
ਕਾਂਗਰਸ ਨੇ ਜਾਣ-ਬੁੱਝ ਕੇ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ 'ਤੇ ਨਹੀਂ ਕੀਤੀ ਕਾਰਵਾਈ : ਭਗਵੰਤ ਮਾਨ
ਕਿਹਾ, ਰੱਬ ਦਾ ਨਾਂਅ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ 'ਚ ਵੀ ਚੋਣ ਲੜ ਰਹੇ ਹਨ
ਕੋਟਕਪੂਰਾ, 8 ਫ਼ਰਵਰੀ (ਗੁਰਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕੋਟਕਪੂਰਾ ਅਤੇ ਫ਼ਰੀਦਕੋਟ ਸ਼ਹਿਰਾਂ ਸਮੇਤ ਦੋਵੇਂ ਹਲਕਿਆਂ ਦੇ ਵੱਖ-ਵੱਖ ਪਿੰਡਾਂ ਵਿਚ ਦੋ ਰੋਜ਼ਾ ਦੌਰੇ ਦੌਰਾਨ ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕੀਤੇ | ਭਗਵੰਤ ਮਾਨ ਨੇ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਣ-ਬੁੱਝ ਕੇ ਬਰਗਾੜੀ, ਬੇਅਦਬੀ ਸਮੇਤ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ | ਕਾਂਗਰਸ ਦਾ ਮਕਸਦ ਸਿਰਫ਼ ਇਸ ਦਾ ਰਾਜਨੀਤਕ ਲਾਭ ਲੈਣਾ ਸੀ |
ਪੰਜਾਬ ਦੀਆਂ ਵੱਖ-ਵੱਖ ਧਾਰਮਕ ਥਾਵਾਂ 'ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਭਗਵੰਤ ਮਾਨ ਨੇ ਕਿਹਾ ਕਿ ਜੇ ਪਹਿਲੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਤੀ ਹੁੰਦੀ ਤਾਂ ਫਿਰ ਤੋਂ ਬੇਅਦਬੀ ਕਰਨ ਦੀ ਕਿਸੇ ਦੀ ਹਿੰਮਤ ਨਾ ਪੈਂਦੀ | ਉਨ੍ਹਾਂ ਕਿਹਾ ਕਿ ਕਮਜ਼ੋਰ ਅਤੇ ਨਿਕੰਮੀ ਚੰਨੀ ਸਰਕਾਰ ਕਾਰਨ ਪੰਜਾਬ ਦੀ ਕਾਨੂੰਨ ਵਿਵਸਥਾ ਖ਼ਰਾਬ ਹੋਈ ਹੈ ਅਤੇ ਰਾਜ 'ਚ ਫਿਰ ਤੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ | ਉਨ੍ਹਾਂ ਲੋਕਾਂ ਨੂੰ 'ਆਪ' ਉਮੀਦਵਾਰਾਂ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ ਅਤੇ ਫ਼ਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਕਈ ਥਾਵਾਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ | ਲੋਕਾਂ 'ਚ ਭਗਵੰਤ ਮਾਨ ਪ੍ਰਤੀ ਭਾਰੀ ਉਤਸ਼ਾਹ ਸੀ | ਭਾਰੀ ਗਿਣਤੀ 'ਚ ਲੋਕ ਭਗਵੰਤ ਮਾਨ ਨੂੰ ਸੁਣਨ ਲਈ ਅਪਣੇ ਘਰਾਂ ਤੋਂ ਨਿਕਲੇ | ਥਾਂ-ਥਾਂ ਫੁੱਲ ਬਰਸਾ ਕੇ ਅਤੇ ਹਾਰ ਪਾ ਕੇ ਲੋਕਾਂ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ ਅਤੇ ਜਿੱਤ ਲਈ ਸ਼ੁਭ ਕਾਮਨਾਵਾਂ ਦਿਤੀਆਂ |
ਭਗਵੰਤ ਮਾਨ ਨੇ ਅਕਾਲੀ ਦਲ ਅਤੇ ਬਾਦਲ ਪ੍ਰਵਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ | ਇਸ ਵਾਰ ਬਾਦਲ ਪ੍ਰਵਾਰ ਦੀ ਰਾਜਨੀਤੀ ਦਾ ਅੰਤ ਹੋਣ ਵਾਲਾ ਹੈ | ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ 'ਚ ਲੋਕਾਂ ਕੋਲੋਂ ਸੇਵਾ ਕਰਨ ਦਾ ਇਕ ਹੋਰ ਮੌਕਾ ਮੰਗ ਰਹੇ ਹਨ, 94 ਸਾਲ ਦੀ ਉਮਰ 'ਚ ਲੋਕ ਰੱਬ ਦਾ ਨਾਂਅ ਲੈਂਦੇ ਹਨ ਅਤੇ ਘਰ ਦੇ ਛੋਟੇ ਬੱਚਿਆਂ ਨਾਲ ਹਸਦੇ-ਖੇਡਦੇ ਹਨ ਪਰ ਸੱਤਾ ਅਤੇ ਪ੍ਰਵਾਰ ਦੇ ਮੋਹ 'ਚ ਰੱਬ ਦਾ ਨਾਂਅ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ 'ਚ ਵੀ ਚੋਣ ਲੜ ਰਹੇ ਹਨ |