
ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਨਾਲ ਕੋਈ ਸਿਆਸੀ ਗਠਜੋੜ ਕਰਨ ਤੋਂ ਸਪੱਸ਼ਟ ਇੰਨਕਾਰ ਕਰਦਿਆਂ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਐਲਾਨ.....
ਬਠਿੰਡਾ : ਬਰਗਾੜੀ ਮੋਰਚੇ ਨਾਲ ਸਬੰਧਤ ਧਿਰਾਂ ਨਾਲ ਕੋਈ ਸਿਆਸੀ ਗਠਜੋੜ ਕਰਨ ਤੋਂ ਸਪੱਸ਼ਟ ਇੰਨਕਾਰ ਕਰਦਿਆਂ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਕਿ ਉਹ ਇਸ ਦੀ ਬਜਾਏ ਕਾਮਰੇਡਾਂ ਅਤੇ ਕਿਸਾਨਾਂ ਨੂੰ ਪੰਜਾਬ ਡੈਮੋਕਰੇਟਿਕ ਅਲਾਂਇੰਸ ਦੇ ਨਾਲ ਜੋੜਣ ਦੀ ਕੋਸ਼ਿਸ਼ ਕਰਨਗੇ। ਅੱਜ ਸਥਾਨਕ ਟੀਚਰਜ ਹੋਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਪੀ.ਡੀ.ਏ ਦਾ ਕਦੇ ਵੀ ਬਰਗਾੜੀ ਮੋਰਚਾ ਹਿੱਸਾ ਨਹੀਂ ਰਿਹਾ, ਬਲਕਿ ਉਹ ਇਸ ਮੋਰਚੇ ਨੂੰ ਸਿਰਫ਼ ਧਾਰਮਕ ਖੇਤਰ ਤਕ ਹੀ ਮਾਨਤਾ ਦਿੰਦੇ ਹਨ।
Bargari leaders
ਉਨ੍ਹਾਂ ਬਰਗਾੜੀ ਮੋਰਚੇ 'ਤੇ ਚੋਣਾਂ ਦੇ ਮੈਦਾਨ ਵਿਚ ਉਤਰਨ ਵਾਲੀਆਂ ਧਿਰਾਂ ਨੂੰ ਵੀ ਸਲਾਹ ਦਿੰਦਿਆਂ ਕਿਹਾ ਕਿ ਬਰਗਾੜੀ ਮੋਰਚੇ ਨਾਲ ਉਹ ਅਤੇ ਪੰਜਾਬ ਦੇ ਹੋਰ ਲੋਕ ਧਾਰਮਕ ਮੁੱਦੇ ਨਾਲ ਜੁੜੇ ਸਨ ਪ੍ਰੰਤੂ ਹੁਣ ਇਸ ਮੋਰਚੇ ਦੇ ਨਾਂ ਹੇਠ ਸਿਆਸੀ ਮੈਦਾਨ ਵਿਚ ਉਤਰਨਾ ਸਹੀ ਨਹੀਂ ਲੱਗਦਾ ਹੈ। ਖਹਿਰਾ ਨੇ ਕਿਹਾ ਕਿ ਉਹ ਮੋਰਚੇ ਦੀ ਬਜਾਏ ਖੱਬੀਆਂ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਪੀ.ਡੀ.ਏ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਕਿਸ ਨੂੰ ਪ੍ਰੋਜੈਕਟ ਕਰਨਗੇ, ਜਵਾਬ ਵਿਚ ਖਹਿਰਾ ਨੇ ਦਾਅਵਾ ਕੀਤਾ ਕਿ ਉਹ ਕੇਂਦਰ ਵਿਚ ਬਸਪਾ ਨੂੰ ਵੱਡੀ ਪਾਰਟੀ ਮੰਨ ਕੇ ਚੱਲ ਰਹੇ ਹਨ
ਤੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਤੋਂ ਬਰਾਬਰ ਦੀ ਦੂਰੀ ਬਣਾ ਕੇ ਚਲਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੀ.ਡੀ.ਏ 'ਚ ਸ਼ਾਮਲ ਪੰਜ ਸਿਆਸੀ ਧਿਰਾਂ ਪੀ.ਈ.ਪੀ, ਲੋਕ ਇਨਸਾਫ਼ ਪਾਰਟੀ, ਡਾ ਗਾਂਧੀ ਦਾ ਮੰਚ, ਟਕਸਾਲੀ ਅਕਾਲੀ ਤੇ ਬਸਪਾ ਵਲੋਂ ਲਗਭਗ 50 ਫ਼ੀ ਸਦੀ ਸੀਟਾਂ ਉਪਰ ਸਹਿਮਤੀ ਬਣ ਚੁਕੀ ਹੈ ਬਾਕੀ ਉਪਰ ਸਹਿਮਤੀ ਬਣਨ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ। ਖ਼ੁਦ ਦੇ ਬਠਿੰਡਾ ਸੀਟ ਤੋਂ ਚੋਣ ਲੜਨ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹੁਣ ਤਕ ਪੀ.ਈ.ਪੀ ਦੇ ਹਿੱਸੇ 'ਚ ਬਠਿੰਡਾ ਤੇ ਫ਼ਰੀਦਕੋਟ ਸੀਟ ਆਈ ਹੈ।