
ਕਿਸਾਨ ਅਪਣੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਜ਼ਰੂਰ ਪਾਉਣ ਵੋਟ : ਰਾਕੇਸ਼ ਟਿਕੈਤ
ਸਹਾਰਨਪੁਰ, 8 ਫ਼ਰਵਰੀ : ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਹਿਤਾਂ ਨੂੰ ਧਿਆਨ ਵਿਚ ਰਖਦੇ ਹੋਏ ਵੋਟਿੰਗ ਜ਼ਰੂਰ ਕਰਨ। ਟਿਕੈਤ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਮਹੱਤਵਪੂਰਨ ਚੋਣਾਂ ਵਿਚ ਖ਼ੁਦ ਨੂੰ ਸਿਆਸੀ ਦਲਾਂ ਤੋਂ ਇਕ ਸਮਾਨ ਪੂਰੀ ਰਖਦੇ ਹੋਏ ਅਪਣੀ ਭੂਮਿਕਾ ਨਿਭਾ ਰਿਹਾ ਹੈ, ਹਾਲਾਂਕਿ 13 ਮਹੀਨੇ ਤਕ ਚਲੇ ਕਿਸਾਨ ਅੰਦੋਲਨ ਦੇ ਸੀਨੀਅਰ ਨੇਤਾ ਟਿਕੈਤ ਪਛਮੀ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਕਿਸਾਨਾਂ ਵਿਚਾਲੇ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਅਪੀਲ ਕਰ ਰਹੇ ਹਨ ਕਿ ਕਿਸਾਨ ਸਾਰੇ ਕੰਮ ਛੱਡ ਕੇ ਜ਼ਰੂਰ ਵੋਟ ਕਰਨ ਜਾਣ। ਵੋਟਾਂ ਵਾਲੇ ਦਿਨ ਕੋਈ ਵੀ ਕਿਸਾਨ ਘਰ ਅਤੇ ਖੇਤ ਵਿਚ ਨਾ ਬੈਠੋ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲੋਕਤੰਤਰ ਦਾ ਮੁੱਖ ਤਿਉਹਾਰ ਹੈ। ਕਿਸਾਨਾਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਕਿਸਾਨ ਸੋਚ ਸਮਝ ਕੇ ਕਿਸਾਨ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਵੋਟਿੰਗ ਕਰਨ। ਕਿਸਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਹੈ ਅਤੇ ਕਿਹੜੀ ਪਾਰਟੀ ਉਨ੍ਹਾਂ ਦੇ ਹਿਤਾਂ ਵਿਰੁਧ ਕੰਮ ਕਰਦੀ ਹੈ ਅਤੇ ਕਿਹੜੀ ਪਾਰਟੀ ਕਿਸਾਨ ਹਿਤਾਂ ਦੀ ਪੈਰੋਕਾਰ ਹੈ। ਟਿਕੈਤ ਨੇ ਕਿਹਾ ਕਿ ਉਹ ਕਿਸੇ ਵੀ ਰਾਜਨੀਤਕ ਦਲ ਦਾ ਸਮਰਥਨ ਜਾਂ ਵਿਰੋਧ ਨਹੀਂ ਕਰਦੇ ਹਨ। ਉਹ ਮੰਨਦੇ ਹਨ ਕਿ ਕਿਸਾਨ ਇੰਨਾ ਜਾਗਰੂਕ ਹੋ ਗਿਆ ਹੈ ਕਿ ਉਹ ਜਾਣਦਾ ਹੈ ਕਿ ਕਿਹੜਾ ਉਸ ਦੇ ਹਿਤ ਵਿਚ ਚੰਗਾ ਹੈ ਅਤੇ ਉਨ੍ਹਾਂ ਦੇ ਹਿਤਾਂ ਵਿਰੁਧ ਕੰਮ ਕਰਦਾ ਹੈ। (ਪੀ.ਟੀ.ਆਈ)