
ਪੰਜਾਬ ਸਰਕਾਰ ਵਲੋਂ ਕੋਚ ਦੀ ਨੌਕਰੀ ਤੇ ਆਰਥਿਕ ਮਦਦ ਦਾ ਮਿਲਿਆ ਭਰੋਸਾ
2010 'ਚ ਖੇਡ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪੰਜਾਬ ਦੀ ਧੀ ਰਾਸ਼ਟਰਪਤੀ ਐਵਾਰਡ ਨਾਲ ਹੋ ਚੁੱਕੀ ਹੈ ਸਨਮਾਨਿਤ
ਚੰਡੀਗੜ੍ਹ : ਲੰਬੇ ਸੰਘਰਸ਼ ਤੋਂ ਬਾਅਦ ਆਖ਼ਿਰਕਾਰ ਨੈਸ਼ਨਲ ਸ਼ਤਰੰਜ ਵਿਸ਼ੇਸ਼ ਖਿਡਾਰਨ ਮਲਿਕਾ ਹਾਂਡਾ ਦੀਆਂ ਆਸਾਂ ਨੂੰ ਬੂਰ ਪਿਆ ਹੈ। ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮਲਿਕਾ ਨੂੰ ਜਲਦ ਹੀ ਕੋਚ ਦੀ ਨੌਕਰੀ ਤੇ ਆਰਥਿਕ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸ਼ਤਰੰਜ ਦੇ ਨੈਸ਼ਨਲ-ਇੰਟਰਨੈਸ਼ਨਲ ਖ਼ਿਤਾਬ ਜਿੱਤਣ ਵਾਲੀ ਮਲਿਕਾ ਪੰਜਾਬ ਦੀ ਇਕਲੌਤੀ ਖਿਡਾਰਨ ਹੈ।
Malika Handa with CM and Sports Minister
ਹਾਲਾਂਕਿ ਪੰਜਾਬ ਦੇ ਸਾਬਕਾ ਮੰਤਰੀ ਨੇ ਉਸ ਨੂੰ ਪਹਿਲਾਂ ਨੌਕਰੀ ਦਾ ਭਰੋਸਾ ਦਿਤਾ ਸੀ ਪਰ ਮੰਤਰੀ ਮੰਡਲ ਵਿਚ ਫੇਰਬਦਲ ਤੋਂ ਬਾਅਦ ਮੌਜੂਦਾ ਖੇਡ ਮੰਤਰੀ ਪਰਗਟ ਸਿੰਘ ਨੇ ਉਸ ਨੂੰ ਡੈੱਫ ਸ਼ਤਰੰਜ ਵਿਚ ਨੌਕਰੀ ਦੇਣ ਲਈ ਪੰਜਾਬ ਸਰਕਾਰ ਦੀ ਨੀਤੀ ਨਾ ਹੋਣ ਦੀ ਗੱਲ ਕਹੀ ਸੀ ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਕਰੀ ਦਾ ਭਰੋਸਾ ਦਿਤਾ ਹੈ ਜਿਸ ਨਾਲ ਮਲਿਕਾ ਹਾਂਡਾ ਲੰਬੇ ਸੰਘਰਸ਼ ਨੂੰ ਸਫ਼ਲਤਾ ਮਿਲੀ ਹੈ।
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੇ ਮਾਲਿਕ ਹਾਂਡਾ ਦੇ ਚਿਹਰੇ 'ਤੇ ਖੁਸ਼ੀ ਲਿਆਂਦੀ ਹੈ। ਮਲਿਕਾ ਨੇ ਇਸ ਲਈ ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਵੀ ਕੀਤਾ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਤਾਕਤ ਦੇ ਕਾਰਨ ਪ੍ਰਿਯੰਕਾ ਗਾਂਧੀ ਨੇ ਉਸ ਦੀ ਸਾਰ ਲਈ। ਜਿਨ੍ਹਾਂ ਨੇ ਕਾਂਗਰਸ ਨੇਤਾ ਅਲਕਾ ਲਾਂਬਾ ਦੀ ਡਿਊਟੀ ਲਗਾਈ ਅਤੇ ਜਿਨ੍ਹਾਂ ਨੇ ਫਿਰ ਡਾਇਰੈਕਟਰ ਖੇਡ ਵਿਭਾਗ ਪੰਜਾਬ ਨਾਲ ਮੁਲਾਕਾਤ ਕਰਨ ਨੂੰ ਕਿਹਾ। ਇਸ ਤੋਂ ਬਾਅਦ ਅਸੀਂ ਚੰਡੀਗੜ੍ਹ ਗਏ, ਜਿੱਥੇ ਮੁੱਖ ਮੰਤਰੀ ਚੰਨੀ ਦੀ ਹਾਜ਼ਰੀ ਵਿਚ ਨੌਕਰੀ ਦੇਣ ਦਾ ਭਰੋਸਾ ਮਿਲਿਆ।
Malika Handa
