
ਨਾਬਾਲਗ਼ ਕੁੜੀ ਨਾਲ ਸਮੂਹਕ ਬਲਾਤਕਾਰ
ਰੀਵਾ, 8 ਫ਼ਰਵਰੀ : ਮੱਧ ਪ੍ਰਦੇਸ਼ ’ਚ ਰੀਵਾ ਜ਼ਿਲ੍ਹੇ ਦੇ ਇਕ ਪਿੰਡ ’ਚ 2 ਨਾਬਾਲਗਾਂ ਸਮੇਤ ਤਿੰਨ ਲੋਕਾਂ ਨੇ 17 ਸਾਲਾ ਇਕ ਆਦਿਵਾਸੀ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਸਮੂਹਕ ਜਬਰ ਜਿਨਾਹ ਕੀਤਾ ਅਤੇ ਦੰਦਾਂ ਨਾਲ ਉਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਕਟਿਆ। ਐਡੀਸ਼ਨਲ ਪੁਲਿਸ ਸੁਪਰਡੈਂਟ ਸ਼ਿਵ ਕੁਮਾਰ ਵਰਮਾ ਨੇ ਮੰਗਲਵਾਰ ਨੂੰ ਦਸਿਆ ਕਿ ਇਹ ਘਟਨਾ ਰੀਵਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 80 ਕਿਲੋਮੀਟਰ ਦੂਰ ਹਨੂੰਮਨਾ ਪੁਲਿਸ ਥਾਣਾ ਖੇਤਰ ’ਚ ਐਤਵਾਰ ਰਾਤ ਵਾਪਰੀ ਅਤੇ ਸੋਮਵਾਰ ਨੂੰ ਪੁਲਿਸ ’ਚ ਇਸ ਦੀ ਸ਼ਿਕਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਅਪਣੀ ਭੈਣ ਨਾਲ ਮੇਲੇ ਤੋਂ ਪਰਤ ਰਹੀ ਕੁੜੀ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰ ਲਿਆ ਸੀ ਅਤੇ ਉਹ ਉਸ ਨੂੰ ਜੰਗਲ ’ਚ ਲੈ ਗਏ, ਜਿਥੇ ਤਿੰਨਾਂ ਨੇ ਉਸ ਨਾਲ ਜਬਰ ਜਿਨਾਹ ਕੀਤਾ। ਦੋਸ਼ੀਆਂ ’ਚ 2 ਨਾਬਾਲਗ ਮੁੰਡੇ ਹਨ ਅਤੇ ਇਕ ਦੋਸ਼ੀ ਸ਼ਿਵਕਰਨ ਗੋੜ (22) ਹੈ।
ਵਰਮਾ ਨੇ ਦਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਪੀੜਤਾਂ ਨਾਲ ਕੁੱਟਮਾਰ ਕੀਤੀ ਅਤੇ ਅਪਣੇ ਦੰਦਾਂ ਨਾਲ ਉਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਕੱਟ ਦਿਤਾ। ਉਨ੍ਹਾਂ ਨੇ ਪੀੜਤਾ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ। ਉਨ੍ਹਾਂ ਕਿਹਾ ਕਿ ਪੀੜਤਾ ਐਤਵਾਰ ਦੇਰ ਰਾਤ ਦੋਸ਼ੀਆਂ ਦੇ ਕਬਜ਼ੇ ਤੋਂ ਛੁੱਟ ਕੇ ਅਪਣੇ ਇਕ ਰਿਸ਼ਤੇਦਾਰ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਆਪਬੀਤੀ ਸੁਣਾਈ। ਇਸ ਤੋਂ ਬਾਅਦ ਸੋਮਵਾਰ ਸਵੇਰੇ ਉਹ ਅਪਣੇ ਪ੍ਰਵਾਰ ਵਾਲਿਆਂ ਨਾਲ ਹਨੂੰਮਨਾ ਪੁਲਿਸ ਥਾਣੇ ਪਹੁੰਚੀ ਅਤੇ ਮਾਮਲਾ ਦਰਜ ਕਰਵਾਇਆ। ਵਰਮਾ ਨੇ ਦਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿਰੁਧ ਸਮੂਹ ਜਬਰ ਜਿਨਾਹ ਸਮੇਤ ਆਈ.ਪੀ.ਸੀ. ਦੀਆਂ ਹੋਰ ਸਬੰਧਤ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਜਾਂਚ ’ਚ ਪੀੜਤਾ ਨਾਲ ਸਮੂਹਕ ਜਬਰ ਜਿਨਾਹ ਦੀ ਪੁਸ਼ਟੀ ਹੋਈ ਹੈ। (ਏਜੰਸੀ)