
ਮੁੱਖ ਮੰਤਰੀ ਚੰਨੀ ਨੇ ‘ਸੇਵਾ ਸਦਨ’ ਪਹੁੰਚ ਕੇ ਬੀਰ ਦਵਿੰਦਰ ਸਿੰਘ ਦੀ ਸਿਹਤ ਦਾ ਹਾਲ-ਚਾਲ ਪੁਛਿਆ
ਐਸ.ਏ.ਐਸ ਨਗਰ, 8 ਫ਼ਰਵਰੀ (ਸੁਖਦੀਪ ਸਿੰਘ ਸੋਈਂ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕਲ ਪਟਿਆਲਾ ਜ਼ਿਲ੍ਹੇ ਦੇ ਚੋਣ ਦੌਰੇ ’ਤੇ ਸਨ, ਅਪਣੇ ਨਿੱਤ ਦੇ ਰੁਝੇਵੇ ਭੁਗਤਾ ਕੇ ਰਾਤ 9 ਵਜੇ ਦੇ ਕਰੀਬ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਮਾਡਲ ਟਾਊਨ ਸਥਿਤ ਨਿਵਾਸ ‘ਸੇਵਾ ਸਦਨ’ ਪਹੁੰਚੇ ਅਤੇ ਬੀਰ ਦਵਿੰਦਰ ਸਿੰਘ ਜਿਨ੍ਹਾਂ ਦੀ ਕਿ 21 ਦਸੰਬਰ 2022 ਨੂੰ, ਫ਼ੋਰਟਿਸ ਹਸਪਤਾਲ ਮੁਹਾਲੀ ਵਿਚ, ਦਿਲ ਦੀ ਬਾਈਪਾਸ ਸਰਜਰੀ ਹੋਈ ਸੀ, ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਅਤੇ ਪੰਜਾਬ ਦੇ ਰਾਜਨੀਤਕ ਘਟਨਾਕ੍ਰਮ ਬਾਰੇ ਬੰਦ ਕਮਰੇ ਵਿਚ ਲੰਮੀ ਮੁਲਾਕਾਤ ਕੀਤੀ। ਉਪਰੰਤ ਦੋਹਾਂ ਨੇਤਾਵਾਂ ਨੇ ਅਪਣੀ ਮਨਪਸੰਦ ਦਾ ਸਾਦਾ ਭੋਜਨ, ਸਾਗ ਅਤੇ ਮੱਕੀ ਦੀ ਰੋਟੀ ਦਾ ਅਨੰਦ ਵੀ ਮਾਣਿਆ।
ਜ਼ਿਕਰਯੋਗ ਹੈ ਕਿ ਬੀਰ ਦਵਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਸੀ ਰਿਸ਼ਤੇ ਬਹੁਤ ਗੂੜ੍ਹੇ ਹਨ। ਜਦੋਂ ਬੀਰ ਦਵਿੰਦਰ ਸਿੰਘ ਸਾਲ 2002 ਵਿਚ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਜਿੱਤ ਕੇ ਪੰਜਾਬ ਦੇ ਡਿਪਟੀ ਸਪੀਕਰ ਬਣੇ ਸਨ, ਉਸ ਵੇਲੇ ਚਰਨਜੀਤ ਸਿੰਘ ਚੰਨੀ ਨੇ ਖਰੜ ਸ਼ਹਿਰ ਅਤੇ ਦਿਹਾਤੀ ਇਲਾਕੇ ਵਿਚ ਬੀਰ ਦਵਿੰਦਰ ਸਿੰਘ ਦੀ ਚੋਣ ਮੁਹਿੰਮ ਬੜੇ ਸੁਚਾਰੂ ਢੰਗ ਨਾਲ ਚਲਾਈ ਸੀ ਅਤੇ ਉਸ ਦਰਮਿਆਨ ਹੀ ਚਰਨਜੀਤ ਸਿੰਘ ਚੰਨੀ ਨੂੰ ਖਰੜ ਮਿਊਂਸਪਲ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਜਿਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਸੇਵਾ ਸਦਨ’ ਪਹੁੰਚ ਕੇ ਸਰਦਾਰ ਬੀਰ ਦਵਿੰਦਰ ਸਿੰਘ ਦੀ ਸਿਹਤ ਦਾ ਹਾਲ-ਚਾਲ ਜÇਾਣਆ ਉਸ ਵੇਲੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਵਿਸ਼ਨੂ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ, ਪ੍ਰੰਤੂ ਉਹ ਬੰਦ ਕਮਰਾ ਵਿਚਾਰ-ਵਟਾਂਦਰੇ ਦਾ ਹਿੱਸਾ ਨਹੀਂ ਸਨ।
ਮੁੱਖ ਮੰਤਰੀ ਚੰਨੀ ਨੇ ਕੋਈ ਲਗਭਗ ਡੇਢ ਘੰਟਾ ਬੀਰ ਦਵਿੰਦਰ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਗੁਜ਼ਾਰਿਆ ਅਤੇ ਬੀਰ ਦਵਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਪਾਸੋਂ ਵੀ ਆਉਣ ਵਾਲੇ ਸਮੇਂ ਲਈ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਬੀਰ ਦਵਿੰਦਰ ਸਿੰਘ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ।