
3 ਲੱਖ ਰੁਪਏ ਡਰੱਗ ਮਨੀ ਅਤੇ ਡੇਢ ਕਿਲੋ ਹੈਰੋਇਨ ਵੀ ਬਰਾਮਦ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਭੁੱਲਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਹਨਾਂ ਨੇ ਯੂਐਸ ਅਧਾਰਿਤ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕੀਤਾ, ਇਸ ਵਿਚ ਜਾਣਕਾਰੀ ਦਿੰਦੇ ਹੋਏ ਸੀਪੀ ਨੇ ਦੱਸਿਆ ਕਿ ਪਿੰਡ ਰਾਮਾ ਬਧਨੀਕਲਾ ਜ਼ਿਲ੍ਹਾ ਮੋਗਾ ਦਾ 36 ਸਾਲ ਦਾ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ ਨੂੰ ਕਿ ਥਾਣਾ ਈ ਡਿਵੀਜ਼ਨ ਦੀ ਪੁਲਿਸ ਵੱਲੋਂ ਹਰਿਮੰਦਰ ਸਾਹਿਬ ਦੇ ਨਜ਼ਦੀਕ ਮੋਚੀ ਬਾਜ਼ਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ 3 ਲੱਖ ਰੁਪਏ ਡਰੱਗ ਮਨੀ ਅਤੇ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਇੱਕ ਨਵਾਂ ਨੈਟਵਰਕ ਹੈ ਜਿਸ ਵਿਚ ਮਨਦੀਪ ਸਿੰਘ ਨਾਮਕ ਸਮੱਗਲਰ ਜੋ ਕਿ ਪਿੰਡ ਰਾਮਾ ਥਾਣਾ ਬੱਧਨੀ ਕਲਾਂ ਦਾ ਹੀ ਰਹਿਣ ਵਾਲਾ ਹੈ, ਵੱਲੋਂ ਆਪਣੇ ਹੀ ਪਿੰਡ ਦੇ ਨੌਜਵਾਨ ਨੂੰ ਜੋ ਕਿ ਕੰਬਾਈਨ ਡਰਾਈਵਰ ਦਾ ਕੰਮ ਕਰਦਾ ਹੈ ਆਪਣੇ ਜਾਲ ਵਿੱਚ ਫਸਾ ਕੇ ਉਸ ਨੂੰ ਹੈਰੋਇਨ ਦੇ ਕੰਮ ਵਿਚ ਲਾਇਆ ਗਿਆ ਹੈ।
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੂਐਸ ਅਧਾਰਤ ਮਨੂ ਮਹਾਵਾ ਦੇ ਮੈਂਬਰ ਫੜੇ ਗਏ ਸਨ ਜਿਨਾਂ ਕੋਲੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਹੁਣ ਇੱਕ ਹੋਰ ਨਵਾਂ ਯੂਐਸ ਅਧਾਰਿਤ ਸਮਗਲਰ ਦਾ ਨੈਟਵਰਕ ਸਾਹਮਣੇ ਆਇਆ ਹੈ, ਜਿਸ ਦੀ ਤਫਤੀਸ਼ ਚੱਲ ਰਹੀ ਹੈ। ਉਹਨਾਂ ਕਿਹਾ ਕਿ ਹੈਰੋਇਨ ਕਿੱਥੇ ਵੇਚਣ ਜਾ ਰਿਹਾ ਸੀ ਜਾਂ ਫਿਰ ਹੈਰੋਇਨ ਕਿਸ ਕੋਲੋਂ ਖਰੀਦੀ ਸੀ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ
ਅਤੇ ਇਹ ਪੈਸੇ ਕਿਸ ਨੇ ਹੈਰੋਇਨ ਵੇਚਣ ਲਈ ਲਏ ਸਨ ਜਾਂ ਫਿਰ ਇਹ ਹੈਰੋਇਨ ਖਰੀਦਣ ਲਈ ਇਸ ਪੈਸੇ ਦਾ ਇਸਤੇਮਾਲ ਕਰਨ ਵਾਲਾ ਸੀ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਇਸ ਨੂੰ ਇੱਕ ਵੱਡੀ ਕਾਮਯਾਬੀ ਮੰਨ ਰਹੀ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਏਡੀਸੀਪੀ ਵਨ ਡਾਕਟਰ ਮਹਿਤਾਬ ਐਸਐਚ ਓ ਈ ਡਿਵੀਜ਼ਨ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਅਤੇ ਚੌਂਕੀ ਇੰਚਾਰਜ ਗਲਿਆਰਾ ਸਬ ਇੰਸਪੈਕਟਰ ਪਰਮਜੀਤ ਸਿੰਘ ਅਤੇ ਹੋਰ ਅਮਲੇ ਵੱਲੋਂ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।