
ਕੈਨੇਡਾ ਦੀ ਧਰਤੀ ’ਤੇ ਵਸਦੈ ਇਕ ਮੇਰਠ ਸ਼ਹਿਰ
ਵੈਨਕੂਵਰ, 8 ਫ਼ਰਵਰੀ (ਮਲਕੀਤ ਸਿੰਘ) : ਇਕ ਮੇਰਠ ਸ਼ਹਿਰ ਤਾਂ ਭਾਰਤ ਦੇ ਉੱਤਰ ਪ੍ਰਦੇਸ਼ ਦੇ ਮਹਾਂਨਗਰ ਵਜੋਂ ਪ੍ਰਸਿੱਧ ਹੈ, ਪਰ ਦਿਲਚਸਪ ਪਹਿਲੂ ਇਹ ਹੈ ਕਿ ਕੈਨੇਡਾ ਦੀ ਧਰਤੀ ’ਤੇ ਮੇਰਠ ਨਾਮ ਦਾ ਇਕ ਸ਼ਹਿਰ ਮੌਜੂਦ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰਮੁੱਖ ਸ਼ਹਿਰ ਵੈਨਕੂਵਰ ਤੋਂ 270 ਕਿਲੋਮੀਟਰ ਦੂਰ ਨਿਕੋਲਾ ਘਾਟੀ ਦੇ ਖ਼ੂਬਸੂਰਤ ਪਹਾੜਾਂ ਦੀ ਗੋਦ ’ਚ ਸਥਿਤ ਇਸ ਮੇਰਠ ਸ਼ਹਿਰ ਦੀ ਆਬਾਦੀ ਸਾਢੇ 7 ਹਜ਼ਾਰ ਦੇ ਕਰੀਬ ਹੈ। 1893 ਵਿਚ ਵਿਕਸਤ ਹੋਇਆ ਇਹ ਸ਼ਹਿਰ ਕੈਨੇਡਾ ਦੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੋਣ ਕਾਰਨ ਇਕ ਸੈਲਾਨੀ ਕੇਂਦਰ ਵਜੋਂ ਵੀ ਚਰਚਿਤ ਹੈ। ਸੈਲਾਨੀਆਂ ਦੀ ਆਵਾਜਾਈ ਕਾਰਨ ਇਥੇ ਹੋਟਲਾਂ ਦੀ ਵੀ ਬਹੁਤਾਤ ਹੈ। ਕੈਨੇਡਾ ਦੇ ਇਸ ਮੇਰਠ ਸ਼ਹਿਰ ਦੇ ਆਸ-ਪਾਸ ਮੌਜੂਦ ਕਈ ਝੀਲਾਂ ਇਸ ਦੀ ਖ਼ੂਬਸੂਰਤੀ ’ਚ ਵਾਧਾ ਕਰਦੀਆਂ ਹਨ। ਇਸ ਤੋਂ ਇਲਾਵਾ ਇਥੇ ਮੌਜੂਦ ਵੱਡ ਅਕਾਰੀ ਪਾਰਕ ਅਤੇ ਆਸ-ਪਾਸ ਦੀਆਂ ਉੱਚੀਆਂ ਬਰਫ਼ੀਲੀਆਂ ਚੋਟੀਆਂ ਤੋਂ ਚਾਂਦੀ ਰੰਗੇ ਪਾਣੀ ਦੇ ਛਮ-ਛਮ ਵਗਦੇ ਝਰਨੇ ਅਤੇ ਸ਼ੌਕੀਨਾਂ ਵਲੋਂ ਆਯੋਜਤ ਸੰਗੀਤਕ ਗਤੀਵਿਧੀਆਂ ਕਾਰਨ ਇਸ ਸ਼ਹਿਰ ਨੂੰ ਕੈਨੇਡਾ ਦੀ ‘ਸੰਗੀਤ ਦੀ ਰਾਜਧਾਨੀ’ ਵਜੋਂ ਵੀ ਜਾਣਿਆ ਜਾਂਦਾ ਹੈ।