰਫ਼ਤਾਰ ਕਾਰ ਵਲੋਂ ਇਕ ਵਿਅਕਤੀ ਨੂੰ ਮਾਰੀ ਟੱਕਰ ਨਾਲ ਉਕਤ ਵਿਅਕਤੀ ਦੀ ਚੰਡੀਗੜ੍ਹ ਹਸਪਤਾਲ ਵਿਚ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਦੋਸ਼ ਵਿਚ ਚਾਲਕ ’ਤੇ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੇ ਏ.ਐਸ.ਆਈ ਸੋਹਣ ਲਾਲ ਨੇ ਦਸਿਆ ਕਿ ਮ੍ਰਿਤਕ ਦੀ ਸ਼ਨਾਖ਼ਤ ਦੇਸ ਰਾਜ ਪੁੱਤਰ ਲੈਚੂ ਰਾਮ ਵਾਸੀ, ਪਿਓਦਲੀ ‘ਬਿਲਾਸਪੁਰ’ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜੋ ਅਪਣੇ ਭਾਣਜੇ ਸੁਨੀਲ ਕੁਮਾਰ ਨਾਲ ਢਾਬੇ ’ਚ ਰੋਟੀ ਖਾ ਕੇ ਸੜਕ ਕਿਨਾਰੇ ਅਪਣੀ ਕਾਰ ਵਿਚ ਜਾ ਰਿਹਾ ਸੀ, ਕਿ ਸ੍ਰੀ ਚਮਕੌਰ ਸਾਹਿਬ ਵਲੋਂ ਤੇਜ਼ ਰਫ਼ਤਾਰ ਆ ਰਹੀ ਸਲੈਰਿਓ ਕਾਰ ਨੇ ਦੇਸ਼ ਰਾਜ ਨੂੰ ਟੱਕਰ ਮਾਰੀ ਜਿਸ ਨਾਲ ਉਸ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਨਾਲ ਤੁਰਤ ਰੂਪਨਗਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਦੇ 32 ਸੈਕਟਰ ਦੇ ਜਨਰਲ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਭਾਣਜੇ ਸੁਨੀਲ ਕੁਮਾਰ ਦੇ ਬਿਆਨਾਂ ਤੇ ਸਲੈਰਿਓ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਕਾਰ ਚਾਲਕ ਦਾ ਨੰਬਰ ਟਰੇਸ ਹੋ ਚੁੱਕਾ ਹੈ। ਜੋ ਮੌਕੇ ਤੋਂ ਕਾਰ ਸਮੇਤ ਫ਼ਰਾਰ ਹੋ ਗਿਆ।