
ਜੰਮੂ ਕਸ਼ਮੀਰ ’ਚ ਬਾਰਡਰ ਬਟਾਲੀਅਨ ਭਰਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ
ਹਿਰਾਸਤ ’ਚ ਲਏ ਗਏ 50 ਤੋਂ ਵਧ
ਜੰਮੂ, 8 ਫ਼ਰਵਰੀ : ਜੰਮੂ ਕਸ਼ਮੀਰ ’ਚ ਪੁਲਿਸ ਬਾਰਡਰ ਬਟਾਲੀਅਨ ਦੇ ਸੈਂਕੜੇ ਉਮੀਦਵਾਰਾਂ ਨੇ ਮੰਗਲਵਾਰ ਨੂੰ ਨੌਕਰੀਆਂ ਦੀ ਮੰਗ ਨੂੰ ਲੈ ਕੇ ਇਥੇ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖਣ ਜੰਮੂ ਨੂੰ ਪੁਰਾਣੇ ਸ਼ਹਿਰ ਨਾਲ ਜੋੜਨ ਵਾਲੀ ਤਵੀ ਨਦੀ ’ਤੇ ਬਣੇ ਮੁੱਖ ਪੁਲ ਨੂੰ ਜਾਮ ਕਰ ਦਿਤਾ, ਜਿਸ ਨਾਲ ਆਮ ਜਨਜੀਵਨ ਪ੍ਰਭਾਵਤ ਹੋਇਆ। ਇਸ ਵਿਚ ਪ੍ਰਦਰਸ਼ਨ ਕਰ ਰਹੇ 50 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਸਾਲ ਪਹਿਲਾਂ ਬਾਰਡਰ ਬਟਾਲੀਅਨ ’ਚ ਭਰਤੀ ਲਈ ਅਪਲਾਈ ਕੀਤਾ ਸੀ ਪਰ ਅੱਜ ਤਕ ਉਸ ਦੀ ਲਿਖਤੀ ਪ੍ਰੀਖਿਆ ਨਹੀਂ ਹੋਈ।
ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਬਾਰਡਰ ਬਟਾਲੀਅਨ ’ਚ ਭਰਤੀ ਦੀ ਚਾਹਵਾਨ ਔਰਤਾਂ ਸਮੇਤ ਸੈਂਕੜੇ ਨੌਜਵਾਨ ਡੋਗਰਾ ਚੌਕ ’ਤੇ ਇਕੱਠੇ ਹੋਏ ਅਤੇ ਬਾਅਦ ਵਿਚ ਜੰਮੂ ਹਵਾਈ ਅੱਡਾ ਜਾਣ ਵਾਲੇ ਤਵੀ ਪੁਲ ਨੂੰ ਕਰੀਬ 2 ਘੰਟੇ ਤਕ ਜਾਮ ਰਖਿਆ। ਇਕ ਪ੍ਰਦਰਸ਼ਨਕਾਰੀ ਨੇ ਕਿਹਾ,‘‘ਅਸੀਂ ਲਿਖਤੀ ਪ੍ਰੀਖਿਆ ਦੀ ਉਡੀਕ ਕਰ ਰਹੇ ਹਾਂ। ਸਾਡੇ ਵਾਰ-ਵਾਰ ਅਪੀਲ ਕਰਨ ਵਾਲੇ ਬਾਵਜੂਦ ਪ੍ਰਸ਼ਾਸਨ ਨੇ ਪ੍ਰੀਖਿਆ ਲਈ ਕੋਈ ਨੋਟੀਫ਼ੀਕੇਸ਼ਨ ਜਾਰੀ ਨਹੀਂ ਕੀਤੀ।’’ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਉਨ੍ਹਾਂ ਦੀ ਸਥਿਤੀ ਨੂੰ ਨਜ਼ਰਅੰਦਾਜ ਕਰ ਕੇ ਹੋਰ ਸਮੱਸਿਆਵਾਂ ਨੂੰ ਲੈ ਕੇ ਟਵੀਟ ਕਰਨ ’ਤੇ ਜੰਮ ਕੇ ਫਟਕਾਰ ਲਗਾਈ। ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ,‘‘ਅਸੀਂ ਅਪਣੇ ਅਧਿਕਾਰ ਲਈ ਲੜ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਲਿਖਤੀ ਪ੍ਰੀਖਿਆ ਜਲਦ ਹੋਵੇ ਪਰ ਜਮੀਨ ’ਤੇ ਕੁੱਝ ਦਿਖਾਈ ਨਹੀਂ ਦੇ ਰਿਹਾ ਹੈ।’’
(ਏਜੰਸੀ)