
ਭਾਜਪਾ ਬੁਲਾਰਾ ਅਤਿਵਾਦੀ ਕਹਿ ਰਿਹੈ ਤੇ ਮੋਦੀ ਦੀ ਸਿੱਖਾਂ ਪ੍ਰਤੀ ਹਮਦਰਦੀ ਕਿਵੇਂ ਮੰਨਣਯੋਗ : ਜਰਨੈਲ ਸਿੰਘ
ਚੰਡੀਗੜ੍ਹ, 8 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਮੀਡੀਆ ਦੇ ਰੂ-ਬ-ਰੂ ਹੁੰਦੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸੋਮਵਾਰ ਨੂੰ ਸਿੱਖਾਂ ਪ੍ਰਤੀ ਜਿਤਾਈ ਗਈ ਹਮਦਰਦੀ ਢੋਂਗ ਤੋਂ ਇਲਾਵਾ ਕੁੱਝ ਨਹੀਂ ਹੈ | ਜਰਨੈਲ ਸਿੰਘ ਨੇ ਕਿਹਾ ਕਿ ਇਕ ਪਾਸੇ ਭਾਜਪਾ ਦੇ ਕੌਮੀ ਬੁਲਾਰੇ ਸਿੱਖਾਂ ਤੇ ਅੰਦੋਰਨਕਾਰੀ ਕਿਸਾਨਾਂ ਨੂੰ ਅਤਿਵਾਦੀ ਕਹਿ ਰਹੇ ਹਨ ਜਿਸ ਨਾਲ ਭਾਜਪਾ ਦਾ ਸਿੱਖਾਂ ਪ੍ਰਤੀ ਅਸਲ ਚਿਹਰਾ ਨੰਗਾ ਹੋਇਆ ਹੈ ਤੇ ਅਜਿਹੀ ਸਥਿਤੀ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਸਿੱਖਾਂ ਪ੍ਰਤੀ ਹਮਦਰਦੀ ਨੂੰ ਕਿਵੇਂ ਮਾਨਤਾ ਮਿਲ ਸਕਦੀ ਹੈ |
ਉਨ੍ਹਾਂ ਨੇ ਕਿਹਾ ਕਿ ਸਿੱਖਾਂ, ਪੰਜਾਬੀਆਂ ਤੇ ਕਿਸਾਨਾਂ ਪ੍ਰਤੀ ਭਾਜਪਾ ਦਾ ਰਵੱਈਆ ਤਾਂ ਉਥੋਂ ਹੀ ਸਪੱਸ਼ਟ ਹੋ ਜਾਂਦਾ ਹੈ, ਜਦੋਂ ਸਿੰਘੂ ਬਾਰਡਰ 'ਤੇ ਬੈਠੇ ਧਰਨਾਕਾਰੀਆਂ 'ਤੇ ਭਾਜਪਾ ਵਲੋਂ ਅਪਣੇ ਵਰਕਰਾਂ ਰਾਹੀਂ ਹਮਲਾ ਕਰਵਾਇਆ ਗਿਆ ਤੇ ਪੱਥਰ ਮਰਵਾਏ ਗਏ | ਉਨ੍ਹਾਂ ਕਿਹਾ ਕਿ ਉਸ ਮੌਕੇ ਕੇਂਦਰ ਸਰਕਾਰ ਦੀ ਪੁਲਿਸ ਵੀ ਕੁੱਝ ਸਮਾਂ ਲਈ ਤਮਾਸ਼ਬੀਨ ਬਣੀ ਰਹੀ | ਜਰਨੈਲ ਸਿੰਘ ਨੇ ਕਿਹਾ ਕਿ ਜੇਕਰ ਸਿੱਖਾਂ, ਪੰਜਾਬੀਆਂ ਤੇ ਕਿਸਾਨਾਂ ਪ੍ਰਤੀ ਭਾਜਪਾ ਤੇ ਪ੍ਰਧਾਨ ਮੰਤਰੀ ਦੀ ਸੱਚੀ ਹਮਦਰਦੀ ਹੈ ਤਾਂ ਤਿੰਨੇ ਖੇਤੀ ਕਾਲੇ ਕਾਨੂੰਨ ਤੁਰਤ ਵਾਪਸ ਲਏ ਜਾਣੇ ਚਾਹੀਦੇ ਹਨ |
ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਭਾਜਪਾ ਦੀ ਪ੍ਰਵਿਰਤੀ ਕਿੰਨੀ ਕੁ ਸਹੀ ਹੈ, ਇਸ ਦਾ ਸਬੂਤ ਉਥੋਂ ਹੀ ਮਿਲਦਾ ਹੈ ਕਿ ਧਰਨੇ ਦੌਰਾਨ ਕਿੰਨੇ ਕਿਸਾਨ ਸ਼ਹੀਦ ਹੋ ਗਏ ਤੇ ਕਿਸਾਨ ਖ਼ੁਦਕੁਸ਼ੀ ਨੋਟ ਲਿਖ ਕੇ ਆਤਮ ਹਤਿਆ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਸੰਵੇਦਨਾ ਪ੍ਰਗਟ ਨਹੀਂ ਕੀਤੀ ਤੇ ਇਕ ਲਫ਼ਜ਼ ਵੀ ਜੁਬਾਨ ਤੋਂ ਨਹੀਂ ਕਢਿਆ | ਉਨ੍ਹਾਂ ਕਿਹਾ ਕਿ ਸੰਵੇਦਨਾ ਜਿਤਾਉਣੀ ਇਕ ਪਾਸੇ, ਅੱਜ ਪ੍ਰਧਾਨ ਮੰਤਰੀ ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨਜੀਵੀ ਦੀ ਸੰਗਿਆ ਦੇ ਰਹੇ ਹਨ, ਇਹ ਇਕ ਸ਼ਰਮਨਾਕ ਗੱਲ ਹੈ | ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਤੁਰਤ ਰਦ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕਿਸਾਨ ਅਪਣਾ ਧਰਨਾ ਖ਼ਤਮ ਕਰਨ |image