
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਮਾਮਲੇ ਨੂੰ ਲੈ ਕੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਵਾਰੀ ਫਿਰ ਤਿੱਖਾ ਹਮਲਾ ਬੋਲਿਆ ਹੈ ਅਤੇ.....
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਮਾਮਲੇ ਨੂੰ ਲੈ ਕੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਕ ਵਾਰੀ ਫਿਰ ਤਿੱਖਾ ਹਮਲਾ ਬੋਲਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਮੋਦੀ ਨੇ ਸੁਪਰੀਮ ਕੋਰਟ ਤੋਂ ਸਬੁਤ ਲੁਕਾਏ ਹਨ ਅਤੇ ਹੁਣ ਉਹ ਜਨਤਾ ਦੀ ਅਦਾਲਤ ਤੋਂ ਨਹੀਂ ਬਚ ਸਕਣਗੇ।
ਉਨ੍ਹਾਂ ਅੰਗਰੇਜ਼ੀ ਅਖ਼ਬਾਰ 'ਦ ਹਿੰਦੂ' ਦੀ ਇਕ ਖ਼ਬਰ ਦੀ ਪਿੱਠਭੂਮੀ 'ਚ ਇਹ ਵੀ ਦੋਸ਼ ਲਾਇਆ ਕਿ ਇਸ ਜਹਾਜ਼ ਸੌਦੇ ਨੂੰ ਲੈ ਕ ਮੋਦੀ ਨੇ ਫ਼ਰਾਂਸ ਨਾਲ ਸਮਾਂਨਾਂਤਰ ਗੱਲਬਾਤ ਕਰ ਕੇ ਰਖਿਆ ਮੰਤਰਾਲੇ ਦੇ ਪੱਖ ਨੂੰ ਕਮਜ਼ੋਰ ਕੀਤਾ ਅਤੇ ਪੂਰੀ ਪ੍ਰਕਿਰਿਆ ਨੂੰ ਦਰਕਿਨਾਰ ਕਰ ਕੇ
ਅਪਣੇ 'ਮਿੱਤਰ' ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਠੇਕਾ ਦਿਵਾਇਆ। ਦੂਜੇ ਪਾਸੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁਕਰਵਾਰ ਨੂੰ ਲੋਕ ਸਭਾ 'ਚ ਕਾਂਗਰਸ ਅਤੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਬਹੁਕੌਮੀ ਕੰਪਨੀਆਂ ਅਤੇ ਅਪਣੇ ਸਵਾਰਥ ਨਾਲ ਜੁੜੇ ਤੱਤਾਂ ਦੇ ਹੱਥਾਂ 'ਚ ਖੇਡ ਰਿਹਾ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ, ''ਚੌਕੀਦਾਰ ਨੇ ਰਾਫ਼ੇਲ ਮਾਮਲੇ 'ਚ ਸੁਪਰੀਮ ਕੋਰਟ ਤੋਂ ਸਬੂਤ ਲੁਕਾਏ। ਉਸ ਦੇ ਕਾਂਡ ਦਾ ਕੱਚਾ ਚਿੱਠਾ ਹੁਣ ਦੇਸ਼ ਵੇਖ ਚੁਕਿਆ ਹੈ। ਜਨਤਾ ਦੀ ਅਦਾਲਤ 'ਚ ਉਹ ਬਚ ਨਹੀਂ ਸਕਦਾ।''
ਇਸ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਹੈੱਡਕੁਆਰਟਰ 'ਚ ਪੱਤਰਕਾਰਾਂ ਨੂੰ ਕਿਹਾ, ''ਅਸੀਂ ਇਕ ਸਾਲ ਤੋਂ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਰਾਫ਼ੇਲ ਘਪਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹਨ। ਅਖ਼ਬਾਰ ਦੀ ਰੀਪੋਰਟ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਫ਼ਰਾਂਸ ਨਾਲ ਸਮਾਂਨਾਂਤਰ ਗੱਲਬਾਤ ਕਰ ਰਹੇ ਸਨ। ਮੈਂ ਦੇਸ਼ ਦੇ ਨੌਜੁਆਲਾਂ ਅਤੇ ਰਖਿਆ ਬਲਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਸਪੱਸ਼ਟ ਹੋ ਚੁਕਿਆ ਹੈ ਕਿ ਪ੍ਰਧਾਨ ਮੰਤਰੀ ਨੇ ਪ੍ਰਕਿਰਿਆ ਨੂੰ ਦਰਕਿਨਾਰ ਕਰਦਿਆਂ ਤੁਹਾਡੇ 30 ਹਜ਼ਾਰ ਕਰੋੜ ਚੋਰੀ ਕੀਤੇ ਅਤੇ ਅਪਣੇ ਮਿੱਤਰ ਅਨਿਲ ਅੰਬਾਨੀ ਨੂੰ ਦੇ ਦਿਤੇ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।''
ਗਾਂਧੀ ਨੇ ਕਿਹਾ, ''ਪਹਿਲਾਂ ਫ਼ਰਾਂਸਵਾ ਓਲਾਂਦ (ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ) ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਬੋਲਿਆ ਸੀ ਕਿ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਠੇਕਾ ਦਿਤਾ ਜਾਵੇ। ਹੁਣ ਰਖਿਆ ਮੰਤਰਾਲਾ ਕਹਿ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਚੋਰੀ ਕੀਤੀ ਹੈ। ਪੂਰਾ ਮਾਮਲਾ ਇਕਦਮ ਸਪੱਸ਼ਟ ਹੈ।'' ਉਨ੍ਹਾਂ ਕਿਹਾ, ''ਹਵਾਈ ਫ਼ੌਜ 'ਚ ਮੇਰੇ ਮਿੱਤਰੋ, ਤੁਸੀਂ ਸਮਝ ਲਵੋ ਕਿ ਇਹ 30 ਹਜ਼ਾਰ ਕਰੋੜ ਰੁਪਏ ਤੁਹਾਡੇ ਲਈ ਇਸਤੇਮਾਲ ਹੋ ਸਕਦੇ ਹਨ। ਉਨ੍ਹਾਂ ਇਹ ਪੈਸਾ ਅੰਬਾਨੀ ਨੂੰ ਦੇ ਦਿਤਾ। ਹੁਣ ਇਹ ਸਾਫ਼ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਦੇਸ਼ ਨਾਲ ਚੋਰੀ ਕੀਤੀ ਹੈ। ਮੈਂ ਸਖ਼ਤ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਦਾ, ਪਰ ਕਰਨ ਲਈ ਮਜਬੂਰ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰ ਚੋਰ ਹਨ।'' (ਪੀ.ਟੀ.ਆਈ.)