ਪੰਜਾਬ ਸਰਕਾਰ ਵਲੋਂ ਲਏ ਇਸ ਫ਼ੈਸਲੇ ਬਾਰੇ ਪੰਜਾਬ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਮਲਿਕਾ ਦੀਆਂ ਉਪਲੱਬਧੀਆਂ ਕਿਸੇ ਵੀ ਵੱਡੇ ਖਿਡਾਰੀ ਤੋਂ ਘੱਟ ਨਹੀਂ ਹਨ। ਆਈ. ਸੀ. ਸੀ. ਡੀ. ਵਰਲਡ ਡੈੱਫ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਤਮਗ਼ਾ ਜਿੱਤਣਾ ਸੌਖਾ ਨਹੀਂ ਹੁੰਦਾ ਕਿਉਂਕਿ ਇਸ ਵਿਚ ਦੁਨੀਆ ਭਰ ਦੇ ਬਿਹਤਰੀਨ ਖਿਡਾਰੀ ਹਿੱਸਾ ਲੈਂਦੇ ਹਨ।
ਮਲਿਕਾ ਨੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ 6 ਤਮਗ਼ੇ ਜਿੱਤੇ ਹਨ। ਅਜਿਹੇ ਵਿਚ ਪੰਜਾਬ ਸਰਕਾਰ ਦੇ ਉਸ ਨੂੰ ਨੌਕਰੀ ਦੇਣ ਦੇ ਫ਼ੈਸਲੇ ਦਾ ਐਸੋਸੀਏਸ਼ਨ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ਭਰ ਦੇ ਡੈੱਫ ਖਿਡਾਰੀਆਂ ’ਚ ਉਤਸ਼ਾਹ ਵਧੇਗਾ। ਹਾਲਾਂਕਿ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਵਿਦਿਆਂਗ ਖਿਡਾਰੀਆਂ ਨੂੰ ਨੌਕਰੀ ਦਿੰਦੀ ਆਈ ਹੈ ਪਰ ਮਲਿਕਾ ਦੇ ਮਾਮਲੇ ਵਿਚ ਸਰਕਾਰ ਨਵੀਂ ਖੇਡ ਨੀਤੀ ਲਿਆਉਣ ’ਤੇ ਰਾਜ਼ੀ ਹੋ ਗਈ ਹੈ। ਅਜਿਹਾ ਹੋਣ ’ਤੇ ਮਲਿਕਾ ਅਜਿਹੀ ਪਹਿਲੀ ਖਿਡਾਰੀ ਬਣ ਜਾਵੇਗੀ, ਜਿਸ ਨੂੰ ਪੰਜਾਬ ਵਿਚ ਵਿਸ਼ੇਸ਼ (ਡੈੱਫ) ਸ਼ਤਰੰਜ ਖਿਡਾਰੀ ਵਜੋਂ ਸਰਕਾਰੀ ਨੌਕਰੀ ਮਿਲੀ ਹੋਵੇ।
Malika Handa
ਦੱਸ ਦੇਈਏ ਕਿ ਸਾਲ 2010 ਵਿਚ ਆਪਣੇ ਖੇਡ ਸਫ਼ਰ (ਸ਼ਤਰੰਜ) ਦੀ ਸ਼ੁਰੂਆਤ ਕਰਨ ਵਾਲੀ ਮਲਿਕਾ ਇਕ ਸਾਲ ਦੀ ਸੀ ਜਦੋਂ ਦਵਾਈ ਦੇ ਉਲਟ ਅਸਰ ਕਾਰਨ ਉਸ ਨੇ ਸੁਣਨ ਤੇ ਬੋਲਣ ਦੀ ਸ਼ਕਤੀ ਗੁਆ ਦਿਤੀ। ਹੁਣ ਉਹ 90 ਫ਼ੀ ਸਦੀ ਸੁਣਨ ਵਿਚ ਅਸਮਰਥ ਹੈ। ਉਹ 15 ਸਾਲ ਦੀ ਸੀ ਜਦੋਂ ਸਕੂਲ ਵਿਚ ਪਹਿਲੀ ਵਾਰ ਉਸ ਨੇ ਸ਼ਤਰੰਜ ਖੇਡੀ।
ਕੁਝ ਦਿਨਾਂ ਬਾਅਦ ਪਿਤਾ ਸ਼ਤਰੰਜ ਬੋਰਡ ਲੈ ਆਏ ਅਤੇ ਇਥੋਂ ਹੀ ਉਸ ਦਾ ਖੇਡ ਸਫ਼ਰ ਸ਼ੁਰੂ ਹੋਇਆ ਸੀ। ਮਾਲਿਕ ਦੇ ਪਿਤਾ ਸੰਤੋਸ਼ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਦੇਸ਼ ਵਿਚ ਵਿਸ਼ੇਸ਼ ਸ਼੍ਰੇਣੀ ਵਿਚ ਸਭ ਤੋਂ ਵਧੀਆ ਖਿਡਾਰੀ ਚੁਣਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲਿਕ ਨੂੰ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕਾ ਹੈ।