
ਸੜਕ ਹਾਦਸੇ ਵਿਚ ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਤ
ਅਬੋਹਰ, 8 ਫ਼ਰਵਰੀ (ਤੇਜਿੰਦਰ ਸਿੰਘ ਖ਼ਾਲਸਾ): ਅਬੋਹਰ-ਮਲੋਟ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਬੱਲੂਆਣਾ ਕੋਲ ਅੱਜ ਸਵੇਰੇ ਇਕ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਸਿਆ ਜਾ ਰਿਹਾ ਹੈ ਮ੍ਰਿਤਕ ਪੁਲਿਸ ਮੁਲਾਜ਼ਮ ਇਕ 4 ਸਾਲ ਬੱਚੇ ਦਾ ਪਿਤਾ ਸੀ। ਇਸ ਹਾਦਸੇ ਦੀ ਖ਼ਬਰ ਸੁਣਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਬਕੈਣਵਾਲਾ ਵਾਸੀ ਤੇ ਫ਼ਾਜ਼ਿਲਕਾ ਪੁਲਿਸ ਵਿਚ ਤੈਨਾਤ ਗਗਨਪ੍ਰੀਤ ਸਿੰਘ ਉਮਰ ਕਰੀਬ 32 ਸਾਲ ਅੱਜ ਸਵੇਰੇ ਕਰੀਬ 5 ਵਜੇ ਅਪਣੇ ਦੋਸਤ ਜਗਮੀਤ ਸਿੰਘ ਨਾਲ ਬਠਿੰਡਾ ਤੋਂ ਕਾਰ ਤੇ ਆ ਰਹੇ ਸਨ ਜਦ ਉਨ੍ਹਾਂ ਦੀ ਕਾਰ ਬੱਲੂਆਣਾ ਤੋਂ ਇਕ ਕਿਲੋਮੀਟਰ ਪਿਛੇ ਪੁੱਜੀ ਤਾਂ ਇਕ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਉਨ੍ਹਾਂ ਦੀ ਕਾਰ ਸੜਕ ਕੰਢੇ ਲੱਗੇ ਦਰੱਖ਼ਤ ਵਿਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪੜਖੱਚੇ ਉੱਡ ਗਏ ਅਤੇ ਦੋਹਾਂ ਨੌਜਵਾਨਾਂ ਦੀ ਮੋਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਅਬੋਹਰ ਦਿਹਾਤੀ ਦੇ ਡੀ.ਐਸ.ਪੀ. ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ਾਂ ਨੂੰ ਬਾਹਰ ਕਢਵਾ ਕੇ ਜਾਂਚ ਆਰੰਭ ਦਿਤੀ ਹੈ।
ਕੈਪਸ਼ਨ : ਸੜਕ ਹਾਦਸੇ ਵਿਚ ਨੁਕਸਾਨੀ ਕਾਰ ਅਤੇ ਮ੍ਰਿਤਕ ਨੌਜਵਾਨ ਦੀ ਫ਼ਾਈਲ ਤਸਵੀਰ।
ਫੋਟੋ ਫਾਈਲ : ਅਬੋਹਰ-ਖਾਲਸਾ 8-5