
ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ।
ਲੁਧਿਆਣਾ: ਹਲਕਾ ਆਤਮਨਗਰ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਹੋਏ ਝੜਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। 307 ਦਾ ਪਰਚਾ ਦਰਜ ਹੋਣ ਮਗਰੋਂ ਪੁਲਿਸ ਨੇ ਬੀਤੇ ਦਿਨ ਉਹਨਾਂ ਨੂੰ ਲੁਧਿਆਣਾ ਬਾਰ ਰੂਮ ਤੋਂ ਹਿਰਾਸਤ ਵਿਚ ਲਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਬੈਂਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਿਮਰਜੀਤ ਬੈਂਸ ਨੂੰ ਜਾਂਚ ਵਿਚ ਸਹਿਯੋਗ ਦੇਣ ਦਾ ਭਰੋਸਾ ਲੈਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ।
ਰਿਹਾਅ ਹੋਣ ਮਗਰੋਂ ਬੈਂਸ ਨੇ ਲਾਈਵ ਹੋ ਕੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਅਪੀਲ ਕੀਤੀ ਕਿ ਵਰਕਰ ਕਿਸੇ ਲਈ ਅਪਣੇ ਵਿਚ ਦੁਸ਼ਮਣੀ ਪੈਦਾ ਨਾ ਕਰਨ। ਬੈਂਸ ਨੇ ਕਿਹਾ ਕਿ ਉਹ ਹਮੇਸ਼ਾਂ ਅਪਣੇ ਵਰਕਰਾਂ ਲਈ ਡਟੇ ਰਹਿਣਗੇ ਅਤੇ ਜੇਕਰ ਵਰਕਰਾਂ ਨੂੰ ਖਰੋਚ ਵੀ ਆਈ ਤਾਂ ਪਹਿਲਾਂ ਉਹ ਅਪਣੀ ਗਰਦਨ ਕਟਵਾਉਣਗੇ।
ਉਹਨਾਂ ਕਿਹਾ ਕਿ ਵਿਰੋਧੀਆਂ ਦੀ ਮਨਸ਼ਾ ਸਾਡੀ ਚੋਣ ਮੁਹਿੰਮ ਵਿਚ ਰੁਕਾਵਟ ਪੈਦਾ ਕਰਨਾ ਸੀ। ਉਹਨਾਂ ਕਿਹਾ, “ਬੈਂਸ ਕਦੀ ਵੀ ਲੁਕਦਾ ਨਹੀਂ ਹੈ, ਨਾ ਹੀ ਬੈਂਸ ’ਤੇ ਪਹਿਲੀ ਵਾਰ ਝੂਠਾ ਮੁਕੱਦਮਾ ਹੋਇਆ ਹੈ। ਸੱਚਾਈ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ”। ਇਸ ਮੌਕੇ ਬੈਂਸ ਨੇ ਚੋਣ ਕਮਿਸ਼ਨ ਅਤੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ। ਉਹਨਾਂ ਨੇ ਵਰਕਰਾਂ ਨੂੰ ਸ਼ਾਂਤਮਈ ਪ੍ਰਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕੋਈ ਆ ਕੇ ਗੁੰਡਾਗਰਦੀ ਕਰੇਗਾ, ਉੱਥੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ।