
ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਦੀ ਚੋਣ ਪ੍ਰਕਿਰਿਆ ਨੂੰ ਸੋਧਿਆ
ਤਨਖ਼ਾਹ, ਹੁਨਰ ਪੱਧਰ ਨੂੰ ਦਿਤੀ ਤਰਜੀਹ
ਵਾਸ਼ਿੰਗਟਨ, 8 ਜਨਵਰੀ : ਟਰੰਪ ਪ੍ਰਸ਼ਾਸਨ ਨੇ ਸ਼ੁਕਰਵਾਰ ਨੂੰ ਐਚ-1ਬੀ ਵੀਜ਼ਾ ਦੀ ਚੋਣ ਪ੍ਰਕਿਰਿਆ ਨੂੰ ਸੋਧਿਆ ਹੈ। ਹੁਣ ਇਸ ’ਚ ਮੌਜੂਦਾ ਲਾਟਰੀ ਪ੍ਰਕਿਰਿਆ ਦੀ ਥਾਂ ਤਨਖ਼ਾਹ ਅਤੇ ਹੁਨਰ ਨੂੰ ਤਰਜੀਹ ਦਿਤੀ ਹੈ। ਇਸ ਸਬੰਧ ’ਚ ਇਕ ਨੋਟੀਫ਼ਿਕੇਸ਼ਨ ਸੰਘੀ ਰਜਿਸਟਰ ’ਚ ਪ੍ਰਕਾਸ਼ਤ ਹੋਈ ਅਤੇ ਇਹ 60 ਦਿਨਾਂ ’ਚ ਲਾਗੂ ਹੋਵੇਗੀ।
ਐਚ-1ਬੀ ਗ਼ੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਮਾਹਰਾਂ ਵਾਲੇ ਅਹੁਦਿਆਂ ’ਤੇ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। ਇਸ ਵੀਜ਼ਾ ਰਾਹੀਂ ਅਮਰੀਕੀ ਟੈਕਨੋਲਾਜੀ ਕੰਪਨੀਆਂ ਹਜ਼ਾਰਾਂ ਦੀ ਗਿਣਤੀ ’ਚ ਭਾਰਤ ਅਤੇ ਚੀਨ ਦੇ ਪੇਸ਼ੇਵਰਾਂ ਦੀ ਨਿਯੁਕਤੀ ਕਰਦੀਆਂ ਹਨ। ਐਚ-1ਬੀ ਵੀਜ਼ਾ ਲਈ ਆਵੇਜਨ ਕਰਨ ਦਾ ਅਗਲਾ ਸੈਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਦੋ ਹਫ਼ਤੇ ਤੋਂ ਘੱਟ ਸਮਾਂ ਵਚਿਆ ਹੈ ਅਤੇ ਅਜਿਹੇ ’ਚ ਇਹ ਨੋਟੀਫ਼ਿਕਸ਼ਨ ਅਮਰੀਕਾ ’ਚ ਪ੍ਰਵਾਸ਼ੀਆਂ ਦੇ ਪ੍ਰਵੇਸ਼ ਨੂੰ ਰੋਕਣ ਦੀ ਤਾਜ਼ਾ ਕੋਸ਼ਿਸ਼ ਮੰਨੀ ਜਾ ਰਹੀ ਹੈ। ਹਾਲਾਂਕਿ, ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਸੋਧ ਭਾਰਤੀ ਕੰਪਨੀਆਂ ਨੂੰ ਕਿਵੇਂ ਪ੍ਰਭਾਵਤ ਕਰਗੇਾ, ਕਿਉਂਕਿ ਆਗਲੀ ਬਾਈਡਨ ਸਰਕਾਰ ਨੋਟੀਫ਼ਿਕੇਸ਼ਨ ਦੀ ਸਮੀਖਿਆ ਕਰ ਸਕਦੀ ਹੈ। ਹਾਲੇ ਤਕ ਨੋਟੀਫ਼ਿਕੇਸ਼ਨ ’ਤੇ ਕਿਸੇ ਵੀ ਕੰਪਨੀ ਜਾਂ ਕਾਰੋਬਾਰੀ ਸੰਗਠਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਟਰੰਪ ਦੀ ਵਿਦੇਸ਼ੀ ਨੀਤੀਆਂ ’ਚ ਪ੍ਰਵਾਸੀਆਂ ਦੇ ਪ੍ਰਵੇਸ਼ ਨੂੰ ਰੋਕਣ ’ਤੇ ਖ਼ਾਸਤੌਰ ’ਤੇ ਧਿਆਨ ਦਿਤਾ ਗਿਆ ਅਤੇ ਉਨ੍ਹਾਂ ਨੇ ਅਪਣੇ ਕਾਰਜਕਾਲ ਦੇ ਸ਼ੁਰੂ ’ਚ ਹੀ ਸੱਤ ਮੁਸਲਿਮ ਦੇਸ਼ਾਂ ’ਤੇ ਯਾਤਰਾ ਪਾਬੰਦੀਆਂ ਲਗਾ ਦਿਤੀਆਂ ਸਨ ਅਤੇ ਇਹ ਟਰੰਪ ਦੇ ਆਖ਼ਰੀ ਸਾਲ ਤਕ ਜਾਰੀ ਰਿਹਾ। ਪਿਛਲੇ ਹਫ਼ਤੇ ਟਰੰਪ ਨੇ ਐਚ 1ਬੀ ਵੀਜ਼ਾ ਅਤੇ ਹੋਰ ਵਰਕ ਵੀਜ਼ਾ ਦੇ ਨਾਲ ਹੀ ਗ੍ਰੀਨ ਕਾਰਡ ’ਤੇ ਰੋਕ ਨੂੰ 31 ਮਾਰਚ ਤਕ ਵਧਾ ਦਿਤਾ ਸੀ।
ਡੈਮੋਕਰੇਟਿਕ ਆਗੂ ਜੋ ਬਾਈਡਨ ਨੇ ਕਿਹਾ ਹੈ ਕਿ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਕਰੂਰ ਹਨ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਉਹ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਲੈਣ ਦੇ ਬਾਅਦ ਐਚ 1ਬੀ ਵੀਜ਼ਾ ’ਤੇ ਰੋਕ ਨੂੰ ਹਟਾ ਦੇਣਗੇ। (ਪੀਟੀਆਈ)