
ਅਸਲੀ ਹਿੰਦੂ ਧਰਮ ਨੂੰ ਨਹੀਂ ਮੰਨਦੀ ਭਾਜਪਾ : ਮਮਤਾ
ਕਿਹਾ, ਯੋਗੀ ਦੁਬਾਰਾ ਆਇਆ ਤਾਂ ਤੁਹਾਨੂੰ ਸਾਰਿਆਂ ਨੂੰ ਖਾ ਜਾਵੇਗਾ
ਲਖਨਊ, 8 ਫ਼ਰਵਰੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤਿ੍ਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਝੂਠ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਪਾਰਟੀ ਧਰਮ ਨੂੰ ਵੀ ਗ਼ਲਤ ਰੂਪ ਦਿੰਦੀ ਹੈ ਅਤੇ ਉਹ ਅਸਲੀ ਹਿੰਦੂ ਧਰਮ ਨੂੰ ਨਹੀਂ ਮੰਨਦੀ | ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ ਦਾ ਸਮਰਥਨ ਕਰਨ ਰਹੀ ਮਮਤਾ ਨੇ ਮੰਗਲਵਾਰ ਨੂੰ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫ਼ੰਰਸ 'ਚ ਭਾਜਪਾ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ, ''ਭਾਜਪਾ ਦੀ ਰਾਜਨੀਤੀ ਝੂਠੀ ਹੈ | ਉਹ ਧਰਮ ਨੂੰ ਵੀ ਗ਼ਲਤ ਰੂਪ ਦਿੰਦੀ ਹੈ | ਉਹ ਅਸਲੀ ਹਿੰਦੂ ਧਰਮ ਨੂੰ ਨਹੀਂ ਮੰਨਦੀ |''
ਮਮਤਾ ਨੇ ਪ੍ਰਦੇਸ਼ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ, ''ਭਾਜਪਾ ਪੂਰੇ ਹਿੰਦੁਸਤਾਨ ਲਈ ਖ਼ਤਰਾ ਬਣ ਗਈ ਹੈ | ਜੇਕਰ ਤੁਸੀਂ ਇਸ ਖ਼ਤਰੇ ਨੂੰ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਡੇ ਪੈਰਾਂ 'ਤੇ ਖੜੇ ਹੋਣਾ ਪਵੇਗਾ | ਜੇਕਰ ਤੁਸੀਂ ਸਾਰੇ ਲੋਕ ਇਕਜੁਟ ਹੋ ਜਾਉਗੇ ਤਾਂ ਭਾਜਪਾ ਹਾਰ ਜਾਵੇਗੀ | ਭਾਜਪਾ ਨਾਲ ਇਥੇ ਵੀ ਖੇਲਾ ਹੋਬੇ | ਜੇਕਰ ਤੁਸੀਂ ਉਸ ਨੂੰ ਯੂਪੀ ਤੋਂ ਹਟਾ ਦਿਉ ਤਾਂ ਅਸੀਂ ਉਸ ਨੂੰ ਦੇਸ਼ ਤੋਂ ਹਟਾ ਦਿਆਂਗੇ, ਇਹ ਸਾਡਾ ਵਾਅਦਾ ਹੈ |''
ਟੀਐਮਸੀ ਮੁਖੀ ਨੇ ਕਿਹਾ, ''ਯੂਪੀ ਅਤੇ ਬੰਗਾਲ ਇਕ ਹੋ ਜਾਣਗੇ ਅਤੇ ਸਾਰੇ ਸੂਬੇ ਤੇ ਪਾਰਟੀਆਂ ਮਿਲ ਕੇ ਦਿੱਲੀ ਤੋਂ ਭਾਜਪਾ ਦੀ ਸਰਕਾਰ ਹਟਾਉਣਗੀਆਂ, ਇਹ ਸਾਡਾ ਵਾਅਦਾ ਹੈ |'' ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਹਮਲਾ ਕਰਦੇ ਹੋਏ ਕਿਹਾ,''ਯੋਗੀ ਜੇਕਰ ਦੁਬਾਰਾ ਆ ਜਾਣਗੇ ਤਾਂ ਤੁਹਾਨੂੰ ਸਾਰਿਆਂ ਨੂੰ ਪੂਰਾ ਖਾ ਜਾਣਗੇ | ਰਾਜਨੀਤੀ ਵਜੋਂ, ਅਰਥ ਨੀਤੀ ਵਜੋਂ ਹਰ ਥਾਂ 'ਤੇ ਇਸ ਨੂੰ ਕੁੱਝ ਨਹੀਂ ਆਉਂਦਾ, ਇਸ ਲਈ ਇਸ ਨੂੰ ਜਾਣ ਦਿਉ |'' ਮਮਤਾ ਨੇ ਬਿਨਾਂ ਨਾਮ ਲਏ ਕਿਹਾ 'ਚੋਣਾਂ ਦੇ ਸਮੇਂ ਕੋਈ ਸੰਤ ਬਣ ਜਾਂਦਾ ਹੈ | ਚੋਣ ਸਮੇਂ ਸੰਤ ਬਣਨ ਵਾਲਾ ਅਸਲੀ ਸੰਤ ਨਹੀਂ ਹੁੰਦਾ | ਅਸਲੀ ਸੰਤ ਤਾਂ 365 ਦਿਨ ਜਨਤਾ ਲਈ ਸੰਤ ਬਣਦਾ ਹੈ | (ਏਜੰਸੀ)