
ਝਾੜੂਆਂ ਤੇ ਵਾਇਪਰਾਂ ਦਾ ਟਰੱਕ ਲੈ ਕੇ ਦਿੱਲੀ ਪੁੱਜੇ ਨੌਜਵਾਨ
ਨਵੀਂ ਦਿੱਲੀ, 8 ਜਨਵਰੀ (ਅਰਪਨ ਕੌਰ) : ਕਿਸਾਨੀ ਮੋਰਚੇ ਨੂੰ 40 ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਤੇ ਇਹ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਬਾਰਡਰਾਂ ’ਤੇ ਵੱਖ-ਵੱਖ ਥਾਈਂ ਲੰਗਰ ਲਗਾਏ ਜਾ ਰਹੇ ਨੇ ਤੇ ਸਫ਼ਾਈ ਦਾ ਵੀ ਖਿਆਲ ਰਖਿਆ ਜਾ ਰਿਹਾ ਹੈ।
ਮੋਰਚੇ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸੰਸਥਾਵਾਂ ਦੇ ਵਲੰਟੀਅਰ ਹਰ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸਫ਼ਾਈ ਕਰਨ ਲਈ ਲੋੜੀਂਦੀਆਂ ਚੀਜ਼ਾਂ ਦੀ ਪੁਰਤੀ ਲਈ ਨੌਜਵਾਨਾਂ ਨੇ ਵਿਲੱਖਣ ਉਪਰਾਲਾ ਕੀਤਾ ਹੈ। ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਸਫ਼ਾਈ ਸਬੰਧੀ ਚੀਜ਼ਾਂ ਦਾ ਟਰੱਕ ਲੈ ਕੇ ਦਿੱਲੀ ਬਾਰਡਰ ’ਤੇ ਪਹੁੰਚੇ ਹਨ। ਗੁਰਜੰਟ ਸਿੰਘ ਨਾਂਅ ਦੇ ਵਲੰਟੀਅਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਐਮਐਸ ਗਿੱਲ ਉਨ੍ਹਾਂ ਨਾਲ ਜੁੜੇ ਹੋਏ ਹਨ। ਉਹ ਕੁਝ ਸਮੇਂ ਤੋਂ ਸਫ਼ਾਈ ਲਈ ਝਾੜੂ, ਕੂੜੇਦਾਨ ਵਾਲੇ ਲਿਫ਼ਾਫ਼ੇ, ਵਾਇਪਰ ਆਦਿ ਦੀ ਸੇਵਾ ਕਰਵਾ ਰਹੇ ਹਨ। ਇਸ ਟਰੱਕ ਵਿਚ ਕਰੀਬ 6000 ਝਾੜੂ, ਕੂੜੇਦਾਨ, ਕੂੜੇਦਾਨ ਵਾਲੇ ਸਟੈਂਡ, ਲਿਫ਼ਾਫ਼ੇ, ਸਪਰੇਅ ਪੰਪ ਆਦਿ ਹਨ।
ਗੁਰਜੰਟ ਸਿੰਘ ਨੇ ਦਸਿਆ ਕਿ ਉਹ 26 ਨਵੰਬਰ ਤੋਂ ਹੀ ਮੋਰਚੇ ਵਿਚ ਹਨ, ਜਿਥੇ ਕਿਤੇ ਵੀ ਲੋੜ ਹੁੰਦੀ ਹੈ, ਉਹ ਸੇਵਾ ਕਰਦੇ ਹਨ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਲੰਗਰ ਵਿਚ 10 ਤੋਂ 15 ਝਾੜੂ, ਕਰੀਬ 4 ਕੂੜੇਡਾਨ ਵਾਲੇ ਸਟੈਂਡ ਆਦਿ ਦਿਤੇ ਜਾਣ, ਤਾਂ ਜੋ ਸਫ਼ਾਈ ਦਾ ਚੰਗੀ ਤਰ੍ਹਾਂ ਖਿਆਲ ਰਖਿਆ ਜਾਵੇ ਤੇ ਲੋਕ ਬੀਮਾਰ ਨਾ ਹੋਣ। ਇਸ ਤੋਂ ਇਲਾਵਾ ਹੋਰ ਬਾਰਡਰਾਂ ’ਤੇ ਵੀ ਟਰੱਕ ਭੇਜੇ ਜਾ ਰਹੇ ਹਨ।
ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਵਲੋਂ ਲਗਾਏ ਗਏ ਲੰਗਰ ਦੌਰਾਨ ਸੇਵਾ ਕਰ ਰਹੇ ਇਕ ਸਿੱਖ ਨੇ ਸਫ਼ਾਈ ਸਬੰਧੀ ਚੀਜ਼ਾਂ ਮੁਹਈਆ ਕਰਵਾਉਣ ਲਈ ਨੌਜਵਾਨ ਵਲੰਟੀਅਰਾਂ ਦਾ ਧਨਵਾਦ ਕੀਤਾ।