
ਛੱਤੀਸਗੜ੍ਹ ’ਚ ਨਕਸਲੀਆਂ ਵਲੋਂ ਧਮਾਕਾ, ਚਾਰ ਜਵਾਨ ਜ਼ਖ਼ਮੀ
ਬੀਜਾਪੁਰ, 8 ਫ਼ਰਵਰੀ : ਰਾਜ ਦੇ ਬੀਜਾਪੁਰ ਜ਼ਿਲ੍ਹੇ ’ਚ ਨਕਸਲਵਾਦੀਆਂ ਵਲੋਂ ਕੀਤੇ ਗਏ ਆਈ.ਈ.ਡੀ. ਧਮਾਕੇ ’ਚ ਮੰਗਲਵਾਰ ਨੂੰ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ਼.) ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਬਸਤਰ ਰੇਂਜ ਦੇ ਪੁਲਿਸ ਜਨਰਲ ਇੰਸਪੈਕਟਰ ਸੁੰਦਰਰਾਜ ਪੀ ਨੇ ਦਸਿਆ ਕਿ ਇਹ ਘਟਨਾ ਮੋਦਕਪਾਲ ਥਾਣਾ ਖੇਤਰ ਦੇ ਮੁਰਕਿਨਾਰ ਰੋਡ ’ਤੇ ਦੁਪਹਿਰ ਕਰੀਬ 3 ਵਜੇ ਵਾਪਰੀ। ਘਟਨਾ ਦੇ ਸਮੇਂ ਸੀ.ਆਰ.ਪੀ.ਐਫ਼. ਦੀ 153ਵੀਂ ਬਟਾਲੀਅਨ ਖੇਤਰ ’ਚ ਇਕ ਮੁਹਿੰਮ ’ਤੇ ਸੀ। ਉਨ੍ਹਾਂ ਦਸਿਆ ਕਿ ਚਿੰਨਾਕੋਦੇਪਾਲ ਕੰਪਲੈਕਸ ਤੋਂ ਮੁਹਿੰਮ ਸ਼ੁਰੂ ਕਰ ਕੇ ਇਸ ਗਸ਼ਤੀ ਦਲ ਨੇ ਮੁਰਕਿਨਾਰ ਰੋਡ ਨਾਲ ਲੱਗੇ ਜੰਗਲਾਂ ਨੂੰ ਘੇਰ ਲਿਆ ਸੀ, ਉਸੇ ਦੌਰਾਨ ਨਕਸਲੀਆਂ ਨੇ ਆਈ.ਈ.ਡੀ. ਧਮਾਕਾ ਕੀਤਾ, ਜਿਸ ’ਚ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਬੀਜਾਪੁਰ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। (ਏਜੰਸੀ)